ਫਿਰੋਜ਼ਪੁਰ: 'ਜੁੱਤੀ ਕਸੂਰੀ ਪੈਰੀ ਨਾ ਪੂਰੀ...' ਇਹ ਤੁੱਕਾਂ ਜ਼ਹਿਨ ਅੰਦਰ ਆਉਂਦੇ ਹੀ ਦਿਮਾਗ ਅਤੇ ਅੱਖਾਂ ਅੱਗੇ ਪੰਜਾਬੀ ਜੁੱਤੀ ਦੀ ਤਸਵੀਰ ਬਣ ਜਾਂਦੀ ਹੈ। ਦੱਸ ਦਈਏ ਕਿ ਇਹ ਕਸੂਰੀ ਜੁੱਤੀ ਕਿਸੇ ਸਮੇਂ ਪਾਕਿਸਤਾਨ ਤੋਂ ਚੱਲਦੀ ਆ ਰਹੀ ਪੰਜਾਬੀਆਂ ਦੀ ਵੀ ਪਹਿਲੀ ਪਸੰਦ ਬਣੀ ਅਤੇ ਇਹ ਪੰਜਾਬੀ ਵਿਰਸੇ ਦਾ ਵੀ ਅੰਗ ਬਣੀ ਪਰ, ਬਦਲਦੇ ਜ਼ਮਾਨੇ ਦੇ ਨਾਲ ਪਾਕਿਸਤਾਨ ਦੀ ਮਸ਼ਹੂਰ ਧੌੜੀ ਜੁੱਤੀ ਲੁਪਤ ਹੁੰਦੀ ਜਾ ਰਹੀ ਹੈ। ਇਸ ਜੁੱਤੀ ਨੂੰ ਖੋਸੜਾ, ਪੰਜਾਬੀ ਜੁੱਤੀ ਤੇ ਚਰਨਦਾਸੀ ਆਦਿ ਦੇ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਅੱਜ ਵੀ ਕਈ ਮਾਲਵਾ ਬੈਲਟ ਵਿੱਚ ਪਾਕਿਸਤਾਨੀ ਧੌੜੀ ਜੁੱਤੀ ਦੇ ਸ਼ੌਕੀਨ ਤਾਂ ਕਾਫੀ ਹਨ, ਪਰ ਇੱਕਾ ਦੁੱਕਾ ਹੀ ਇਹ ਜੁੱਤੀ ਬਣਾਉਣ ਵਾਲ਼ੇ ਕਾਰੀਗਰ ਬਚੇ ਹਨ। ਇਸ ਜੁੱਤੀ ਦੀ ਲਾਗਤ ਵੱਧਣ ਕਰਕੇ, ਕੀਮਤ ਵੀ ਵਧੀ ਅਤੇ ਮਹਿੰਗੀ ਹੋਣ ਕਰਕੇ ਵਿਕਰੀ ਘਟੀ ਅਤੇ ਅੱਜ ਕੱਲ੍ਹ ਦੇ ਨੌਜਵਾਨਾਂ ਵਿੱਚ ਅੱਜ ਦੇ ਫੈਸ਼ਨ ਕਰਕੇ ਕ੍ਰੇਜ਼ ਵੀ ਘੱਟਣਾ ਸ਼ੁਰੂ ਹੋ ਗਿਆ।
ਜੁੱਤੀ ਦੇ ਹੁੰਦੇ ਸਨ ਕਈ ਫਾਇਦੇ
ਫਿਰੋਜ਼ਪੁਰ ਵਿਖੇ ਧੌੜੀ ਜੁੱਤੀ ਦੇ ਇੱਕ ਦੁਕਾਨ ਉੱਤੇ ਬੈਠੇ ਗਾਹਕ, ਕਾਰੀਗਰ ਅਤੇ ਦੁਕਾਨਦਾਰ ਨੇ ਦੱਸਿਆ ਕਿ ਇਸ ਜੁੱਤੀ ਦੇ ਕਾਫੀ ਫਾਇਦੇ ਹੁੰਦੇ ਸੀ। ਇੱਕ ਤਾਂ ਇਸ ਨੂੰ ਔਰਤ-ਮਰਦ ਦੋਵੇਂ ਪਾ ਸਕਦੇ ਹਨ। ਇਸ ਵਿੱਚ ਡਿੱਗਣ ਦਾ ਡਰ ਨਹੀਂ। ਇਹ ਜੁੱਤੀ ਗਰਮੀਆਂ ਵਿੱਚ ਠੰਡੇਪਨ ਦਾ ਅਹਿਸਾਸ ਦਿੰਦੀ ਹੈ ਅਤੇ ਪਸੀਨਾ ਵੀ ਨਹੀਂ ਆਉਂਦਾ। ਸਰਦੀਆਂ ਵਿੱਚ ਪੈਰ ਢੱਕ ਕੇ ਰੱਖਦੀ ਹੈ। ਇਹ ਜੁੱਤੀ ਕੋਈ ਸੌਂ ਸਾਲ ਪੁਰਾਣੀ ਚੱਲਦੀ ਆ ਰਹੀ ਹੈ।

ਮੱਝ ਅਤੇ ਗਾਂ ਦੇ ਅਸਲੀ ਚਮੜੇ ਤੋਂ ਬਣਦੀ ਸੀ ਜੁੱਤੀ
ਆਜ਼ਾਦੀ ਤੋਂ ਪਹਿਲਾਂ ਆਮ ਲੋਕ ਜੁੱਤੀ ਪਾਉਣ ਦੇ ਸ਼ੌਕੀਨ ਹੁੰਦੇ ਸਨ ਅਤੇ ਪਾਕਿਸਤਾਨ ਵਿੱਚ ਜੁੱਤੀ ਦੇ ਕਈ ਡਿਜ਼ਾਈਨ ਅਤੇ ਕਈ ਪ੍ਰਕਾਰ ਦੀ ਜੁੱਤੀ ਬਣਾਈ ਜਾਂਦੀ ਸੀ। ਉਨ੍ਹਾਂ ਵਿੱਚੋਂ ਇੱਕ ਸਭ ਤੋਂ ਖਾਸ ਸੀ ਧੌੜੀ ਜੁੱਤੀ, ਜੋ ਕਿ ਮੱਝ ਅਤੇ ਗਾਂ ਦੇ ਔਰਿਜਨਲ ਚਮੜੇ ਨਾਲ ਇਹ ਜੁੱਤੀ ਬਣਾਈ ਜਾਂਦੀ ਸੀ। ਇਸ ਜੁੱਤੀ ਦੇ ਤਲੇ ਇੰਨੇ ਠੰਡੇ ਹੁੰਦੇ ਸਨ ਕਿ ਗਰਮੀ ਵਿੱਚ ਪੂਰੀ ਤਰ੍ਹਾਂ ਪੈਰ ਠੰਡੇ ਰਹਿੰਦੇ ਸਨ ਅਤੇ ਠੰਡਕ ਦਾ ਅਹਿਸਾਸ ਮਿਲਦਾ ਰਹਿੰਦਾ ਸੀ, ਪਰ ਸਮਾਂ ਬੀਤਦਾ ਗਿਆ ਅਤੇ ਜ਼ਮਾਨਾ ਬਦਲਦਾ ਗਿਆ ਅਤੇ ਇਸ ਜੁੱਤੀ ਦੇ ਦਿਨ ਵੀ ਬੀਤਦੇ ਗਏ ਅਤੇ ਹੌਲੀ ਹੌਲੀ ਇਸ ਨੂੰ ਬਣਾਉਣ ਵਾਲੇ ਕਾਰੀਗਰ ਵੀ ਘੱਟਦੇ ਗਏ।

ਉੱਥੇ ਹੀ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਸੁਰੇਸ਼ ਅਤੇ ਵਿਸਾਖੀ ਰਾਮ ਦਾ ਕਹਿਣਾ ਹੈ ਕਿ ਇਹ ਜੁੱਤੀ ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਕਸੂਰ ਵਿੱਚ ਬਣਾਈ ਜਾਂਦੀ ਸੀ। ਵੰਡ ਤੋਂ ਬਾਅਦ ਸਰਹਦੀ ਖੇਤਰ ਪੱਟੀ ਅਤੇ ਫਿਰੋਜ਼ਪੁਰ ਵਿੱਚ ਧੌੜੀ ਜੁੱਤੀ ਬਣ ਰਹੀ ਹੈ, ਪਰ ਸਮਾਨ ਮਹਿੰਗਾ ਹੋਣ ਕਾਰਨ ਲੋਕ ਇਸ ਦੀ ਕੀਮਤ ਨਹੀਂ ਭਰਦੇ ਅਤੇ ਇਸ ਉੱਤੇ ਲੇਬਰ ਵੀ ਬਹੁਤ ਲੱਗਦੀ ਹੈ ਜਿਸ ਕਾਰਨ ਇਹ ਲੁਪਤ ਹੁੰਦੀ ਜਾ ਰਹੀ ਹੈ।
ਇੱਕ ਜੁੱਤੀ ਬਣਾਉਣ ਨੂੰ ਲੱਗਦਾ ਪੂਰਾ ਇੱਕ ਦਿਨ
ਵੰਡ ਤੋਂ ਬਾਅਦ ਸਰਹੱਦ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਕੁਝ ਸਮਾਂ ਇਹ ਜੁੱਤੀ ਪਹਿਲਾ ਵਾਂਗ ਬਣਦੀ ਰਹੀ ਅਤੇ ਵਿਕਦੀ ਰਹੀ, ਪਰ ਬਦਲਦੇ ਜਮਾਨੇ ਅਤੇ ਫੈਸ਼ਨ ਨੇ ਲੋਕਾਂ ਦੇ ਪੈਰਾਂ ਵਿੱਚੋਂ ਇਜ ਦੀ ਕੀਮਤ ਘਟਾ ਦਿੱਤੀ ਅਤੇ ਇਸ ਨੂੰ ਬਣਾਉਣ ਵਾਲੇ ਕਾਰੀਗਰ ਘੱਟ ਹੋ ਗਏ।

ਪੂਰੀ ਤਰ੍ਹਾਂ ਹੱਥੀਂ ਤਿਆਰ ਹੋਣ ਵਾਲੀ ਇਹ ਜੁੱਤੀ ਹੁਣ ਸਰਹੱਦੀ ਸ਼ਹਿਰ ਫਿਰੋਜ਼ਪੁਰ ਵਿੱਚ ਹੀ ਬਣਾਈ ਜਾਂਦੀ ਹੈ। ਪੂਰੇ ਪੰਜਾਬ ਵਿੱਚ ਸਿਰਫ ਫਿਰੋਜ਼ਪੁਰ ਹੀ ਅਜਿਹਾ ਸ਼ਹਿਰ ਹੈ, ਜਿੱਥੇ ਅੱਜ ਵੀ ਕੁਝ ਕਾਰੀਗਰ ਇਸ ਨੂੰ ਬਣਾਉਂਦੇ ਹਨ। ਬਣਾਉਣ ਵਿੱਚ ਜਿਆਦਾ ਮਿਹਨਤ ਲੱਗਣ ਕਾਰਨ ਕੁਝ ਕਾਰੀਗਰ ਇਸ ਤੋਂ ਪਾਸਾ ਵੱਟ ਗਏ ਅਤੇ ਕੁਝ ਨਵੇਂ ਜ਼ਮਾਨੇ ਦੇ ਕਾਰੀਗਰ ਇਸ ਤਰ੍ਹਾਂ ਦੀ ਕਾਰੀਗਰੀ ਨਹੀਂ ਕਰ ਸਕੇ ਕਿ ਇਸ ਜੁੱਤੀ ਨੂੰ ਪਹਿਲਾਂ ਵਾਲਾ ਰੰਗ-ਰੂਪ ਦੇ ਸਕਣ। - ਦੁਕਾਨਦਾਰ
ਮਿਹਨਤਾਨਾ ਘੱਟ, ਮਿਹਨਤ ਜ਼ਿਆਦਾ
ਧੋੜੀ ਜੁੱਤੀ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਇਸ ਜੁੱਤੀ ਨੂੰ ਬਣਾਉਣ ਵਿੱਚ ਪੂਰਾ ਇੱਕ ਦਿਨ ਲੱਗਦਾ ਹੈ। ਇੱਕ ਦਿਨ ਵਿੱਚ ਇੱਕ ਜੁੱਤੀ ਤਿਆਰ ਹੁੰਦੀ ਹੈ। ਇਹ ਜੁੱਤੀ ਬਣਾਉਣ ਵਾਲਾ ਚਮੜਾ ਮਹਿੰਗਾ ਹੋ ਗਿਆ ਹੈ, ਜਿਸ ਕਰਕੇ ਇਸ ਦੀ ਲਾਗਤ ਮਹਿੰਗੀ ਪੈਂਦੀ ਹੈ ਅਤੇ ਉੰਨੀ ਕੀਮਤ ਨਹੀਂ ਮਿਲਦੀ। ਇਸ ਕਰਕੇ ਕਾਰੀਗਰ ਵੀ ਇਸ ਕੰਮ ਤੋਂ ਦੂਰ ਹੁੰਦੇ ਜਾ ਰਹੇ ਹਨ।

ਅਜੇ ਵੀ ਕਈਆਂ ਨੂੰ ਕਦਰ ਅਤੇ ਕੀਮਤ ਇਸ ਜੁੱਤੀ ਦੀ...
ਉੱਥੇ ਹੀ, ਅੱਜ ਵੀ ਇਸ ਜੁੱਤੀ ਨੂੰ ਪਾਉਣ ਦੇ ਕਈ ਪੁਰਾਣੇ ਲੋਕ ਸ਼ੌਕੀਨ ਮੌਜੂਦ ਹਨ, ਜੋ ਦੂਰੋਂ ਦੂਰੋਂ ਜੁੱਤੀ ਲੈਣ ਲਈ ਫਿਰੋਜ਼ਪੁਰ ਆਉਂਦੇ ਹਨ। ਦੁਕਾਨ ਉੱਤੇ ਆਏ ਗਾਹਕਾਂ ਨੇ ਦੱਸਿਆ ਕਿ ਇਹ ਜੁੱਤੀ ਗਰਮੀਆਂ ਵਿੱਚ ਬਹੁਤ ਵਧੀਆ ਹੁੰਦੀ ਹੈ ਅਤੇ ਪੈਰਾਂ ਨੂੰ ਪੂਰੀ ਠੰਡਕ ਦਿੰਦੀ ਹੈ। ਪੈਰਾਂ ਵਿੱਚ ਦਰਦ ਨਹੀਂ ਰਹਿੰਦਾ ਅਤੇ ਆਰਾਮ ਮਿਲਦਾ ਹੈ। ਬੂਟਾ ਵਿੱਚ ਪੈਰ ਅਕਸਰ ਜਕੜੇ ਰਹਿੰਦੇ ਹਨ, ਪਰ ਇਸ ਵਿੱਚ ਕਾਫੀ ਆਸਾਨੀ ਰਹਿੰਦੀ ਹੈ। ਹਾਲਾਂਕਿ ਇਹ ਜੁੱਤੀ ਮਹਿੰਗੀ ਜ਼ਰੂਰ ਹੈ, ਪਰ ਫਿਰ ਵੀ ਆਰਾਮ ਦੇ ਅੱਗੇ ਉਸ ਦੀ ਕੀਮਤ ਅੱਜ ਵੀ ਘੱਟ ਹੈ। ਪਰ, ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਇਸ ਤੋਂ ਦੂਰ ਹੁੰਦੇ ਜਾ ਰਹੇ ਹਨ।
ਆਉਣ ਵਾਲੇ 4-5 ਸਾਲਾਂ ਤੱਕ ਖ਼ਤਮ ਹੋ ਜਾਵੇਗੀ ਧੋੜੀ ਜੁੱਤੀ
ਕਾਰੀਗਰਾਂ ਨੇ ਦੱਸਿਆ ਕਿ ਇਹ ਜੁੱਤੀ ਪਹਿਲਾਂ ਉਨ੍ਹਾਂ ਦੇ ਦਾਦੇ ਪੜਦਾਦੇ ਬਣਾਉਂਦੇ ਸਨ, ਅੱਗੋਂ ਹੁਣ ਉਹ ਖੁਦ ਬਣਾ ਰਹੇ ਹਨ, ਪਰ ਜਿਸ ਤਰ੍ਹਾਂ ਇਹ ਜੁੱਤੀ ਬਣਾਉਣ ਵਾਲੇ ਕੁਝ ਹੀ ਪਰਿਵਾਰ ਰਹਿ ਗਏ ਹਨ, ਆਉਣ ਵਾਲੇ ਕੁਝ ਸਮੇਂ ਵਿੱਚ ਇਹ ਬਿਲਕੁਲ ਮਿਲਣੀ ਬੰਦ ਹੋ ਜਾਵੇਗੀ। ਵਿਸਾਖੀ ਰਾਮ ਪਹਿਲਾਂ ਰਾਜਸਥਾਨ ਵਿੱਚ ਜੁੱਤੀ ਬਣਾਉਂਦਾ ਸੀ, ਉੱਥੇ ਕੰਮ ਬੰਦ ਹੋਣ ਤੋਂ ਬਾਅਦ ਉਹ ਫਿਰੋਜ਼ਪੁਰ ਆ ਕੇ ਜੁੱਤੀ ਬਣਾਉਣ ਦਾ ਕੰਮ ਕਰਨ ਲੱਗਾ। ਉਸ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੋ ਵੀ ਇਹ ਜੁੱਤੀ ਖ਼ਤਮ ਹੋ ਜਾਵੇਗੀ।