ਅੰਮ੍ਰਿਤਸਰ: ਭਾਰਤ ਦੇ ਕਾਨੂੰਨ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਵਿਆਹ ਨਹੀਂ ਕਰਵਾ ਸਕਦੀ ਪਰ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਹਾਲੇ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿੱਥੇ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ 15 ਸਾਲ ਦੀ ਨਬਾਲਿਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਸੀ, ਜਿਸ ਦੀ ਜਾਣਕਾਰੀ ਸਮਾਜਸੇਵੀ ਸੰਸਥਾ ਨੂੰ ਲੱਗੀ ਤਾਂ ਉਨ੍ਹਾਂ ਨੇ ਬਾਲ ਵਿਭਾਗ ਅਤੇ ਪੁਲਿਸ ਨਾਲ ਸੰਪਰਕ ਕਰਕੇ ਮੌਕੇ 'ਤੇ ਜਾ ਕੇ ਵਿਆਹ ਰੁਕਵਾ ਦਿੱਤਾ।
ਸਮਾਜ ਸੇਵੀ ਸੰਸਥਾ ਨੇ ਰੁਕਵਾਇਆ ਬਾਲ ਵਿਵਾਹ
ਇਸ ਦੌਰਾਨ ਸਮਾਜਸੇਵੀ ਸੰਸਥਾ ਦੀ ਮੈਂਬਰ ਸਪਨਾ ਮਹਿਰਾ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵੱਲੋਂ ਤਰਨ ਤਾਰਨ ਰੋਡ ਭਾਈ ਮੰਝ ਸਿੰਘ ਇਲਾਕੇ ਵਿੱਚ ਜਾ ਕੇ ਵਿਆਹ ਕਰਵਾਇਆ ਜਾ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਲੜਕਾ ਪਰਿਵਾਰ ਮੌਕੇ ਤੋਂ ਹੀ ਰਫੂ ਚੱਕਰ ਹੋ ਗਿਆ। ਜਿਸ ਤੋਂ ਬਾਅਦ ਲੜਕੀ ਨੂੰ ਉਨ੍ਹਾਂ ਦੇ ਘਰ ਥਾਣਾ ਮੋਹਕਮਪੁਰਾ ਅਧੀਨ ਲਿਆਂਦਾ ਗਿਆ ਅਤੇ ਹੁਣ ਪੁਲਿਸ ਨੂੰ ਬੁਲਾ ਕੇ ਇਸ 'ਤੇ ਕਾਰਵਾਈ ਕਰਵਾਈ ਜਾ ਰਹੀ ਹੈ। ਉੱਥੇ ਹੀ ਸਮਾਜਸੇਵੀ ਸੰਸਥਾ ਨੇ ਕਿਹਾ ਕਿ ਲੜਕੀ ਦੀ ਦਾਦੀ ਦਾ ਕਹਿਣਾ ਹੈ ਕਿ ਇਹ ਸਿਰਫ ਮੰਗਣੀ ਕਰਵਾਈ ਜਾ ਰਹੀ ਸੀ ਨਾ ਕਿ ਇਹ ਵਿਆਹ ਕਰਵਾਇਆ ਜਾ ਰਿਹਾ ਸੀ। ਫਿਲਹਾਲ ਇਨ੍ਹਾਂ ਤੋਂ ਮੰਗਣੀ ਦੇ ਡਾਕੂਮੈਂਟ ਵੀ ਮੰਗੇ ਜਾ ਰਹੇ ਹਨ।
ਵਿਆਹ ਨਹੀਂ, ਹੋ ਰਿਹਾ ਸੀ ਰੋਕਾ: ਪਰਿਵਾਰ
ਦੂਜੇ ਪਾਸੇ ਵਿਆਹ ਕਰਵਾਉਣ ਵਾਲੀ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਰਹੀ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ ਅਤੇ ਹੁਣ ਉਹ ਵਿਆਹ ਕਰਵਾਉਣਾ ਚਾਹੁੰਦੀ ਸੀ, ਜਿਸ ਦੇ ਚੱਲਦੇ ਉਸ ਦੀ ਮੰਗਣੀ ਹੋ ਰਹੀ ਸੀ। ਇਸ ਦੌਰਾਨ ਨਬਾਲਿਗ ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦੀ ਮਾਤਾ ਨਹੀਂ ਹੈ ਅਤੇ ਉਸ ਤੋਂ ਬਾਅਦ ਉਸ ਦਾ ਪਾਲਣ ਪੋਸ਼ਣ ਉਹੀ ਕਰਦੀ ਹੈ ਅਤੇ ਅੱਜ ਫਿਲਹਾਲ ਉਨ੍ਹਾਂ ਵੱਲੋਂ ਲੜਕੀ ਦੀ ਮੰਗਣੀ ਹੀ ਕਰਵਾਈ ਜਾ ਰਹੀ ਸੀ ਅਤੇ ਇਸ ਦੌਰਾਨ ਪੁਲਿਸ ਮੌਕੇ 'ਤੇ ਪਹੁੰਚ ਗਈ।
ਕਾਨੂੰਨ ਅਨੁਸਾਰ ਕੀਤੀ ਜਾਵੇਗੀ ਕਾਰਵਾਈ
ਉਧਰ ਇਸ ਮਾਮਲੇ 'ਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਉਹ ਮੌਕੇ 'ਤੇ ਆਏ ਹਨ ਅਤੇ ਇੱਥੇ ਕਿਸੇ ਵੀ ਤਰੀਕੇ ਉਨ੍ਹਾਂ ਨੂੰ ਲੜਕਾ ਪਰਿਵਾਰ ਦਾ ਕੋਈ ਮੈਂਬਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਕਹਿ ਰਹੇ ਹਨ ਕਿ ਲੜਕੀ ਦੀ ਮੰਗਣੀ ਕੀਤੀ ਜਾ ਰਹੀ ਸੀ, ਪਰ ਕਾਨੂੰਨ ਮੁਤਾਬਿਕ 18 ਸਾਲ ਤੋਂ ਘੱਟ ਉਮਰ ਦੀ ਲੜਕੀ ਦੀ ਮੰਗਣੀ ਵੀ ਨਹੀਂ ਕੀਤੀ ਜਾ ਸਕਦੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।