ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਪੰਜ ਤੋਂ ਸੱਤ ਦਿਨ ਮੌਸਮ ਇਸੇ ਤਰੀਕੇ ਨਾਲ ਰਹੇਗਾ ਅਤੇ ਬਾਰਿਸ਼ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਤ ਅਤੇ ਦਿਨ ਦੇ ਟਤਾਪਮਾਨ ਵਿੱਚ ਬਦਲਾਵ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਦਿਨ ਦੇ ਤਾਪਮਾਨ ਵਿੱਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ ਤਾਂ ਉੱਥੇ ਹੀ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
'ਕਿਸਾਨਾਂ ਲਈ ਇਹ ਮੌਸਮ ਕਾਫੀ ਲਾਹੇਵੰਦ'
ਮੌਸਮ ਵਿਗਿਆਨੀ ਨੇ ਕਿਹਾ ਕਿ ਜਿੱਥੇ ਕਿਸਾਨਾਂ ਲਈ ਇਹ ਮੌਸਮ ਕਾਫੀ ਲਾਹੇਵੰਦ ਹੈ ਤਾਂ ਉੱਥੇ ਹੀ ਪਿਛਲੇ ਦੋ ਸਾਲਾਂ ਦੇ ਦਰਮਿਆਨ ਵੀ ਅਜਿਹਾ ਮੌਸਮ ਦੇਖਣ ਨੂੰ ਮਿਲਿਆ ਸੀ। ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਫਿਲਹਾਲ ਇੱਕ ਹਫਤਾ ਕੋਈ ਵੀ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਹ ਫਸਲਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਤਾਪਮਾਨ 31 ਤੋਂ 32 ਡਿਗਰੀ ਦਿਨ ਦਾ ਅਤੇ ਰਾਤ ਦਾ ਘੱਟ ਤੋਂ ਘੱਟ ਟੈਂਪਰੇਚਰ 13 ਤੋ 14 ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹੈ ਪਰ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਟੈਂਪਰੇਚਰ ਇਸ ਤੋਂ ਘੱਟ ਚੱਲ ਰਹੇ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਿਰ ਦੀ ਰਾਏ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮਾਹਿਰ ਡਾਕਟਰ ਨੇ ਕਿਹਾ ਕਿ ਫਿਲਹਾਲ ਲੋਕਾਂ ਨੂੰ ਸਿਹਤ ਦਾ ਧਿਆਨ ਰੱਖਣ ਦੀ ਵਿਸ਼ੇਸ਼ ਲੋੜ ਹੈ ਕਿਉਂਕਿ ਦਿਨ ਦਾ ਟੈਂਪਰੇਚਰ ਤਾਂ ਜ਼ਿਆਦਾ ਹੁੰਦਾ ਹੈ ਪਰ ਰਾਤ ਵੇਲੇ ਟੈਂਪਰੇਚਰ ਹੇਠਾਂ ਡਿੱਗ ਜਾਂਦਾ ਹੈ, ਇਸ ਕਰਕੇ ਇਹ ਉਹ ਗਰਮੀ ਨਹੀਂ ਹੈ। ਜਿਸ ਵਿੱਚ ਪੱਖੇ ਜਾਂ ਫਿਰ ਏਸੀ ਲਾਉਣ ਦੀ ਲੋੜ ਪਵੇ, ਉਨ੍ਹਾਂ ਕਿਹਾ ਕਿ ਫਿਲਹਾਲ ਲੋਕ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖਣ।