ਸ੍ਰੀ ਫਤਹਿਗੜ੍ਹ ਸਾਹਿਬ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਖੀ ਵਨ ਸਟਾਪ ਸੈਂਟਰ ਅਤੇ ਵੁਮੈਨ ਸੈਲ ਦਾ ਦੌਰਾ ਕਰਕੇ ਔਰਤਾਂ ਦੇ ਹਿੱਤਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ।
ਚੇਅਰਪਰਸਨ ਰਾਜ ਲਾਲੀ ਗਿੱਲ ਨੇ ਦੱਸਿਆ ਕਿ, 'ਕਮਿਸ਼ਨ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਅੰਦਰ ਵੱਡਾ ਵਾਧਾ ਹੋਇਆ ਹੈ, ਜਿਸ ਵਿੱਚ ਬੱਚਿਆਂ ਵੱਲੋਂ ਆਪਣੇ ਬਿਰਧ ਮਾਪਿਆਂ ਪ੍ਰਤੀ ਬੇਰੁਖੀ ਵਾਲਾ ਵਤੀਰਾ ਅਪਣਾਇਆ ਜਾ ਰਿਹਾ ਹੈ। ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਅਤੇ ਕਮਿਸ਼ਨ ਅਜਿਹੇ ਕੇਸਾਂ ਦੇ ਸਖਤੀ ਨਾਲ ਨਿਪਟਾਰੇ ਲਈ ਬਹੁਤ ਗੰਭੀਰ ਹੈ। ਬਿਰਧ ਘਰਾਂ ਵਿੱਚ ਬਜ਼ੁਰਗਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਬੱਚਿਆਂ ਵੱਲੋਂ ਪ੍ਰਾਪਰਟੀ ਹਥਿਆਉਣ ਮਗਰੋਂ ਮਾਪਿਆਂ 'ਤੇ ਕੀਤਾ ਜਾਂਦਾ ਸਰੀਰਕ, ਮਾਨਸਿਕ ਜਾਂ ਭਾਵਨਾਤਮਕ ਤਸ਼ੱਦਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਅਜਿਹੇ ਗੰਭੀਰ ਮਾਮਲਿਆਂ ਵਿੱਚ ਬੱਚਿਆਂ ਨੂੰ ਮਿਲੀ ਜਾਇਦਾਦ ਵਾਪਸ ਲੈ ਕੇ ਮਾਪਿਆਂ ਨੂੰ ਦਿੱਤੀ ਜਾ ਸਕਦੀ ਹੈ।'
ਸ਼ਿਕਾਇਤਾਂ ਦਾ ਨਿਪਟਾਰਾ
ਇਸ ਦੌਰਾਨ ਚੇਅਰਪਰਸਨ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਦੀ ਕਾਰਜ ਪ੍ਰਣਾਲੀ ਦਾ ਜਾਇਜ਼ਾ ਲਿਆ ਅਤੇ ਉੱਥੇ ਔਰਤਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਨਿਪਟਾਉਣ ਲਈ ਕੀਤੀ ਜਾ ਰਹੀ ਕਾਰਵਾਈ ਦਾ ਨਿਰੀਖਣ ਕੀਤਾ। ਇਸ ਮਗਰੋਂ ਵੁਮਨ ਸੈੱਲ ਵਿੱਚ ਉਨ੍ਹਾਂ ਨੇ ਵੱਖ ਵੱਖ ਕੇਸਾਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਦੋਵੇਂ ਧਿਰਾਂ ਦੇ ਨੁਮਾਇੰਦਿਆਂ ਨੂੰ ਸੁਣਿਆ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਰਾਜ ਲਾਲੀ ਗਿੱਲ ਮੁਤਾਬਿਕ ਪਹਿਲਾਂ ਘਰੇਲੂ ਹਿੰਸਾ ਦੇ ਬਹੁਤੇ ਮਾਮਲੇ ਅਜਿਹੇ ਹੁੰਦੇ ਸਨ ਜਿਸ ਵਿੱਚ ਮਰਦਾਂ ਵੱਲੋਂ ਨਸ਼ੇ ਕਰਨ ਮਗਰੋਂ ਮਹਿਲਾਵਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਘਰੇਲੂ ਲੜਾਈ ਦੇ ਇਹ ਮਾਮਲੇ ਕਾਫੀ ਚਿੰਤਾਜਨਕ ਨਤੀਜੇ ਪੈਦਾ ਕਰਦੇ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਅੰਦਰ ਅਜਿਹੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲ ਰਹੀ ਹੈ।