ਅੰਮ੍ਰਿਤਸਰ: ਐਤਵਾਰ ਰਾਤ ਨੂੰ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਤੋਂ ਲਗਭਗ 4 ਕਿਲੋਮੀਟਰ ਦੂਰ ਕਲੀਰ ਮਾਂਗਟ ਪਿੰਡ ਵਿੱਚ ਇੱਕ ਕਾਰ ਰਾਹੀਂ ਸਫ਼ਰ ਕਰ ਰਹੇ ਕੁੱਝ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਿੰਦਿਆਂ ਦੀ ਕੁੱਟਮਾਰ ਕੀਤੀ ਅਤੇ ਪੈਟਰੋਲ ਨਾ ਭਰਨ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਇੱਕ ਕਰਿੰਦੇ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਪੰਪ ਦੇ ਕਰਿੰਦਿਆਂ 'ਤੇ ਕੀਤੀ ਫਾਇਰਿੰਗ
ਜਾਣਕਾਰੀ ਅਨੁਸਾਰ ਰਾਤ 9 ਵਜੇ ਦੇ ਕਰੀਬ ਚਾਰ ਨੌਜਵਾਨ ਪੈਟਰੋਲ ਭਰਵਾਉਣ ਲਈ ਪੰਪ 'ਤੇ ਇੱਕ ਕਾਰ ਵਿੱਚ ਪਹੁੰਚੇ। ਉਸ ਸਮੇਂ ਪੰਪ ਬੰਦ ਸੀ, ਜਿਸ ਕਾਰਨ ਕਰਮਚਾਰੀਆਂ ਨੇ ਉਸ ਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ 'ਤੇ ਨੌਜਵਾਨ ਗੁੱਸੇ ਵਿੱਚ ਆ ਗਏ ਅਤੇ ਪੰਪ ਕਰਮਚਾਰੀਆਂ ਨਾਲ ਬਹਿਸ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ।
ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਲੜਾਈ ਦੌਰਾਨ ਨੌਜਵਾਨਾਂ ਨੇ ਅਚਾਨਕ ਪੰਪ ਦੇ ਕਰਿੰਦਿਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀ ਲੱਗਣ ਕਾਰਨ ਕਰਮਚਾਰੀ ਗੌਤਮ (ਉੱਤਰ ਪ੍ਰਦੇਸ਼ ਨਿਵਾਸੀ) ਗੰਭੀਰ ਜ਼ਜ਼ਮੀ ਹੋ ਗਿਆ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੋ ਹੋਰ ਕਰਮਚਾਰੀ ਅਮਿਤ ਅਤੇ ਦਰਪਨ ਵੀ ਗੋਲੀਆਂ ਨਾਲ ਜ਼ਖ਼ਮੀ ਹੋ ਗਏ। ਦੋਵਾਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਂਚ ਵਿੱਚ ਜੁਟੀ ਪੁਲਿਸ
ਡੀਐਸਪੀ ਮਜੀਠਾ ਅਮੋਲਕ ਸਿੰਘ ਅਤੇ ਥਾਣਾ ਇੰਚਾਰਜ ਪ੍ਰਭਜੀਤ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਪੁਲਿਸ ਨੇ ਪੰਪ ਦੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਪਿੱਛੇ ਸਿਰਫ ਗੁੱਸਾ ਸੀ ਜਾਂ ਕੋਈ ਹੋਰ ਕਾਰਨ ਵੀ ਸ਼ਾਮਿਲ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।