ਲੁਧਿਆਣਾ: ਜ਼ਿਮਨੀ ਚੋਣ ਲਈ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਵੱਲੋਂ ਨੋਟਿਸ ਭੇਜਣ ਤੋਂ ਬਾਅਦ ਵਿਜੀਲੈਂਸ ਬਿਊਰੋ ਐਸਐਸਪੀ ਲੁਧਿਆਣਾ ਰੇਂਜ ਨੂੰ ਸਸਪੈਂਡ ਕਰਨ ਦਾ ਮਾਮਲਾ ਲਗਾਤਾਰ ਗਰਮਾ ਰਿਹਾ ਹੈ। ਜਿੱਥੇ ਇੱਕ ਪਾਸੇ ਕਾਂਗਰਸ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਇਹ ਸਾਰਾ ਡਰਾਮਾ ਖੁਦ ਭਾਰਤ ਭੂਸ਼ਣ ਆਸ਼ੂ ਦੇ ਕਹਿਣ ਉੱਤੇ ਹੀ ਐਸਐਸਪੀ ਵੱਲੋਂ ਰਚਿਆ ਗਿਆ। ਮੰਤਰੀ ਮੁਤਾਬਿਕ ਇਸ ਪੂਰੇ ਮਾਮਲੇ ਦੀ ਜਦੋਂ ਅਸੀਂ ਜਾਂਚ ਕਰਵਾਈ ਤਾਂ ਇੱਕ ਹੇਠਲੇ ਪੱਧਰ ਦੀ ਰਾਜਨੀਤੀ ਦਾ ਖੁਲਾਸਾ ਹੋਇਆ।
ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ, 'ਲੁਧਿਆਣਾ ਰੇਂਜ ਐਸਐਸਪੀ ਵਿਜੀਲੈਂਸ ਭਾਰਤ ਭੂਸ਼ਣ ਆਸ਼ੂ ਦਾ ਪੁਰਾਣਾ ਕਲਾਸ ਫੈਲੋ ਰਿਹਾ ਹੈ। ਉਸ ਨੂੰ ਫਾਇਦਾ ਪਹੁੰਚਾਉਣ ਦੇ ਲਈ ਚੋਣਾਂ ਦੇ ਵਿੱਚ ਇਹ ਡਰਾਮਾ ਰਚਿਆ ਗਿਆ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਇਸ ਦੀ ਜਾਂਚ ਕੀਤੀ ਤਾਂ ਉਸ ਤੋਂ ਬਾਅਦ ਐਸਐਸਪੀ 'ਤੇ ਕਾਰਵਾਈ ਕੀਤੀ ਗਈ ਹੈ।'
ਪੁਰਾਣੇ ਮਾਮਲੇ 'ਚ ਗੁੰਮਰਾਹ ਕਰਨ ਦੀ ਕੋਸ਼ਿਸ਼
ਕੈਬਨਿਟ ਮੰਤਰੀ ਮੁਤਾਬਿਕ ਇੱਕ ਬਹੁ ਕਰੋੜੀ ਘੁਟਾਲੇ ਨੂੰ ਕਿਸੇ ਹੋਰ ਢੰਗ ਦੇ ਨਾਲ ਮੋੜਨ ਦੇ ਲਈ ਇਹ ਸਭ ਕੀਤਾ ਗਿਆ, ਜਿਸ ਵਿੱਚ ਖੁਦ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਭਰਾ ਦਾ ਨਾਂ ਆਇਆ ਹੈ। ਉਨ੍ਹਾਂ ਕਿਹਾ ਕਿ ਹਮਦਰਦੀ ਵੋਟ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ। ਇਸ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਹੈ। ਇਹ ਇੱਕ ਪੁਰਾਣਾ ਮਾਮਲਾ ਸੀ, ਜਿਸ ਵਿੱਚ ਭਾਰਤ ਭੂਸ਼ਣ ਆਸ਼ੂ ਅਤੇ ਉਸ ਦੇ ਭਰਾ ਕਾਲੇ ਦਾ ਨਾਮ ਆਇਆ ਸੀ ਅਤੇ ਸਕੂਲ ਦੇ ਐਲੂਮਨੀ ਕਮੇਟੀ ਨੇ ਇਹ ਮੁੱਦਾ ਚੁੱਕਿਆ ਸੀ ਕਿਉਂਕਿ ਉਹ ਸਕੂਲ ਬਹੁਤ ਹੀ ਪੋਰਸ਼ ਇਲਾਕੇ ਦੇ ਵਿੱਚ ਸੀ ਅਤੇ ਉਸ ਸਕੂਲ ਦੀ ਜ਼ਮੀਨ ਨੂੰ ਵੇਚਣ ਦਾ ਹੈ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਬਹੁ ਕਰੋੜੀ ਮਾਮਲੇ ਦੇ ਵਿੱਚ ਸਭ ਨੂੰ ਗੁੰਮਰਾਹ ਕਰਨ ਲਈ ਇਹ ਸਾਰਾ ਡਰਾਮਾ ਰਚਿਆ ਗਿਆ। ਉਨ੍ਹਾਂ ਕਿਹਾ ਕਿ ਐਸਐਸਪੀ ਨੇ ਕਦੋਂ ਅਤੇ ਕਿਉਂ ਭਾਰਤ ਭੂਸ਼ਣ ਆਸ਼ੂ ਨੂੰ ਨੋਟੀਫਿਕੇਸ਼ਨ ਭੇਜਿਆ ਇਹ ਸਰਕਾਰ ਦੇ ਧਿਆਨ ਹੇਠ ਨਹੀਂ ਪਰ ਉਸ ਤੋਂ ਬਾਅਦ ਐਸਐਸਪੀ 'ਤੇ ਕਾਰਵਾਈ ਜ਼ਰੂਰ ਕੀਤੀ ਗਈ ਹੈ।