ਖੰਨਾ (ਲੁਧਿਆਣਾ): ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਅਧੀਨ ਖੰਨਾ ਦੇ ਮਲੌਦ ਵਿਖੇ ਸ਼ੁੱਕਰਵਾਰ ਨੂੰ ਇੱਕ ਵੱਡੀ ਕਾਰਵਾਈ ਕੀਤੀ ਗਈ। ਦੋ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋਏ ਨਸ਼ਾ ਤਸਕਰ ਅਮਰੀਕ ਸਿੰਘ ਵੱਲੋਂ ਨਗਰ ਪੰਚਾਇਤ ਦੀ ਜ਼ਮੀਨ 'ਤੇ ਕੀਤੀ ਗਈ ਗੈਰ ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਐਸਐਸਪੀ ਡਾ. ਜੋਤੀ ਯਾਦਵ ਦੀ ਅਗਵਾਈ ਹੇਠ ਪੁਲਿਸ ਅਤੇ ਨਗਰ ਪੰਚਾਇਤ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ।
ਐਸਪੀ (ਹੈੱਡਕੁਆਰਟਰ) ਤੇਜਬੀਰ ਸਿੰਘ ਹੁੰਦਲ ਨੇ ਦੱਸਿਆ ਕਿ, 'ਅਮਰੀਕ ਸਿੰਘ ਵਿਰੁੱਧ ਅਫੀਮ ਅਤੇ ਭੁੱਕੀ ਦੀ ਤਸਕਰੀ ਦੇ ਤਿੰਨ ਗੰਭੀਰ ਮਾਮਲੇ ਦਰਜ ਹਨ। ਉਹ ਕੁੱਝ ਦਿਨ ਪਹਿਲਾਂ ਹੀ ਇੱਕ ਮਾਮਲੇ ਵਿੱਚ ਜ਼ਮਾਨਤ ਮਿਲਣ ਦੇ ਬਾਅਦ ਜੇਲ੍ਹ ਤੋਂ ਬਾਹਰ ਆਇਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਮਰੀਕ ਨੇ ਮਲੌਦ ਨਗਰ ਪੰਚਾਇਤ ਦੀ ਜ਼ਮੀਨ 'ਤੇ ਗੈਰ ਕਾਨੂੰਨੀ ਤੌਰ 'ਤੇ ਘਰ ਤਿਆਰ ਕੀਤਾ ਹੋਇਆ ਸੀ।'
'ਬੁਲਡੋਜ਼ਰ ਰਾਹੀਂ ਢੇਰੀ ਕੀਤਾ ਮਕਾਨ'
ਨਗਰ ਪੰਚਾਇਤ ਵੱਲੋਂ ਕਈ ਵਾਰ ਲਿਖਤੀ ਨੋਟਿਸ ਭੇਜੇ ਗਏ ਪਰ ਮੁਲਜ਼ਮ ਜਾਂ ਉਸ ਦੇ ਪਰਿਵਾਰ ਵੱਲੋਂ ਕੋਈ ਜਵਾਬ ਨਹੀਂ ਆਇਆ। ਆਖ਼ਿਰਕਾਰ ਨਗਰ ਪੰਚਾਇਤ ਨੇ ਪੁਲਿਸ ਤੋਂ ਸਹਿਯੋਗ ਲਿਆ। ਐਸਐਸਪੀ ਦੇ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਨੂੰ ਸੁਰੱਖਿਆ ਬਲ ਮੁਹੱਈਆ ਕਰਵਾਇਆ ਗਿਆ ਅਤੇ ਸ਼ੁੱਕਰਵਾਰ ਨੂੰ ਗੈਰ ਕਾਨੂੰਨੀ ਉਸਾਰੀ ਨੂੰ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ।
'ਕਾਰਵਾਈ ਨਸ਼ਾ ਤਸਕਰਾਂ ਲਈ ਸਪੱਸ਼ਟ ਸੁਨੇਹਾ'
ਇਸ ਦੌਰਾਨ ਡੀਐਸਪੀ ਹੇਮੰਤ ਮਲਹੋਤਰਾ, ਐਸਐਚਓ ਸਤਨਾਮ ਸਿੰਘ ਅਤੇ ਨਗਰ ਪੰਚਾਇਤ ਦੇ ਅਧਿਕਾਰੀ ਮੌਕੇ 'ਤੇ ਹਾਜ਼ਰ ਸਨ। ਐਸਪੀ ਹੁੰਦਲ ਨੇ ਕਿਹਾ ਕਿ ਇਹ ਕਾਰਵਾਈ ਨਸ਼ਾ ਤਸਕਰਾਂ ਲਈ ਸਪੱਸ਼ਟ ਸੁਨੇਹਾ ਹੈ ਕਿ ਜ਼ਮਾਨਤ ਮਿਲਣ ਮਗਰੋਂ ਵੀ ਅਪਰਾਧੀਆਂ ਨੂੰ ਕਾਨੂੰਨ ਤੋਂ ਬਚਣ ਦੀ ਛੂਟ ਨਹੀਂ ਮਿਲੇਗੀ।
'ਸਥਾਨਕ ਵਾਸੀਆਂ ਨੇ ਕੀਤੀ ਸ਼ਲਾਘਾ'
ਸਥਾਨਕ ਵਾਸੀਆਂ ਨੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਇਲਾਕੇ 'ਚ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਵਿੱਚ ਡਰ ਦਾ ਮਾਹੌਲ ਬਣੇਗਾ। ਪੁਲਿਸ ਨੇ ਵੀ ਇਹ ਸਪੱਸ਼ਟ ਕੀਤਾ ਹੈ ਕਿ ਨਸ਼ਾ ਕਾਰੋਬਾਰ ਨਾਲ ਜੁੜੇ ਹਰੇਕ ਵਿਅਕਤੀ 'ਤੇ ਚੌਕਸੀ ਰੱਖੀ ਜਾ ਰਹੀ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।