ਲੁਧਿਆਣਾ: ਭਾਜਪਾ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਇੱਕ ਸੋਸ਼ਲ ਮੀਡੀਆ ਵੀਡੀਓ ਦਾ ਹਵਾਲਾ ਦਿੰਦਿਆਂ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਾਏ ਗਏ ਹਨ। ਇਹ ਵੀਡੀਓ ਮੰਤਰੀ ਧਾਲੀਵਾਲ ਦੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਪਾਈ ਗਈ ਸੀ। ਭਾਜਪਾ ਦੇ ਪੰਜਾਬ ਬੁਲਾਰੇ ਅਨਿਲ ਸਰੀਨ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਜਦੋਂ ਅਜਨਾਲਾ ਪੁਲਿਸ ਨੇ ਫੜ੍ਹਿਆ ਤਾਂ ਇੱਕ ਮੰਤਰੀ ਦਾ ਪੁਲਿਸ ਸਟੇਸ਼ਨ ਜਾਣ ਦਾ ਕੀ ਮਤਲਬ ਹੈ।
50 ਗ੍ਰਾਮ ਹੈਰੋਇਨ ਫੜੇ ਜਾਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਮੰਤਰੀ ਧਾਲੀਵਾਲ ਖੁੱਦ ਜਾਕੇ ਉਨ੍ਹਾਂ ਨੂੰ ਬਚਾ ਰਹੇ ਹਨ। ਇੱਥੋਂ ਤੱਕ ਕਿ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਨਸ਼ਾ ਵੇਚੋ ਨਾ ਨਸ਼ਾ ਕਰ ਲਵੋ। ਇਹ ਕਿਸ ਤਰ੍ਹਾਂ ਦਾ ਯੁੱਧ ਨਸ਼ਿਆ ਵਿਰੁੱਧ ਹੈ। ਇਸ ਮਾਮਲੇ ਲਈ ਤੁਰੰਤ ਮੁੱਖ ਮੰਤਰੀ ਭਗਵੰਤ ਮਾਨ ਕੁਲਦੀਪ ਧਾਲੀਵਾਲ ਨੂੰ ਬਰਖਾਸਤ ਕਰਨ।...ਅਨਿਲ ਸਰੀਨ,ਭਾਜਪਾ ਆਗੂ
ਪੱਤਰਕਾਰਾਂ ਨੇ ਜਦੋਂ ਸਵਾਲ ਕੀਤਾ ਕਿ ਨਸ਼ਾ ਬਾਰਡਰ ਤੋਂ ਆ ਰਿਹਾ ਹੈ ਤਾਂ ਅਨਿਲ ਸਰੀਨ ਨੇ ਕਿਹਾ ਕਿ ਬੀਐਸਐਫ ਕੰਮ ਕਰ ਰਹੀ ਹੈ, ਨਸ਼ਾ ਇੱਕ ਸਮਾਜਿਕ ਮੁੱਦਾ ਹੈ ਪਰ ਜੋ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਉਹ ਕਿਸੇ ਵੱਡੇ ਤਸਕਰ ਨੂੰ ਹਾਲੇ ਤੱਕ ਫੜਨ ਵਿੱਚ ਨਾਕਾਮ ਹੈ।
'ਸਕੇ ਭਤੀਜੇ ਦੀ ਨਸ਼ੇ ਕਾਰਣ ਮੌਤ'
ਮਾਮਲੇ ਨੂੰ ਲੈਕੇ ਮੋੜਵਾਂ ਜਵਾਬ ਦਿੰਦਿਆਂ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ 2013 ਦੇ ਵਿੱਚ ਉਨ੍ਹਾਂ ਦਾ ਸਕਾ ਭਤੀਜਾ ਨਸ਼ੇ ਕਰਕੇ ਮੌਤ ਦੇ ਮੂੰਹ ਵਿੱਚ ਚਲਾ ਗਿਆ ਸੀ। ਉਸ ਵੇਲੇ ਉਹ ਅਮਰੀਕਾ ਸਨ ਅਤੇ ਉਹ ਸਾਰਾ ਕੁਝ ਛੱਡ ਕੇ ਵਾਪਿਸ ਆਏ, ਨਸ਼ੇ ਦੇ ਖਿਲਾਫ ਲੜਾਈ ਸ਼ੁਰੂ ਕੀਤੀ। ਜਿਹੜੇ ਭਾਜਪਾ ਦੇ ਆਗੂ ਸਵਾਲ ਖੜ੍ਹੇ ਕਰ ਰਹੇ ਨੇ ਉਨ੍ਹਾਂ ਨੂੰ ਨਹੀਂ ਪਤਾ ਅਸੀਂ ਖੁਦ ਨਸ਼ੇ ਦੇ ਇਸ ਕੋਹੜ ਨੂੰ ਭੁਗਤ ਚੁੱਕੇ ਹਾਂ।
ਮਾਮਲੇ ਸਬੰਧੀ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ, 'ਜਿਸ ਵੀਡੀਓ ਦਾ ਹਵਾਲਾ ਦੇਕੇ ਇਲਜ਼ਾਮ ਲਾਏ ਜਾ ਰਹੇ ਹਨ ਉਸ ਦਾ ਅਸਲ ਸੱਚ ਇਹ ਹੈ ਕਿ ਨੇੜੇ ਦੇ ਪਿੰਡ ਦੇ ਦੋ ਨੌਜਵਾਨਾਂ ਨੂੰ ਨਸ਼ੇ ਦੇ ਮਾਮਲੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਜਦੋਂ ਉਨ੍ਹਾਂ ਨੇ ਐਸਐਚਓ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ, ਜਿਸ ਤੋਂ ਬਾਅਦ ਉਹ ਖੁੱਦ ਪੁਲਿਸ ਸਟੇਸ਼ਨ ਪਹੁੰਚੇ ਕਿਉਂਕਿ ਪਿੰਡ ਵਾਸੀਆਂ ਨੇ ਉਨ੍ਹਾਂ ਤੱਕ ਮਸਲੇ ਨੂੰ ਲੈਕੇ ਪਹੁੰਚ ਕੀਤੀ ਸੀ ਕਿ ਦੋ ਨੌਜਵਾਨ ਬੇਕਸੂਰ ਹਨ, ਜਿਸ ਤੋਂ ਬਾਅਦ ਉਹ ਪੁਲਿਸ ਸਟੇਸ਼ਨ ਗਏ।'
'ਨਸ਼ਾ ਛੁਡਾਉ ਕੇਂਦਰ ਭੇਜਿਆ'
ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਨੌਜਵਾਨ ਨਸ਼ਾ ਕਰਦੇ ਨੇ ਤਾਂ ਉਨ੍ਹਾਂ ਨੂੰ ਨਸ਼ਾ ਛੁਡਾਉਂ ਕੇਂਦਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਅਤੇ ਜੇਕਰ ਵੇਚਦੇ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਇਹ ਦੋਵੇ ਨੌਜਵਾਨ ਨਸ਼ਾ ਤਸਕਰੀ ਨਹੀਂ ਕਰਦੇ ਸਨ ਪਰ ਨਸ਼ੇ ਕਾਰਣ ਪੀੜਤ ਸੀ,ਇਸ ਲਈ ਇਨ੍ਹਾਂ ਨੌਜਵਾਨਾਂ ਨੂੰ ਜੇਲ੍ਹ ਤੋਂ ਬਾਹਰ ਕਢਵਾ ਕੇ ਨਸ਼ਾ ਛੁਡਾਉ ਕੇਂਦਰ ਭੇਜਿਆ ਗਿਆ ਹੈ।
ਲੀਗਲ ਨੋਟਿਸ ਦੀ ਚਿਤਾਵਨੀ
ਧਾਲੀਵਾਲ ਨੇ ਕਿਹਾ ਕਿ ਇਸ ਮੁੱਦੇ ਨੂੰ ਬਗੈਰ ਖੰਗਾਲੇ ਭਾਜਪਾ ਦੇ ਸੀਨੀਅਰ ਆਗੂ ਬੇਤੁਕੇ ਇਲਜ਼ਾਮ ਲਗਾ ਰਹੇ ਹਨ ਜਿਨ੍ਹਾਂ ਦਾ ਕੋਈ ਵੀ ਮਤਲਬ ਨਹੀਂ ਬਣਦਾ। ਇਸ ਗੱਲ ਨੂੰ ਹੁਣ ਭਾਜਪਾ ਮੁੱਦਾ ਬਣਾ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਹੋਰ ਮੁੱਦਾ ਨਹੀਂ ਹੈ। ਧਾਲੀਵਾਲ ਨੇ ਆਖਿਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਕੋਰਟ ਦਾ ਰੁਖ ਕਰਨਗੇ ਅਤੇ ਅਨਿਲ ਸਰੀਨ ਨੂੰ ਲੀਗਲ ਨੋਟਿਸ ਭੇਜਣਗੇ।