ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਕੈਂਟ ਇਲਾਕੇ ਵਿੱਚ ਫੌਜ ਨੇ ਇੱਕ ਮੋਚੀ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੌਜ ਨੇ ਜਾਸੂਸੀ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਨੂੰ ਬਠਿੰਡਾ ਕੈਂਟ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਗ੍ਰਿਫ਼ਤਾਰ ਕੀਤਾ ਗਿਆ ਮੋਚੀ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਬੇਅੰਤ ਨਗਰ ਵਿੱਚ ਰਹਿ ਰਿਹਾ ਸੀ। ਮੁਲਜ਼ਮ ਹਨੀਟ੍ਰੈਪ ਦੇ ਮਾਮਲੇ ਵਿੱਚ ਫਸਿਆ ਲੱਗਦਾ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ
ਬਠਿੰਡਾ ਦੇ ਐੱਸਪੀ (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ "ਸੋਸ਼ਲ ਮੀਡੀਆ 'ਤੇ ਰਿਪੋਰਟਾਂ ਆ ਰਹੀਆਂ ਹਨ ਕਿ ਬਠਿੰਡਾ ਪੁਲਿਸ ਨੇ ਇੱਕ ਜਾਸੂਸ ਨੂੰ ਫੜਿਆ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਥਾਣਾ ਕੈਂਟ ਤੋਂ ਇੱਕ ਮੁੱਢਲੀ ਜਾਣਕਾਰੀ ਮਿਲੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਸੁਨੀਲ ਕੁਮਾਰ ਦੇ ਮੋਬਾਈਲ ਤੋਂ ਹਨੀਟ੍ਰੈਪ ਵਰਗੀਆਂ ਸ਼ੱਕੀ ਚੀਜ਼ਾਂ ਮਿਲੀਆਂ ਹਨ, ਜੋ ਕਿ ਕੈਂਟ ਵਿੱਚ 7-8 ਸਾਲਾਂ ਤੋਂ ਮੋਚੀ ਵਜੋਂ ਕੰਮ ਕਰ ਰਿਹਾ ਹੈ। ਅਸੀਂ ਉਸਦੇ ਮੋਬਾਈਲ ਦੀ ਫੋਰੈਂਸਿਕ ਜਾਂਚ ਕਰਵਾ ਰਹੇ ਹਾਂ। ਤੱਥ ਆਉਣ ਤੋਂ ਬਾਅਦ ਹੀ ਅਸੀਂ ਅਗਲੀ ਕਾਰਵਾਈ ਕਰਾਂਗੇ। ਪੁਲਿਸ ਨੇ ਇਸ ਸਬੰਧ ਵਿੱਚ ਕੇਸ ਦਰਜ ਕੀਤਾ ਹੈ। ਇਸਦੀ ਜਾਂਚ ਕੀਤੀ ਜਾ ਰਹੀ ਹੈ।"
ਹਨੀ ਟਰੈਪ ਦਾ ਜਾਪਦਾ ਹੈ ਮਾਮਲਾ
ਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਫੋਨ ਦੀ ਵਟਸਐਪ ਚੈਟ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ। ਇੱਕ ਵਟਸਐਪ ਚੈਟ ਮਿਲੀ ਜਿਸ ਵਿੱਚ ਉਸ ਦੀ ਪਾਕਿਸਤਾਨ ਦੀ ਇੱਕ ਕੁੜੀ ਨਾਲ ਗੱਲਬਾਤ ਹੋਈ ਸੀ। ਹਾਲਾਂਕਿ ਉਕਤ ਚੈਟ 2023 ਦੀ ਹੈ। ਸਾਨੂੰ ਸ਼ੱਕ ਹੈ ਕੀ ਕੋਈ ਬੰਦਾ ਕੁੜੀ ਬਣਕੇ ਇਸ ਨਾਲ ਚੈਟ ਕਰ ਰਿਹਾ ਹੈ ਅਤੇ ਉਸਨੇ ਗੂਗਲ ਤੋਂ ਫੋਟੋ ਡਾਊਨਲੋਡ ਕਰਕੇ ਵੀ ਇਸ ਨੂੰ ਭੇਜੀਆ ਹਨ। ਅਨਪੜ ਹੋਣ ਕਾਰਨ ਇਸ ਨੂੰ ਇਸ ਬਾਰੇ ਕੁਝ ਪਤਾ ਨਹੀਂ ਲੱਗਿਆ। ਅਸੀਂ ਇਹ ਜਾਂਚ ਕਰ ਰਹੇ ਹਾਂ ਕਿ ਇਸਨੇ ਕੋਈ ਜਾਣਕਾਰੀ ਉਸਨੂੰ ਭੇਜੀ ਹੈ ਜਾ ਨਹੀਂ, ਜੇਕਰ ਭੇਜੀ ਵੀ ਹੈ ਤਾਂ ਕਿਸ ਕਾਰਨ ਭੇਜੀ ਹੈ।
ਦਰਅਸਲ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਫੌਜੀ ਛਾਉਣੀਆਂ ਵਿੱਚ ਨਿੱਜੀ ਤੌਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਬਠਿੰਡਾ ਕੈਂਟ ਵਿੱਚ ਵੀ ਕਈ ਦਿਨਾਂ ਤੋਂ ਫੌਜ ਦੀ ਖੁਫੀਆ ਵਿੰਗ ਛਾਉਣੀ ਦੇ ਅੰਦਰ ਨਿੱਜੀ ਤੌਰ 'ਤੇ ਕੰਮ ਕਰਨ ਵਾਲਿਆਂ ਦੀ ਜਾਂਚ ਕਰ ਰਹੀ ਸੀ। ਇਸ ਜਾਂਚ ਦੌਰਾਨ ਫੌਜ ਦੀ ਖੁਫੀਆ ਵਿੰਗ ਦੀ ਟੀਮ ਨੇ ਛਾਉਣੀ ਵਿੱਚ ਮੋਚੀ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ। ਉਨ੍ਹਾਂ ਨੂੰ ਇੱਕ ਵਟਸਐਪ ਚੈਟ ਮਿਲੀ ਜਿਸ ਵਿੱਚ ਉਸ ਦੀ ਪਾਕਿਸਤਾਨ ਦੀ ਇੱਕ ਕੁੜੀ ਨਾਲ ਗੱਲਬਾਤ ਹੋਈ ਸੀ।