ਲੁਧਿਆਣਾ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਖਿਰਕਾਰ ਪੰਜਾਬ ਦੇ ਵਿੱਚ 120 ਮਾਈਕਰੋਨ ਦਾ ਲਿਫਾਫਾ ਬਣਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਾਫ ਤੌਰ ਉੱਤੇ ਕਿਹਾ ਗਿਆ ਹੈ ਕਿ ਮੋਹਾਲੀ, ਜ਼ੀਰਕਪੁਰ, ਰੋਪੜ ਅਤੇ ਡੇਰਾਬਸੀ ਨੂੰ ਛੱਡ ਕੇ ਪੰਜਾਬ ਦੇ ਬਾਕੀ ਸਾਰੇ ਹੀ ਹਿੱਸਿਆਂ ਦੇ ਵਿੱਚ 120 ਮਾਈਕਰੋਨ ਦਾ ਲਿਫਾਫਾ ਵਰਤਿਆ ਅਤੇ ਬਣਾਇਆ ਜਾ ਸਕਦਾ ਹੈ।
ਇਸ ਫੈਸਲੇ ਨੂੰ ਲੈ ਕੇ ਪਲਾਸਟਿਕ ਇੰਡਸਟਰੀ ਨੂੰ ਵੱਡੀ ਰਾਹਤ ਮਿਲੀ ਹੈ ਜੋ ਕਿ ਪਿਛਲੇ 10 ਸਾਲ ਤੋਂ ਇਸ ਸਬੰਧੀ ਜੱਦੋ-ਜਹਿਦ ਕਰਦੇ ਆ ਰਹੇ ਸਨ ਪਰ ਬੀਤੇ ਦਿਨ ਉਨ੍ਹਾਂ ਦੀ ਪੰਜਾਬ ਦੇ ਮੈਂਬਰ ਪਾਰਲੀਮੈਂਟ ਅਤੇ ਲੁਧਿਆਣਾ ਪੱਛਮੀ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਹੋਈ, ਜਿਨ੍ਹਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਇਹ ਮਸਲਾ ਹੱਲ ਕਰਵਾ ਦਿੱਤਾ ਹੈ।
'ਅਕਾਲੀ ਦਲ ਦੀ ਸਰਕਾਰ ਦੇ ਸਮੇਂ ਲਗਾਈ ਸੀ ਪਾਬੰਦੀ'
ਹਾਲਾਂਕਿ ਇਹ ਲਿਫਾਫਾ ਬਣਾਉਣ ਦੀ ਇਜਾਜ਼ਤ ਪੰਜਾਬ ਦੇ ਨੇੜੇ-ਤੇੜੇ ਦੇ ਸੂਬਿਆਂ ਦੇ ਵਿੱਚ ਪਹਿਲਾਂ ਹੀ ਸੀ। ਦਿੱਲੀ ਦੇ ਵਿੱਚ ਵੀ ਅਜਿਹੇ ਲਿਫਾਫੇ ਬਣਾਏ ਅਤੇ ਵਰਤੇ ਜਾ ਰਹੇ ਸਨ ਪਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਇਹ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਨੂੰ ਹਟਾਉਣ ਦੇ ਲਈ ਇੰਡਸਟਰੀ ਲਗਾਤਾਰ ਮੰਗ ਕਰ ਰਹੀ ਸੀ। ਫੈਸਲੇ ਤੋਂ ਬਾਅਦ ਪੰਜਾਬ ਦੇ ਖਾਸ ਕਰਕੇ ਪਲਾਸਟਿਕ ਕਾਰੋਬੀਆਂ ਦੇ ਵਿੱਚ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।

ਕਾਰੋਬਾਰੀਆਂ ਨੇ ਕੀਤਾ ਧੰਨਵਾਦ
ਪਲਾਸਟਿਕ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਲਗਭਗ 250 ਦੇ ਕਰੀਬ ਫੈਕਟਰੀਆਂ ਹਨ ਜਿਨ੍ਹਾਂ ਦੇ ਵਿੱਚ ਲਿਫਾਫੇ ਬਣਾਏ ਜਾਂਦੇ ਸਨ। ਹੁਣ ਉਹ ਮੁੜ ਤੋਂ ਸ਼ੁਰੂ ਹੋ ਸਕਣਗੀਆਂ ਕਿਉਂਕਿ ਇਨ੍ਹਾਂ 'ਤੇ ਪਾਬੰਦੀ ਲੱਗਣ ਕਰਕੇ ਇਹ ਫੈਕਟਰੀਆਂ ਦੇ ਵਿੱਚ ਬੰਦ ਕਰ ਦਿੱਤੇ ਗਏ ਸਨ। ਜਿਸ ਨਾਲ ਕਈ ਲੋਕਾਂ ਦਾ ਰੁਜ਼ਗਾਰ ਖੁਸ ਗਿਆ ਸੀ। ਕਾਰੋਬਾਰੀਆਂ ਨੇ ਇਸ ਨੂੰ ਵੱਡੀ ਰਾਹਤ ਦੱਸਿਆ ਹੈ ਅਤੇ ਸਰਕਾਰ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਐਮਪੀ ਅਤੇ ਪੱਛਮੀ ਹਲਕੇ ਤੋਂ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਇੰਡਸਟਰੀ ਦੇ ਨੁਮਾਇੰਦਿਆਂ ਦੇ ਨਾਲ ਬੀਤੇ ਦਿਨ ਬੈਠਕ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਬੰਧੀ ਹੱਲ ਕੀਤਾ ਅਤੇ ਕਾਫੀ ਲੰਬੇ ਸਮੇਂ ਤੋਂ ਜੋ ਮੰਗ ਚੱਲਦੀ ਆ ਰਹੀ ਸੀ ਉਸ ਦਾ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਗੇ ਵੀ ਇਨ੍ਹਾਂ ਦੇ ਜੋ ਹੋਰ ਮਸਲੇ ਹੋਣਗੇ ਉਨ੍ਹਾਂ ਦਾ ਹੱਲ ਕਰਾਂਗੇ।