ਬਠਿੰਡਾ: ਪੰਜਾਬ ਦੇ ਵੱਡੀ ਆਬਾਦੀ ਵਾਲੇ ਪਿੰਡਾਂ ਵਿੱਚੋਂ ਇੱਕ ਪਿੰਡ ਮਹਿਰਾਜ ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਕਸਬਾ ਰਾਮਪੁਰਾ ਫੂਲ ਦੇ ਨਜ਼ਦੀਕ ਸਥਿਤ ਹੈ। ਇਸ ਪਿੰਡ ਦੀ ਆਬਾਦੀ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਇੱਥੇ 35 ਹਜ਼ਾਰ ਦੇ ਕਰੀਬ ਆਬਾਦੀ ਹੈ, ਜਿੱਥੇ 15 ਕੁ ਹਜ਼ਾਰ ਦੇ ਕਰੀਬ ਵੋਟਰ ਹਨ। ਇਸ ਪਿੰਡ ਵਿੱਚ ਇੱਕ ਨਗਰ ਪੰਚਾਇਤ ਅਤੇ 8 ਪੰਚਾਇਤਾਂ ਹਨ। ਚਾਰ ਪੱਤੀਆਂ ਵਿੱਚ ਵੰਡੇ ਹੋਏ ਇਸ ਪਿੰਡ ਮਹਿਰਾਜ ਦਾ ਬੜਾ ਵੱਡਾ ਇਤਿਹਾਸ ਹੈ। ਇਹ ਪਿੰਡ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ।
ਅਕਬਰ ਬਾਦਸ਼ਾਹ ਨੇ ਜ਼ਮੀਨ ਦਾ ਮਾਲੀਆ ਕੀਤਾ ਸੀ ਮੁਆਫ, ਬਾਬਾ ਮੋਹਨ ਨਾਲ ਜੁੜਿਆ ਇਤਿਹਾਸ
ਪਿੰਡ ਮਹਿਰਾਜ ਦੀ ਨਗਰ ਪੰਚਾਇਤ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ ਅਤੇ ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਬਾਬਾ ਕਾਲੂ ਨਾਥ ਦਾ ਡੇਰਾ ਨਥਾਣਾ ਕਸਬੇ ਦੇ ਕੋਲ ਹੈ। ਉੱਥੇ ਹੱਜ ਕਰਨ ਸਮੇਂ ਬਾਦਸ਼ਾਹ ਅਕਬਰ ਰੁਕੇ ਸਨ। ਅਕਬਰ ਬਾਦਸ਼ਾਹ ਬਾਬਾ ਕਾਲੂ ਨਾਥ ਤੋਂ ਬਹੁਤ ਜਿਆਦਾ ਪ੍ਰਭਾਵਿਤ ਹੋਏ ਸਨ ਅਤੇ ਉਨਾਂ ਵੱਲੋਂ ਸਵਾ ਲੱਖ ਕਮਾ ਜਮੀਨ ਦਾ ਪਟਾ ਬਾਬਾ ਕਾਲੂ ਨਾਥ ਲਿਖਤੀ ਰੂਪ ਵਿੱਚ ਦਿੱਤਾ ਸੀ। ਬਾਬਾ ਕਾਲੂ ਨੇ ਬਾਦਸ਼ਾਹ ਅਕਬਰ ਨੂੰ ਸਵਾਲ ਕੀਤਾ ਕਿ ਤੁਸੀਂ ਸਵਾ ਲੱਖ ਕਮਾ ਜ਼ਮੀਨ ਤਾਂ ਦੇ ਦਿੱਤੀ ਹੈ, ਪਰ ਇਸ ਦਾ ਮਾਲੀਆ ਕੌਣ ਭਰੇਗਾ? ਤਾਂ, ਅਕਬਰ ਬਾਦਸ਼ਾਹ ਨੇ ਸਵਾ ਲੱਖ ਕਮਾ ਜ਼ਮੀਨ ਦਾ ਮਾਲੀਆ ਮਾਫ ਕਰ ਦਿੱਤਾ ਸੀ, ਜੋ ਕਿ ਦੇਸ਼ ਦੇ ਆਜ਼ਾਦ ਹੋਣ ਯਾਨੀ 1947 ਤੱਕ ਮਾਫ ਰਿਹਾ।
ਬਾਬਾ ਕਾਲੂ ਨਾਥ ਨੇ ਸਵਾ ਲੱਖ ਕਮਾ ਜ਼ਮੀਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਤੀ ਸੀ। ਇਸ ਦੌਰਾਨ ਹੀ ਜੈਸਲਮੇਰ ਤੋਂ ਲੜਾਈ ਲੜਦੇ ਹੋਏ ਬਾਬਾ ਮੋਹਨ ਇਸ ਸਥਾਨ ਉੱਤੇ ਪਹੁੰਚੇ ਸਨ ਅਤੇ ਆਪਣੀ ਲਈ ਜ਼ਮੀਨ ਦੀ ਤਲਾਸ਼ ਕਰ ਰਹੇ ਸਨ।
ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਜੁੜਿਆ ਧਾਰਮਿਕ ਪਿਛੋਕੜ, ਪਿੰਡ ਮਹਿਰਾਜ ਕਿਵੇਂ ਵਸਿਆ?
ਸੰਨ 1684 ਵਿਕਰਮੀ ਸਦੀ ਵਿੱਚ ਮਹਿਰਾਜ ਦੀ ਧਰਤੀ ਉੱਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਹੁੰਚੇ, ਜਿਨ੍ਹਾਂ ਦੀ ਸੇਵਾ ਬਾਬਾ ਮੋਹਨ ਅਤੇ ਉਨ੍ਹਾਂ ਦੇ ਸਪੁੱਤਰ ਕੁਲ ਚੰਦ, ਦਇਆ ਚੰਦ, ਰੂਪ ਚੰਦ ਅਤੇ ਕਰਮ ਚੰਦ ਵੱਲੋਂ ਕੀਤੀ ਗਈ। ਬਾਬਾ ਮੋਹਨ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਨੂੰ ਰਹਿਣ ਲਈ ਜ਼ਮੀਨ ਦਿੱਤੀ ਜਾਵੇ, ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਵਾ ਲੱਖ ਕਮਾ ਜ਼ਮੀਨ ਉਨ੍ਹਾਂ ਵੱਲੋਂ ਬਾਬਾ ਮੋਹਨ ਨੂੰ ਦਿੱਤੀ ਗਈ ਅਤੇ ਇੱਕ ਮੋੜੀ ਲਗਾਉਣ ਨੂੰ ਦਿੱਤੀ ਗਈ। ਪਰ, ਮੋੜੀ ਨੂੰ ਭੁੱਲਰ ਭਾਈਚਾਰੇ ਦੇ ਲੋਕਾਂ ਵੱਲੋਂ ਪੱਟ ਕੇ ਸੁੱਟ ਦਿੱਤਾ ਗਿਆ।

ਇਸ ਦੀ ਫਰਿਆਦ ਲੈ ਕੇ ਬਾਬਾ ਮੋਹਨ ਸ੍ਰੀ ਗੁਰੂ ਹਰਗੋਬਿੰਦ ਪਾਸ ਗਏ, ਜਿਨ੍ਹਾਂ ਵੱਲੋਂ ਮੋੜੀ ਦੇ ਹਾਲਾਤ ਜਾਨਣ ਤੋਂ ਬਾਅਦ ਬਚਨ ਕੀਤੇ ਗਏ ਕਿ ਬਾਬਾ ਮੋਹਨ ਦੀਆਂ ਜੜਾਂ ਪਤਾਲ ਵਿੱਚ ਲੱਗ ਗਈਆਂ ਹਨ ਅਤੇ ਬਾਬਾ ਮੋਹਨ ਦੇ ਪੁੱਤਰ ਕਾਲੂ ਦੀ ਜੰਗ ਜੈਦ ਪੁਰਾਣਾ ਨਾਲ ਹੋਈ, ਜਿਨ੍ਹਾਂ ਵੱਲੋਂ ਜੰਗ ਜਿੱਤੀ ਗਈ ਅਤੇ ਫਿਰ ਮੁਗਲਾਂ ਨਾਲ ਤੀਸਰੀ ਜੰਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਹੋਈ ਜਿਸ ਵਿੱਚ ਉਨ੍ਹਾਂ ਦਾ ਸਾਥ ਬਾਬਾ ਮੋਹਨ ਅਤੇ ਉਨ੍ਹਾਂ ਦੇ ਪੁੱਤਰਾਂ ਨੇ ਦਿੱਤਾ।
ਇਸ ਤੋਂ ਖੁਸ਼ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਮੋਹਨ ਨੂੰ ਸਵਾ ਲੱਖ ਕਮਾ ਜਮੀਨ ਦਿੱਤੀ ਸੀ ਇਸ ਜਮੀਨ ਉੱਪਰ ਹੀ ਪਿੰਡ ਮਹਿਰਾਜ ਵਸਿਆ ਹੋਇਆ ਹੈ ਅਤੇ ਬਾਬਾ ਮੋਹਨ ਦੇ ਪੁੱਤਰਾਂ ਦੇ ਨਾਂ ਤੇ ਚਾਰ ਵੱਖ ਵੱਖ ਪੱਤੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਮਹਿਰਾਜ
ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਦਾ ਇਹ ਜੱਦੀ ਪਿੰਡ ਹੈ। ਜਦੋਂ ਕਾਂਗਰਸ ਵੇਲ੍ਹੇ ਕੈਪਟਨ ਅਮਰਿੰਦਰ ਸਿੰਘ ਸਾਲ 2002 ਵਿੱਚ ਸੱਤਾ ਵਿੱਚ ਆਈ, ਤਾਂ ਇੱਥੇ ਕਾਫੀ ਵਿਕਾਸ ਕੀਤਾ ਗਿਆ। ਨਗਰ ਪੰਚਾਇਤ ਦੇ ਸਾਬਕਾ ਮੀਤ ਪ੍ਰਧਾਨ ਨੇ ਦੱਸਿਆ ਕਿ ਉਸ ਸਮੇਂ ਕੈਪਟਨ ਵਲੋਂ 25 ਕਰੋੜ ਰੁਪਏ ਤੋਂ ਵੱਧ ਪੈਕੇਜ ਦਿੱਤਾ ਗਿਆ ਸੀ ਜਿਸ ਨਾਲ ਪਿੰਡ ਵਿੱਚ ਸਿੱਖਿਆ ਤੋਂ ਲੈ ਕੇ ਸਿਹਤ ਤੱਕ ਕਾਫੀ ਵਿਕਾਸ ਕੀਤਾ ਹੋਇਆ।
ਪਿੰਡ ਤੋਂ ਕਈ ਨਾਮਵਰ ਸ਼ਖਸ਼ੀਅਤਾਂ
ਪਿੰਡ ਮਹਿਰਾਜ ਨਾਲ ਕਈ ਨਾਮਵਰ ਸ਼ਖਸ਼ੀਅਤਾਂ ਦਾ ਪਿਛੋਕੜ ਜੁੜਿਆ ਹੋਇਆ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ, ਰਿਟਾਇਰਡ ਮੇਜਰ ਗੁਰਦਿਆਲ ਸਿੰਘ, ਰਿਟਾਇਰਡ ਮੇਜਰ ਜਨਰਲ ਉਦੈਭਾਨ ਸਿੰਘ, ਰਿਟਾਇਰਡ ਡੀਐਸਪੀ ਗੁਰਬਚਨ ਸਿੰਘ, ਡੀਐਸਪੀ ਡੂੰਗਰ ਸਿੰਘ ਅਤੇ ਪੰਜਾਬ ਚੋਣ ਕਮਿਸ਼ਨ ਦੇ ਮੁਖੀ ਰਹੀ ਬੀਬੀ ਕੁਸਮਜੀਤ ਸਿੱਧੂ, ਸਿੱਖਿਆ ਬੋਰਡ ਦੇ ਸਕੱਤਰ ਰਿਟਾਇਰਡ ਜਗਜੀਤ ਸਿੰਘ ਲੈਂਡ ਮਾਰਕੇਜ ਬਠਿੰਡਾ ਦੇ ਡਾਇਰੈਕਟਰ ਜੋਗਿੰਦਰ ਸਿੰਘ ਨਿਸ਼ਾਨਚੀ ਗੁਰਦੇਵ ਸਿੰਘ ਆਦਿ ਦੇ ਨਾਂਅ ਸ਼ਾਮਿਲ ਹਨ।