ਬਠਿੰਡਾ: ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ ਵਿੱਚ ਬਿਜਲੀ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਕਿਉਕਿ ਗਰਮੀ ਵਿੱਚ ਬਿਜਲੀ ਨਾ ਹੋਣ ਕਰਕੇ ਬਿਨਾਂ ਪੱਖਿਆਂ ਤੋਂ ਦਿਨ ਕੱਟਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਗਰਮੀਆਂ ਵਿੱਚ ਕਈ ਜਗ੍ਹਾਂ ਬਿਜਲੀ ਦੇ ਕੱਟਾਂ ਤੋਂ ਲੋਕ ਪਰੇਸ਼ਾਨ ਹਨ। ਦੱਸ ਦਈਏ ਕਿ ਬਠਿੰਡਾ ਦੇ ਗੋਪਾਲ ਨਗਰ ਵਿੱਚ ਵੋਲਟੇਜ ਘੱਟ ਹੋਣ ਕਰਕੇ ਪਿਛਲੇ 18 ਦਿਨਾਂ ਤੋਂ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਹੁਣ ਲੋਕਾਂ ਨੇ ਹੱਥ ਵਿੱਚ ਪੱਖੀਆਂ ਫੜ੍ਹ ਕੇ ਬਿਜਲੀ ਬੋਰਡ ਅਧਿਕਾਰੀਆਂ ਖਿਲਾਫ਼ ਪ੍ਰਦਰਸ਼ਨ ਕੀਤਾ ਹੈ।
ਇਸ ਮਾਮਲੇ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੱਢਿਆ ਗਿਆ। ਲੋਕਾਂ ਨੇ ਆਪਣੇ ਕੌਂਸਲਰ ਹਰਵਿੰਦਰ ਲੱਡੂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੇ ਅਧਿਕਾਰੀਆਂ ਖਿਲਾਫ਼ ਹੱਥਾਂ ਵਿੱਚ ਪੱਖੀਆਂ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ ਗੱਲ ਕਦੋਂ ਸੁਣੀ ਜਾਵੇਗੀ ਅਤੇ ਸਾਡੇ ਮਸਲੇ ਦਾ ਕਦੋਂ ਹੱਲ ਹੋਵੇਗਾ? ਲੋਕਾਂ ਨੇ ਅੱਗੇ ਕਿਹਾ ਕਿ 45 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਘਰਾਂ ਵਿੱਚ ਦਿਨ ਰਾਤ ਕੱਟਣੀ ਮੁਸ਼ਕਿਲ ਹੋ ਗਈ ਹੈ, ਕਿਉਂਕਿ ਵੋਲਟੇਜ ਘੱਟ ਹੋਣ ਕਾਰਨ ਨਾ ਤਾਂ ਕੋਈ ਪੱਖਾ ਚੱਲਦਾ ਹੈ, ਨਾ ਕੂਲਰ ਅਤੇ ਨਾ ਹੀ ਫਰਿੱਜ ਚੱਲ ਰਹੀ ਹੈ।
ਅੱਜ ਦੇ ਸਮੇਂ ਵਿੱਚ ਕਈ ਲੋਕਾਂ ਦੇ ਘਰਾਂ 'ਚ ਇੰਨਵਰਟਰ ਹਨ ਪਰ ਗਰੀਬ ਲੋਕਾਂ ਲਈ ਬਿਜਲੀ ਨਾ ਹੋਣਾ ਵੱਡੀ ਸਮੱਸਿਆ ਹੈ, ਕਿਉਕਿ ਅਜਿਹੇ ਲੋਕਾਂ ਦੇ ਘਰ ਇੰਨਵਰਟਰ ਨਹੀਂ ਹੁੰਦੇ। ਇਹ ਲੋਕ ਪੱਖੇ ਅਤੇ ਕੂਲਰਾਂ ਨਾਲ ਹੀ ਆਪਣਾ ਦਿਨ ਕੱਟਦੇ ਹਨ। ਇਸ ਲਈ ਲੋਕਾਂ ਨੇ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ, ਲੋਕਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੇ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਉਹ ਐਸਡੀਓ ਪਰਸਰਾਮ ਨਗਰ ਅਤੇ ਐਕਸੀਅਨ ਬਠਿੰਡਾ ਸਿਟੀ ਬਿਜਲੀ ਬੋਰਡ ਦੇ ਦਫ਼ਤਰ ਅੱਗੇ ਵੱਡੀ ਗਿਣਤੀ ਵਿੱਚ ਧਰਨਾ ਲਗਾਉਣਗੇ।
ਇਹ ਵੀ ਪੜ੍ਹੋ:-