ਬਠਿੰਡਾ: ਬੀਤੇ ਦਿਨ ਪਿਛਲੇ 70 ਦਿਨਾਂ ਤੋਂ ਆਦਰਸ਼ ਸਕੂਲ ਚਾਉਕੇ ਵਿਖੇ ਮੈਨੇਜਮੈਂਟ ਖਿਲਾਫ ਅਧਿਆਪਕ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਖੁਦੇੜਨ ਤੋਂ ਬਾਅਦ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਸਕੂਲ ਨੂੰ ਜਿੰਦਰਾ ਲਗਾ ਕੇ ਕੀਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ
ਦੱਸ ਦੇਈਏ ਕਿ ਸਕੂਲ ਵਿੱਚੋਂ ਅਧਿਆਪਕਾਂ ਨੂੰ ਫਾਰਗ ਕਰਨ ਦੇ ਵਿਰੋਧ ਵਿੱਚ ਫਾਰਗ ਕੀਤੇ ਗਏ ਅਧਿਆਪਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸਕੂਲ ਅੱਗੇ ਪਿਛਲੇ ਕਰੀਬ 2 ਮਹੀਨੇ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਸਕੂਲ ਸਟਾਫ ਨੂੰ ਅੰਦਰ ਬੰਦ ਕਰਕੇ ਸਕੂਲ ਨੂੰ ਜਿੰਦਰਾ ਲਗਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਧਰਨਾਕਾਰੀਆਂ ਨੂੰ ਭਜਾ ਦਿੱਤਾ ਸੀ ਅਤੇ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਲਾਠੀਚਾਰਜ ਕਰਨ ਅਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ।
ਸਕੂਲ ਦੇ ਗੇਟ ਬੰਦ ਕਰਕੇ ਸਟਾਫ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼
ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨਾਲ ਪ੍ਰਸ਼ਾਸਨ ਵੱਲੋਂ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਉਸਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਧਰਨਾ ਜਾਰੀ ਰੱਖਿਆ ਅਤੇ ਬੀਤੇ ਦਿਨ ਸਕੂਲ ਸਟਾਫ ਨੂੰ ਸਕੂਲ ਵਿੱਚ ਬੰਦ ਕਰਕੇ ਜਿੰਦਰਾ ਲਗਾ ਦਿੱਤਾ, ਜਿਸ ਕਾਰਨ ਪੁਲਿਸ ਨੂੰ ਕਾਰਵਾਈ ਕਰਨੀ ਪਈ।
ਅਧਿਆਪਕਾਂ ਨੂੰ ਅੰਦਰ ਬੰਦਕ ਬਣਾ ਲਿਆ
ਐੱਸਪੀ ਸਿਟੀ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਪਰ ਉਸਦੇ ਬਾਵਜੂਦ ਵੀ ਉਨ੍ਹਾਂ ਨੇ ਅਧਿਆਪਕਾਂ ਨੂੰ ਅੰਦਰ ਬੰਧਕ ਬਣਾ ਲਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਦੀ ਵੀ ਨਾ ਹੀ ਤਾਂ ਕੁੱਟਮਾਰ ਕੀਤੀ ਗਈ ਹੈ ਅਤੇ ਨਾ ਹੀ ਲਾਠੀਚਾਰਜ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਸਰਕਾਰੀ ਡਿਊਟੀ ਵਿੱਚ ਵਿਗੜ ਪਾਇਆ। ਜਿਸ ਕਰਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਪ੍ਰਦਰਸ਼ਨਕਾਰੀਆਂ ਨਾਲ ਪ੍ਰਸ਼ਾਸਨ ਮੀਟਿੰਗ ਕਰਨ ਲਈ ਤਿਆਰ ਹੈ ਅਤੇ ਮਾਮਲਾ ਬੈਠ ਕੇ ਹੱਲ ਕਰਨਾ ਚਾਹੁੰਦਾ ਹੈ।