ਬਰਨਾਲਾ: ਅੱਜ ਜਦੋਂ ਦੁਨੀਆਂ ਭਰ ਵਿੱਚ ਅੰਤਰਰਾਸ਼ਟਰੀ ਕਿਤਾਬ ਦਿਵਸ ਮਨਾਇਆ ਜਾ ਰਿਹਾ ਹੈ ਤਾਂ ਦੁਨੀਆਂ ਭਰ ਵਿੱਚ ਕਿਤਾਬਾਂ ਦੀ ਮਹੱਤਤਾ ਬਾਰੇ ਚਰਚਾ ਹੋ ਰਹੀ ਹੈ। ਮੋਬਾਇਲ ਯੁੱਗ ਵਿੱਚ ਲੋਕ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹਨ। ਖਾਸ ਕਰਨ ਨਵੀਂ ਪੀੜ੍ਹੀ ਸਾਹਿਤ ਤੋਂ ਬਿਲਕੁਲ ਦੂਰ ਹੁੰਦੀ ਜਾ ਰਹੀ ਹੈ। ਅੱਜ ਅਸੀਂ ਸਾਹਿਤ ਦਾ ਮੱਕਾ ਕਹੇ ਜਾਂਦੇ ਬਰਨਾਲਾ ਜਿਲ੍ਹੇ ਬਾਰੇ ਕਰਾਂਗੇ, ਜਿੱਥੇ ਪੰਜਾਬ ਸਮੇਤ ਕੌਮੀ ਪੱਧਰ 'ਤੇ ਨਾਮੀ ਲੇਖਕ ਪੈਦਾ ਹੋਏ, ਜਿਨ੍ਹਾਂ ਨੇ ਸਾਹਿਤ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ। ਉੱਥੇ ਇਹ ਜਿਲ੍ਹਾ ਅਜੇ ਵੀ ਸਾਹਿਤ ਦਾ ਚਿਣਕ ਜਿਉਂਦਾ ਰੱਖ ਰਿਹਾ ਹੈ।
ਦਰਜਨ ਤੋਂ ਵੱਧ ਸਾਹਿਤ ਸਭਾਵਾਂ
ਬਰਨਾਲਾ ਵਿੱਚ ਅੱਜ ਵੀ ਦਰਜਨ ਤੋਂ ਵੱਧ ਸਾਹਿਤ ਸਭਾਵਾਂ ਕੰਮ ਕਰਦੀਆਂ ਹਨ, ਜੋ ਹਰ ਹਫ਼ਤੇ ਸਾਹਿਤਕ ਸਮਾਗਮ ਕਰਵਾ ਰਹੀਆਂ ਹਨ। ਇੱਥੋਂ ਦੇ ਲੇਖਕਾਂ ਦਾ ਦੁਨੀਆਂ ਭਰ ਵਿੱਚ ਵੱਡਾ ਨਾਮ ਰਿਹਾ ਹੈ। ਜਿਨ੍ਹਾਂ ਦੀਆਂ ਲਿਖ਼ਤਾਂ ਨੂੰ ਅਕਸਰ ਵਿਸ਼ੇਸ਼ ਮੌਕਿਆਂ ਉਪਰ ਬੋਲਿਆ ਜਾਂ ਸੁਣਿਆ ਜਾਂਦਾ ਹੈ। ਇਨ੍ਹਾਂ ਵਿੱਚ ਸੰਤ ਰਾਮ ਉਦਾਸੀ, ਬਲਵੰਤ ਗਾਰਗੀ, ਰਾਮ ਸਰੂਪ ਅਣਖ਼ੀ, ਦਵਿੰਦਰ ਸਤਿਆਰਥੀ, ਓਮ ਪ੍ਰਕਾਸ਼ ਗਾਸੋ, ਬੂਟਾ ਸਿੰਘ ਚੌਹਾਨ ਸਮੇਤ ਹੋਰ ਵੀ ਕਈ ਨਾਮੀ ਹਸਤੀਆਂ ਸ਼ਾਮਲ ਹਨ। ਇਸ ਬਾਰੇ ਈਟੀਵੀ ਭਾਰਤ ਨਾਲ ਵਿਸ਼ੇ਼ਸ ਤੌਰ 'ਤੇ ਸਾਹਿਤਕਾਰ ਅਤੇ ਪੰਜਾਬੀ ਦੇ ਪ੍ਰੋਫ਼ੈਸਰ ਡਾ. ਤਰਸਪਾਲ ਕੌਰ ਨੇ ਗੱਲਬਾਤ ਕੀਤੀ ਅਤੇ ਆਪਣਾ ਤਜ਼ੁਰਬਾ ਸਾਂਝਾ ਕੀਤਾ।
ਬਰਨਾਲੇ ਨਾਲ ਗੂੜਾ ਸਬੰਧ
ਐਸ.ਡੀ ਕਾਲਜ ਬਰਨਾਲਾ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਡਾ.ਤਰਸਪਾਲ ਕੌਰ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਪੁਸਤਕ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਤਰ੍ਹਾਂ ਸਰੀਰ ਦੀ ਤੰਦਰੁਸਤੀ ਲਈ ਭੋਜਨ ਜਰੂਰੀ ਹੈ ਉਸ ਤਰ੍ਹਾਂ ਮਾਨਸਿਕ ਤੰਦਰੁਸਤੀ ਲਈ ਤਾਬਾਂ ਤੇ ਸਾਹਿਤਕ ਜਰੂਰੀ ਹਨ। ਬਰਨਾਲਾ ਵਿੱਚ ਅਨੇਕਾਂ ਲੇਖਕ ਅਤੇ ਸਾਹਿਤਕ ਹੋਏ ਹਨ। ਬਰਨਾਲਾ ਦੇ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਅੰਤਰਰਾਸ਼ਟਰੀ ਪੁਰਸਕਾਰ ਮਿਲ ਹਨ। ਇੰਟਰਨੈਟ ਆਉਣ ਕਾਰਨ ਪੁਸਤਕਾਂ ਅਤੇ ਸਾਹਿਤਕਾਰ ਵੱਲ ਵਿਦਿਆਰਥੀ ਬਹੁਤ ਘੱਟ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੁਸਤਕਾ ਸਾਡੀ ਜੀਵਨ ਜਾਂਚ ਨੂੰ ਬਦਲਦੀਆਂ ਹਨ ਅਤੇ ਹਰ ਵਿਅਕਤੀ ਨੂੰ ਪੁਸਤਕਾਂ ਤੇ ਸਾਹਿਤਕ ਪੜਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਸਰੀਰ ਲਈ ਭੋਜਨ ਕਰਨਾ ਜਰੂਰੀ ਹੈ। ਉਸੇ ਤਰ੍ਹਾਂ ਮਾਨਸਿਕ ਵਿਕਾਸ ਲਈ ਪੁਸਤਕਾਂ ਤੇ ਸਾਹਿਤ ਪੜਨਾ ਵੀ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਨੂੰ ਸਾਹਿਤਕ ਦੇ ਮੱਕੇ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਅਤੇ ਪੁਸਤਕਾਂ ਤੇ ਸਾਹਿਤਕਾਂ ਦਾ ਬਰਨਾਲੇ ਨਾਲ ਗੂੜਾ ਸਬੰਧ ਬਣਿਆ ਹੋਇਆ ਹੈ।

ਪ੍ਰੋਫ਼ੈਸਰ ਡਾ.ਤਰਸਪਾਲ ਕੌਰ ਨੇ ਕਿਹਾ ਕਿ ਬਰਨਾਲਾ ਦੇ ਨਵੇਂ ਲੇਖਕ ਪੁਸਤਕਾਂ ਅਤੇ ਸਾਹਿਤਕਾ ਨਾਲ ਜੁੜ ਰਹੇ ਹਨ। ਬਰਨਾਲੇ ਦੇ ਵਿੱਚ ਰਾਮ ਸਰੂਪ ਅਣਖੀ ਨੇ ਅੰਤਰਰਾਸ਼ਟਰੀ ਕਾਮਨਾ ਖੱਟਿਆ ਹੈ। ਉਨ੍ਹਾਂ ਦੇ ਨਾਵਲਾਂ ਨੂੰ ਭਾਰਤੀ ਸਾਹਿਤਕਾਰੀ ਦੇ ਪੁਰਸਕਾਰ ਵੀ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਓਮ ਪ੍ਰਕਾਸ਼ ਗਾਸੋ, ਇੰਦਰ ਸਿੰਘ ਖਾਮੋਸ਼, ਬੂਟਾ ਸਿੰਘ ਚੌਹਾਨ, ਡਾ. ਤੇਜਾ ਸਿੰਘ ਤਿਲਕ ਤੋਂ ਇਲਾਵਾ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਬਰਨਾਲੇ ਤੋਂ ਲੇਖਕ ਹੋਏ ਹਨ। ਬਰਨਾਲੇ ਦੇ ਆਸ ਪਾਸ ਦਾ ਇਲਾਕਾ ਸਰਗਰਮੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਦੇ ਨੇੜਲੇ ਪਿੰਡ ਰਾਏਸਰ ਵਿੱਚ ਸੰਤ ਰਾਮ ਉਦਾਸੀ ਦਾ ਜਨਮ ਹੋਇਆ। ਦਵਿੰਦਰ ਸਥਿਆਰਥੀ ਜੋ ਲੋਕਧਾਰਾ ਦੇ ਗੀਤਾਂ ਦੇ ਕੰਮ ਕਰਨ ਵਾਲੇ ਹਨ। ਇਨ੍ਹਾਂ ਦਾ ਸੰਬੰਧ ਬਰਨਾਲਾ ਦੇ ਨੇੜੇ ਕਸਬਾ ਭਦੌੜ ਨਾਲ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਬਲਵੰਤ ਗਾਰਗੀ ਪੱਛਮੀ ਰੰਗ ਮੰਚ ਤਕਨੀਕਾਂ ਨੂੰ ਸਾਡੇ ਪੰਜਾਬੀ ਨਾਟਕਾਂ ਦੇ ਰੂਪ ਵਿੱਚ ਲੈ ਕੇ ਆਏ ਹਨ। ਉਨ੍ਹਾਂ ਵੱਲੋਂ ਖੇਡੇ ਗਏ ਨਾਟਕ ਪੱਛਮੀ ਰੰਗ ਮੰਚ 'ਤੇ ਖੇਡੇ ਗਏ ਹਨ। ਇਹ ਉਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਅਤੇ ਅੰਤਰਰਾਸ਼ਟਰੀ ਨਾਮਨਾ ਖੱਟਿਆ ਹੈ। ਉਹ ਬਰਨਾਲਾ ਜ਼ਿਲ੍ਹਾ ਦੇ ਪਿੰਡ ਸਹਿਣਾ ਦੇ ਜੰਮਪਾਲ ਸਨ।
ਪ੍ਰੋਫ਼ੈਸਰ ਡਾ.ਤਰਸਪਾਲ ਕੌਰ ਨੇ ਕਿਹਾ ਕਿ ਅੱਜ ਦਾ ਦੌਰ ਮੋਬਾਈਲ ਫੋਨ ਅਤੇ ਇੰਟਰਨੈਟ ਦਾ ਦੌਰ ਹੈ ਅਤੇ ਵਿਦਿਆਰਥੀਆਂ ਵਿੱਚ ਪੁਸਤਕ ਤੇ ਲਾਇਬਰੇਰੀ ਸੱਭਿਆਚਾਰ ਬਹੁਤ ਘੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਰਨਾਲਾ ਵਿੱਚ ਸਾਹਿਤ ਸਰਗਰਮੀਆਂ ਉਭਰ ਰਹੀਆਂ ਹਨ, ਹਰ ਹਫਤੇ ਕੋਈ ਨਾ ਕੋਈ ਸਰਗਰਮੀ ਰੱਖੀ ਜਾਂਦੀ ਹੈ, ਜਿਸ ਵਿੱਚ ਲੇਖਕ ਤੇ ਕਵੀਆਂ ਦਾ ਮੇਲ ਮਿਲਾਪ ਹੁੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਝੇ ਤੇ ਦੁਆਬੇ ਵਿੱਚੋਂ ਮਾਲਵਾ ਸਾਹਿਤਕ ਦੇ ਵਧੇਰੇ ਨੇੜੇ ਹੈ। ਨਵੇਂ ਲੇਖਕ ਬਰਨਾਲਾ ਵਿੱਚ ਚੱਲ ਰਹੀ ਸਾਹਿਤਕ ਲਹਿਰ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦਾ ਵਾਤਾਵਰਨ ਨਵੇਂ ਲੇਖਕਾਂ ਨੂੰ ਪ੍ਰੇਰਿਤ ਕਰਦਾ ਹੈ। ਇਹ ਬਹੁਤ ਸਕਰਾਤਮਕ ਗੱਲ ਹੈ ਜੋ ਹੋਰ ਇਲਾਕਿਆਂ ਵਿੱਚ ਨਜ਼ਰ ਨਹੀਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਹਰ ਸ਼ਹਿਰ ਵਿੱਚ ਇਹ ਸਰਗਰਮੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਨਵੇਂ ਵਿਦਿਆਰਥੀਆਂ ਨੂੰ ਇਨ੍ਹਾਂ ਪੁਸਤਕਾਂ ਵੱਲ ਜੋੜਿਆ ਜਾਵੇ।
ਸੰਤ ਰਾਮ ਉਦਾਸੀ
ਸੰਤ ਰਾਮ ਉਦਾਸੀ (20 ਅਪ੍ਰੈਲ 1939- 6 ਨਵੰਬਰ 1986) ਪੰਜਾਬੀ ਕਵੀ ਅਤੇ ਗੀਤਕਾਰ ਸੀ। ਉਹ ਆਪਣੇ ਗੀਤ ਆਪ ਹੇਕ ਨਾਲ ਗਾਉਣ ਵਾਲੇ ਕ੍ਰਾਂਤੀਕਾਰੀ ਕਵੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ।ਸੰਤ ਰਾਮ ਉਦਾਸੀ ਦਾ ਜਨਮ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਇੱਕ ਗਰੀਬ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਹਨਾਂ ਵਲੋਂ ਸਰਕਾਰੀ ਸਿਸਟਮ ਅਤੇ ਕਿਰਤੀ ਲੋਕਾਂ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕਰਦੀਆਂ ਲਿਖਤਾਂ ਲਿਖੀਆਂ ਗਈਆਂ ਹਨ। ਖਾਸ ਕਰਕੇ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗੀਤ ਸੰਘਰਸ਼ੀ ਲੋਕਾਂ ਵਿੱਚ ਜੋਸ਼ ਭਰਦੇ ਹਨ। ਕਿਸਾਨੀ ਸੰਘਰਸ਼ ਦੌਰਾਨ ਸਭ ਤੋਂ ਵੱਧ ਸੰਤ ਰਾਮ ਉਦਾਸੀ ਕਿਸਾਨਾਂ ਦੀਆਂ ਸਟੇਜਾਂ ਤੋਂ ਗੂੰਜਦਾ ਰਿਹਾ। ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਸਟੇਜ ਤੋਂ ਗਾਉਂਦੇ ਦਿਖਾਈ ਦਿੰਦੇ ਹਨ। ਖਾਸ ਕਰਕੇ ਉਹ ਸੰਤ ਰਾਮ ਉਦਾਸੀ ਦੀ ਕਵਿਤਾ - ਮੱਘਦਾ ਰਹੀਂ ਵੇ ਸੂਰਜਾ ਕੰਮੀਆ ਦੇ ਵਿਹੜੇ ਅਤੇ ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ ਬਹੁਤ ਮਕਬੂਲ ਰਹੀ ਹੈ।

ਬਲਵੰਤ ਗਾਰਗੀ
ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦਾ ਨਾਟਕਕਾਰ, ਰੇਖਾ ਚਿੱਤਰ ਲੇਖਕ, ਕਹਾਣੀਕਾਰ, ਨਾਵਲਕਾਰ ਅਤੇ ਨਾਟਕ ਦਾ ਖੋਜੀ ਸੀ। ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ (ਜਿਲ੍ਹਾ ਬਠਿੰਡਾ) ਦੀ ਨਹਿਰੀ ਕੋਠੀ ਵਿਖੇ ਹੋਇਆ। ਉਸ ਦੇ ਪਿਤਾ ਦਾ ਨਾਂ ਬਾਬੂ ਸ਼ਿਵ ਚੰਦ ਸੀ। ਉਸ ਨੇ ਐਫ. ਸੀ.ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਸ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਸ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ। ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦਾ ਅਧਿਆਪਕ ਰਿਹਾ। ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ । ਭਾਰਤ ਦੇ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਖੇਡੇ ਗਏ।

ਬਲਵੰਤ ਗਾਰਗੀ ਨੇ ਲੋਹਾ ਕੁੱਟ, ਕੇਸਰੋ, ਕਣਕ ਦੀ ਬੱਲੀ, ਸੋਹਣੀ ਮਹੀਵਾਲ, ਸੁਲਤਾਨ ਰਜ਼ੀਆ, ਸੌਂਕਣ, ਮਿਰਜ਼ਾ ਸਾਹਿਬਾ ਅਤੇ ਧੂਣੀ ਦੀ ਅੱਗ ਅਤੇ ਛੋਟੀਆਂ ਕਹਾਣੀਆਂ ਮਿਰਚਾਂ ਵਾਲਾ ਸਾਧ, ਪੱਤਣ ਦੀ ਬੇੜੀ ਅਤੇ ਕੁਆਰੀ ਦੀਸੀ ਸਮੇਤ ਕਈ ਨਾਟਕ ਲਿਖੇ। ਉਸਦੇ ਨਾਟਕਾਂ ਦਾ 12 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ, ਅਤੇ ਮਾਸਕੋ, ਲੰਡਨ, ਨਵੀਂ ਦਿੱਲੀ ਅਤੇ ਸੰਯੁਕਤ ਰਾਜ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਖੇਡੇ ਗਏ। 1944 ਵਿੱਚ ਗਾਰਗੀ ਦਾ ਪਹਿਲਾ ਨਾਟਕ ਲੋਹਾ ਕੁੱਟ ਪੰਜਾਬ ਦੇ ਪੇਂਡੂ ਖੇਤਰਾਂ ਦੀ ਸਪਸ਼ਟ ਤਸਵੀਰ ਲਈ ਵਿਵਾਦਗ੍ਰਸਤ ਹੋ ਗਿਆ। ਉਸ ਸਮੇਂ, ਉਸਨੇ ਗਰੀਬੀ, ਅਨਪੜ੍ਹਤਾ, ਅਗਿਆਨਤਾ, ਅਤੇ ਅੰਧਵਿਸ਼ਵਾਸ 'ਤੇ ਧਿਆਨ ਕੇਂਦਰਿਤ ਕੀਤਾ ਜੋ ਕਿ ਪੇਂਡੂ ਜੀਵਨ ਨੂੰ ਦਰਸਾਉਂਦਾ ਹੈ, 1949 ਵਿੱਚ ਸੈਲ ਪੱਥਰ, 1950 ਵਿੱਚ ਨਵਾਂ ਮੋੜ ਅਤੇ ਘੁੱਗੀ ਨਾਲ਼ ਜਾਰੀ ਰਿਹਾ। ਲੋਹਾ ਕੁੱਟ ਦੇ 1950 ਦੇ ਸੰਸਕਰਨ ਵਿੱਚ, ਉਸਨੇ ਜੇ.ਐਮ. ਸਿੰਗ ਅਤੇ ਗਾਰਸੀਆ ਲੋਰਕਾ ਤੋਂ ਕਾਵਿਕ ਅਤੇ ਨਾਟਕੀ ਤੱਤ ਦੀ ਪ੍ਰੇਰਨਾ ਲਈ।
ਬਾਅਦ ਵਿੱਚ 1968 ਵਿੱਚ 'ਕਣਕ ਦੀ ਬੱਲੀ' ਅਤੇ 1977 ਵਿੱਚ 'ਧੂਣੀ ਦੀ ਅੱਗ' ਵਰਗੀਆਂ ਰਚਨਾਵਾਂ ਵਿੱਚ, ਉਸਦੀਆਂ ਸ਼ਾਹਕਾਰ ਰਚਨਾਵਾਂ ਬਣ ਗਈਆਂ। ਵਿਸ਼ਾ ਵਸਤੂ ਲਈ ਗਾਰਗੀ ਸਮਾਜਿਕ ਮਾਹੌਲ, ਮਿਥਿਹਾਸ, ਇਤਿਹਾਸ ਅਤੇ ਲੋਕਧਾਰਾ ਉੱਤੇ ਸੁਤੰਤਰ ਰੂਪ ਵਿੱਚ ਚਲਿਆ ਗਿਆ। ਰੂਪ ਅਤੇ ਤਕਨੀਕ ਲਈ ਉਹ ਲੋਰਕਾ ਦੇ ਕਾਵਿ ਨਾਟਕ, ਬ੍ਰੈਖਟ ਦੇ ਮਹਾਂਕਾਵਿ ਥੀਏਟਰ, ਜਾਂ ਆਖ਼ਤੋ ਦੇ ਬੇਰਹਿਮੀ ਦੇ ਥੀਏਟਰ ਦੇ ਰੂਪ ਵਿੱਚ ਸੰਸਕ੍ਰਿਤ ਕਲਾਸਿਕਸ ਉੱਤੇ ਨਿਰਭਰ ਕਰਦਾ ਸੀ। ਆਪਣੇ ਦਰਜਨਾਂ ਪੂਰਨ-ਲੰਬਾਈ ਵਾਲੇ ਨਾਟਕਾਂ ਅਤੇ ਇੱਕ-ਐਕਟ ਨਾਟਕ ਦੇ ਪੰਜ ਸੰਗ੍ਰਹਿ ਦੀ ਰਚਨਾ ਅਤੇ ਪ੍ਰਦਰਸ਼ਨ ਵਿੱਚ ਉਸਨੇ ਯਥਾਰਥਵਾਦੀ ਤੋਂ ਮਿਥਿਹਾਸਕ ਵਿਧਾ ਤੱਕ ਦਾ ਸਫ਼ਰ ਕੀਤਾ। ਇਸ ਨਾਟਕੀ ਕੋਸ਼ ਤੋਂ ਇਲਾਵਾ, ਗਾਰਗੀ ਦੀਆਂ ਛੋਟੀਆਂ ਕਹਾਣੀਆਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਗਈਆਂ। ਨਿਊਯਾਰਕ ਸਿਟੀ ਵਿੱਚ ਪ੍ਰਕਾਸ਼ਿਤ ਇੱਕ ਕਿਤਾਬ, ਫੋਕ ਥੀਏਟਰ ਆਫ਼ ਇੰਡੀਆ, ਅਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦੋ ਸਵੈਜੀਵਨੀ ਮੂਲਕ ਨਾਵਲ, ਦਿ ਨੇਕਡ ਟ੍ਰਾਈਐਂਗਲ (ਨੰਗੀ ਧੂਪ) ਅਤੇ ਦਿ ਪਰਪਲ ਮੂਨਲਾਈਟ (ਕਾਸ਼ਨੀ ਵੇਹੜਾ) ਨੇ ਉਸਨੂੰ ਵਿਸ਼ਵ-ਵਿਆਪੀ ਪ੍ਰਸਿੱਧੀ ਦਵਾਈ।ਬਲਵੰਤ ਗਾਰਗੀ ਪੰਜਾਬੀ ਵਿਚ ਨਾਟਕ ਲਿਖਣ ਦੇ ਮੋਢੀਆਂ ਵਿਚੋਂ ਸੀ ਅਤੇ ਦੂਰਦਰਸ਼ਨ 'ਤੇ ਉਸਦੇ ਨਾਟਕ 'ਸਾਂਝਾ ਚੁੱਲ੍ਹਾ' ਦੇ ਨਿਰਮਾਣ ਅਤੇ ਪ੍ਰਸਾਰਣ ਨੂੰ ਦੇਸ਼ ਭਰ ਵਿਚ ਪ੍ਰਸ਼ੰਸਾ ਮਿਲੀ।
ਰਾਮ ਸਰੂਪ ਅਣਖੀ
ਰਾਮ ਸਰੂਪ ਅਣਖੀ (28 ਅਗਸਤ 1932 - 14 ਫਰਵਰੀ 2010) ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ ਸੀ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ ਉੱਤੇ ਨਾਵਲਕਾਰ ਸੀ। ਅਣਖੀ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦਾ ਚਿਤਰਨ ਕੀਤਾ ਹੈ। 2009 ਵਿੱਚ ਇਸ ਨੂੰ ਕਰਤਾਰ ਸਿੰਘ ਧਾਲੀਵਾਲ ਸਨਮਾਨ ਸਮਾਰੋਹ ਵਿਖੇ ਸਰਬ ਸ਼੍ਰੇਸ਼ਠ ਸਾਹਿਤਕਾਰ ਇਨਾਮ ਨਾਲ ਸਨਮਾਨਿਆ ਗਿਆ ਸੀ। ਅਣਖੀ ਦਾ ਜਨਮ ਉਸ ਦੇ ਜੱਦੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਪੰਜਾਬ ਵਿਖੇ ਪਿਤਾ ਇੰਦਰ ਰਾਮ ਅਤੇ ਮਾਂ ਸੋਧਾਂ ਦੇ ਘਰ 28 ਅਗਸਤ 1932 ਨੂੰ ਹੋਇਆ।

ਅਣਖੀ ਨੇ ਆਪਣਾ ਸਾਹਿਤਕ ਸਫ਼ਰ ਕਵਿਤਾ ਨਾਲ ਸ਼ੁਰੂ ਕੀਤਾ ਸੀ। ਪਹਿਲਾਂ-ਪਹਿਲਾਂ ਉਹਨੇ 'ਬਿਮਲ' ਅਤੇ 'ਮਾਰਕੰਡਾ' ਉਪਨਾਮਾਂ ਹੇਠ ਵੀ ਸ਼ਾਇਰੀ ਕੀਤੀ। ਦਸਵੀਂ ਤੋਂ ਪਿਛੋਂ ਉਹਨੇ ਮਹਿੰਦਰਾ ਕਾਲਜ ਪਟਿਆਲੇ ਦਾਖਲਾ ਲੈ ਲਿਆ 'ਲਲਕਾਰ' ਵਿੱਚ ਉਸਦੀਆਂ ਕਈ ਕਵਿਤਾਵਾਂ ਛਪੀਆਂ। ‘ਮਟਕ ਚਾਨਣਾ’ ਅਤੇ ‘ਕਣਕ ਦੀ ਕਹਾਣੀ’ ਕਾਵਿ-ਸੰਗ੍ਰਹਿ 1957-58 ਵਿਚ ਪ੍ਰਕਾਸ਼ਿਤ ਹੋਏ। 1966 ਵਿਚ ਉਹਨੇ ਕਵਿਤਾ ਲਿਖਣੀ ਛੱਡ ਦਿੱਤੀ ਅਤੇ ਪਹਿਲਾ ਕਹਾਣੀ ਸੰਗ੍ਰਹਿ 'ਸੁੱਤਾ ਨਾਗ' ਇਸੇ ਸਾਲ ਪ੍ਰਕਾਸ਼ਿਤ ਹੋਇਆ। 1970 ਵਿਚ ਉਹਦਾ ਨਾਵਲ 'ਪਰਦਾ ਤੇ ਰੋਸ਼ਨੀ' ਛਪਿਆ।
250 ਤੋਂ ਵੱਧ ਕਹਾਣੀਆਂ ਲਿਖੀਆਂ
ਇਸ ਤਰ੍ਹਾਂ ਕੁੱਲ ਪੰਜ ਕਾਵਿ-ਸੰਗ੍ਰਹਿ ਅਤੇ ਉਸ ਤੋਂ ਬਾਅਦ 250 ਤੋਂ ਵੱਧ ਕਹਾਣੀਆਂ ਲਿਖੀਆਂ, ਜਿਨ੍ਹਾਂ ਵਿੱਚੋਂ ਲਗਪਗ ਸੌ ਕਹਾਣੀਆਂ ਹਿੰਦੀ ਵਿਚ ਅਨੁਵਾਦ ਹੋ ਕੇ ‘ਸਾਰਿਕਾ’ ਅਤੇ ‘ਧਰਮਯੁੱਗ’ ਵਰਗੀਆਂ ਉਸ ਵੇਲੇ ਦੀਆਂ ਹਿੰਦੀ ਪੱਤ੍ਰਿਕਾਵਾਂ ਵਿਚ ਛਪੀਆਂ। ਦਸ ਪੰਜਾਬੀ ਅਤੇ ਪੰਜ ਹਿੰਦੀ ਵਿਚ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ, ਪਰ ਖਾਸ ਪਛਾਣ ਅਣਖੀ ਦੀ ਨਾਵਲਕਾਰ ਵਜੋਂ ਬਣੀ। ਪਹਿਲਾ ਨਾਵਲ 1970 ਵਿਚ ਛਪਿਆ। ਨਾਵਲ ‘ਕੋਠੇ ਖੜਕ ਸਿੰਘ’ ਲਈ 1987 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਸ ਤੋਂ ਬਾਅਦ ਨਾਵਲ ‘ਪਰਤਾਪੀ’ ਵੀ ਖੂਬ ਚਰਚਿਤ ਰਿਹਾ। ਉਨ੍ਹਾਂ ਦੇ ਕਈ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਆਦਿ ਭਾਸ਼ਾਵਾਂ ਵਿਚ ਵੀ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋਏ। 1993 ਤੋਂ ਤ੍ਰੈਮਾਸਕ ਪੱਤ੍ਰਿਕਾ ‘ਕਹਾਣੀ ਪੰਜਾਬ’ ਦਾ ਸੰਪਾਦਨ ਵੀ ਕਰ ਰਹੇ ਸਨ। ਅਣਖੀ ਦੇ ‘ਸੁਲਗਦੀ ਰਾਤ’ ਨਾਵਲ ਨੂੰ 1979 ਦੀ ਸਰਵੋਤਮ ਗਲਪ ਚੇਤਨਾ ਮੰਨ ਕੇ ਭਾਸ਼ਾ ਵਿਭਾਗ ਨੇ ਸਨਮਾਨਤ ਕੀਤਾ ਸੀ। ਅਣਖੀ ਨੇ ‘ਕਹਾਣੀ ਪੰਜਾਬ’ ਵੱਲੋਂ ਬਹੁ-ਭਾਸ਼ੀ ਕਹਾਣੀ ਗੋਸ਼ਠੀਆਂ ਦਾ ਇਕ ਨਿਰੰਤਰ ਸਿਲਸਿਲਾ ਚਲਾਇਆ ਹੋਇਆ ਸੀ ਤਾਂ ਕਿ ਪੰਜਾਬੀ ਦੇ ਨਵੇਂ ਕਹਾਣੀਕਾਰ ਹੋਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਦੇ ਸੰਪਰਕ ਵਿਚ ਆ ਕੇ ਕੁਝ ਸਿਖ ਸਕਣ। ਪੰਜਾਬੀ ਸਾਹਿਤਕਾਰਾਂ ਤੋਂ ਇਲਾਵਾ ਹਿੰਦੀ, ਉਰਦੂ, ਰਾਜਸਥਾਨੀ ਦੇ ਬਹੁਤ ਸਾਰੇ ਲੇਖਕਾਂ ਨੇ ਸਮੇਂ-ਸਮੇਂ ਇਨ੍ਹਾਂ ਗੋਸ਼ਠੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਅਕਤੂਬਰ 2009 ਵਿਚ ਹੋਈ ਸਤਾਰ੍ਹਵੀਂ ਤ੍ਰੈਭਾਸ਼ੀ ਕਹਾਣੀ ਗੋਸ਼ਠੀ ਵਿਚ ਹਿੰਦੀ, ਪੰਜਾਬੀ ਅਤੇ ਰਾਜਸਥਾਨੀ ਕਹਾਣੀਕਾਰਾਂ/ਆਲੋਚਕਾਂ ਨੇ ਭਾਗ ਲਿਆ ਸੀ। ਪੰਜਾਬੀ ਵਿਚ ਇਕੱਲੇ ਸਾਹਿਤਕਾਰ ਵੱਲੋਂ ਕੀਤਾ ਜਾਣ ਵਾਲਾ ਗੋਸ਼ਠੀਆਂ ਦਾ ਇਹ ਇਕੋ-ਇਕ ਵੱਡਾ 'ਤੇ ਅਨੋਖਾ ਆਯੋਜਨ ਹੈ।
ਦੇਵਿੰਦਰ ਸਤਿਆਰਥੀ
ਦੇਵਿੰਦਰ ਸਤਿਆਰਥੀ (28 ਮਈ 1908-12 ਫਰਵਰੀ 2003) ਦੇਵਿੰਦਰ ਸਤਿਆਰਥੀ ਦਾ ਜਨਮ 28 ਮਈ 1908 ਨੂੰ ਪਟਿਆਲਾ ਰਿਆਸਤ ਦੇ ਇਕ ਪੁਰਾਤਨ ਇਤਿਹਾਸਕ ਨਗਰ ਭਦੌੜ, ਜ਼ਿਲ੍ਹਾ ਸੰਗਰੂਰ (ਹੁਣ ਜਿਲ਼੍ਹਾ ਬਰਨਾਲਾ),ਪੰਜਾਬ ਵਿਚ ਹੋਇਆ। ਉਹ ਹਿੰਦੀ, ਉਰਦੂ ਅਤੇ ਪੰਜਾਬੀ ਭਾਸ਼ਾਵਾਂ ਦੇ ਵਿਦਵਾਨ ਅਤੇ ਸਾਹਿਤਕਾਰ ਸਨ। ਉਨ੍ਹਾਂ ਦਾ ਮੂਲ ਨਾਮ ਦੇਵਿੰਦਰ ਬੱਤਾ ਸੀ। ਉਨ੍ਹਾਂ ਨੇ ਦੇਸ਼ ਦੇ ਕੋਨੇ ਕੋਨੇ ਦੀ ਯਾਤਰਾ ਕਰ ਕੇ ਉੱਥੇ ਦੇ ਲੋਕਜੀਵਨ, ਗੀਤਾਂ ਅਤੇ ਪਰੰਪਰਾਵਾਂ ਨੂੰ ਇਕੱਤਰ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਅਤੇ ਵਾਰਤਾਵਾਂ ਵਿੱਚ ਸਾਂਭ ਦਿੱਤਾ। ਜਿਸਦੇ ਲਈ ਉਹ ਲੋਕਯਾਤਰੀ ਦੇ ਰੂਪ ਵਿੱਚ ਜਾਣ ਜਾਂਦੇ ਹਨ। ਸਤਿਆਰਥੀ ਨੇ ਆਪਣੀ ਜ਼ਿੰਦਗੀ ਦੇ 20 ਸਾਲ ਵੱਖ-ਵੱਖ ਭਾਸ਼ਾਵਾਂ ਦੇ ਤਿੰਨ ਲੱਖ ਲੋਕ-ਗੀਤ ਇਕੱਠੇ ਕਰਨ ਵਿਚ ਲਗਾਏ।


ਸਤਿਆਰਥੀ ਨੂੰ ਬਚਪਨ ਵਿਚ ਹਿੰਦੀ ਤੋਂ ਬਿਨਾਂ ਹੋਰ ਭਾਸ਼ਾਵਾਂ ਨੂੰ ਸਮਝਣ ਵਿਚ ਔਖ ਹੁੰਦੀ ਸੀ, ਖਾਸਕਰ ਪੰਜਾਬੀ ਪਰ ਬਾਅਦ ਵਿਚ ਉਸ ਨੇ ਨਾ ਸਿਰਫ਼ ਅਣਗਿਣਤ ਭਾਸ਼ਾਵਾਂ ਦੇ ਲੋਕ ਸਾਹਿਤ ਇਕੱਠੇ ਕੀਤੇ, ਸਗੋਂ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜੀ ਭਾਸ਼ਾਵਾਂ ਵਿਚ ਸਾਹਿਤ ਵੀ ਰਚਿਆ। ਉਸ ਨੇ ਗੀਤ, ਕਹਾਣੀਆਂ, ਕਵਿਤਾ, ਨਾਵਲ ਅਤੇ ਸਵੈ-ਜੀਵਨੀ ਵੱਖ-ਵੱਖ ਸਾਹਿਤ ਰੂਪਾਂ ਵਿਚ ਰਚਨਾ ਕੀਤੀ। ਕੁਝ ਪੰਜਾਬੀ ਲੇਖਕ ਜਿਵੇਂ ਰਾਜਿੰਦਰ ਸਿੰਘ ਬੇਦੀ ਤੇ ਕ੍ਰਿਸ਼ਨ ਚੰਦਰ ਜਦੋਂ ਪੰਜਾਬੀ ਤੋਂ ਉਰਦੂ ਸਾਹਿਤ ਵੱਲ ਗਏ ਤਾਂ ਉਸੇ ਪਾਸੇ ਦੇ ਹੋ ਗਏ ਪਰ ਸਤਿਆਰਥੀ ਚਾਰਾਂ ਭਾਸ਼ਾਵਾਂ ਵਿੱਚ ਬੜਾ ਮਕਬੂਲ ਹੋਇਆ। ਕਈ ਸਰਕਾਰੀ ਤੇ ਗੈਰ-ਸਰਕਾਰੀ ਸਨਮਾਨ ਵੀ ਉਸ ਨੂੰ ਹਾਸਿਲ ਹੋਏ। ਭਾਸ਼ਾ ਵਿਭਾਗ ਪੰਜਾਬ, ਪੰਜਾਬੀ ਅਕਾਦਮੀ ਦਿੱਲੀ ਤੇ ਹਿੰਦੀ ਅਕਾਦਮੀ ਦਿੱਲੀ ਨੇ ਉਸ ਨੂੰ ਸਾਹਿਤ ਸਨਮਾਨ ਤੇ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ। ਭਾਰਤ ਸਰਕਾਰ ਵਲੋਂ ਉਸ ਨੂੰ 1976 ਵਿਚ ਲੋਕਧਾਰਾ ਦੇ ਖੇਤਰ ਵਿਚ ਦੇਣ ਕਾਰਨ ਪਦਮ ਸ਼੍ਰੀ ਦਾ ਸਨਮਾਨ ਹਾਸਿਲ ਹੋਇਆ।
ਓਮ ਪ੍ਰਕਾਸ਼ ਗਾਸੋ
ਓਮ ਪ੍ਰਕਾਸ਼ ਗਾਸੋ (ਜਨਮ 9 ਅਪ੍ਰੈਲ 1933) ਪੰਜਾਬੀ ਸਾਹਿਤਕਾਰ ਹਨ। ਉਹ ਹੁਣ ਤਕ ਪੰਜਾਬੀ ਵਿੱਚ 50 ਤੋਂ ਵੀ ਵਧੇਰੇ ਪੁਸਤਕਾਂ ਲਿਖ ਚੁੱਕੇ ਹਨ। ਗਾਸੋ ਦਾ ਜਨਮ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਪਿਤਾ ਪੰਡਤ ਗੋਪਾਲ ਦਾਸ ਦੇ ਘਰ ਬਰਨਾਲਾ ਵਿਖੇ ਹੋਇਆ। ਅਧਿਆਪਨ ਦੇ ਕਿੱਤੇ ਦੇ ਨਾਲ ਉਚੇਰੀ ਪੜ੍ਹਾਈ ਐਮ.ਏ-ਪੰਜਾਬੀ, ਐਮ.ਏ-ਹਿੰਦੀ, ਐਮ.ਫਿਲ ਕਰਕੇ ਪ੍ਰੋਫੈਸਰ ਦਾ ਅਹੁਦਾ ਪ੍ਰਾਪਤ ਕੀਤਾ। ਕਈ ਕਾਲਜਾਂ ਵਿੱਚ ਸਾਹਿਤ ਅਤੇ ਪੰਜਾਬੀ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਸ ਦੇ ਅਨੇਕਾਂ ਵਿਦਿਆਰਥੀ ਉੱਚ-ਵਿੱਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ ’ਤੇ ਪਹੁੰਚੇ ਹਨ। ਓਮ ਪ੍ਰਕਾਸ਼ ਗਾਸੋ ਨੇ ਸਰਕਾਰੀ ਨੌਕਰੀ ਦੀ ਸ਼ੁਰੂਆਤ ਸਰੀਰਕ ਸਿੱਖਿਆ ਅਧਿਆਪਕ ਵਜੋਂ ਕੀਤੀ। ਓਮ ਪ੍ਰਕਾਸ਼ ਗਾਸੋ ਲੇਖਕ ਹੀ ਨਹੀਂ ਸਗੋਂ ਇੱਕ ਸੰਸਥਾ ਹਨ, ਚਲਦੀ ਫਿਰਦੀ ਲਾਇਬ੍ਰੇਰੀ ਹਨ। ਸਾਹਿਤ ਪ੍ਰਤੀ ਇੰਨਾ ਮਿਸ਼ਨਰੀ ਹੋਣਾ ਬਹੁਤ ਔਖਾ ਕਾਰਜ ਹੈ।

ਰਚਨਾ ਸੰਸਾਰ ਲੋਕਾਂ ਵਿੱਚ ਮਕਬੂਲ
ਉਨ੍ਹਾਂ ਨੇ ਹਰ ਗਲੀ-ਮੁਹੱਲੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾਈ ਹੈ। ਗਾਸੋ ਦੀਆਂ ਗੱਲਾਂ ਬਹੁਤ ਹੀ ਬੇਬਾਕ ਹੁੰਦੀਆਂ ਹਨ। ਇੱਕ ਵਾਰ ਐਕਸੀਡੈਂਟ ’ਚ ਜ਼ਖ਼ਮੀ ਹੋਣ ਦੇ ਬਾਵਜੂਦ ਉਹ ਸਾਹਿਤ ਸਿਰਜਣਾ ’ਚ ਲੱਗੇ ਰਹੇ ਜਿਵੇਂ ਉਨ੍ਹਾਂ ਨੂੰ ਆਪਣੀ ਸਿਹਤ ਨਾਲੋਂ ਸਾਹਿਤ ਦੀ ਸਿਹਤ ਦਾ ਵੱਧ ਫ਼ਿਕਰ ਹੋਵੇ। ਗਾਸੋ ਨੇ ਪੰਜਾਬੀ ਦੀ ਝੋਲੀ ਵਿੱਚ ਦਰਜਨਾਂ ਕਿਤਾਬਾਂ ਪਾਈਆਂ ਹਨ। ਉਨ੍ਹਾਂ ਦਾ ਸਮੁੱਚਾ ਸਾਹਿਤ ਜਮਾਤੀ ਕਾਣੀ ਵੰਡ ਦੇ ਖ਼ਿਲਾਫ਼ ਹੈ। ਲੁਟੇਰੀਆਂ ਜਮਾਤਾਂ ਦੇ ਲੁਟੇਰੇ ਨਿਜ਼ਾਮ ਦਾ ਭਾਂਡਾ ਭੰਨਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਦੇ ਸਾਰੇ ਪਾਤਰ ਸੰਘਰਸ਼ਸ਼ੀਲ ਹਨ। ਜ਼ਿੰਦਗੀ ਜਿਉਣ ਦੀ ਲਲਕ ਰੱਖਦੇ ਹੋਏ, ਨਵੇਂ ਸਰਹੱਦਿਆਂ ਦੀ ਤਲਾਸ਼ ’ਚ ਲੱਗੇ ਰਹਿੰਦੇ ਹਨ। ਇਸੇ ਕਰਕੇ ਹੀ ਉਨ੍ਹਾਂ ਦਾ ਰਚਨਾ ਸੰਸਾਰ ਲੋਕਾਂ ਵਿੱਚ ਮਕਬੂਲ ਹੈ। ਇਹੀ ਦੁਆ ਹੈ ਕਿ ਪੰਜਾਬੀ ਸਾਹਿਤ ਦਾ ਇਹ ਅਲਮਸਤ ਫ਼ਕੀਰ ਹੱਥ ’ਚ ਕਲਮ ਫੜ ਕੇ ਆਪਣੀਆਂ ਅਣਮੁੱਲੀਆਂ ਲਿਖਤਾਂ ਰਾਹੀਂ ਸਮਾਜ ਦਾ ਮੂੰਹ ਮੱਥਾ ਸੰਵਾਰਦਾ ਰਹੇ। ਉਨ੍ਹਾਂ ਦੀਆਂ ਹੁਣ ਤੱਕ ਕਵਿਤਾ, ਨਾਵਲ, ਕਹਾਣੀਆਂ ਸਮੇਤ ਅਲੱਗ ਅਲੱਗ ਵਿਧਾਵਾਂ ਵਿੱਚ 95 ਕਿਤਾਬਾਂ ਛਪ ਚੁੱਕੀਆਂ ਹਨ। ਉਨ੍ਹਾਂ ਨੂੰ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਨਾਲ ਵੀ ਜਾਣਿਆ ਜਾਂਦਾ ਹੈ।
ਬਰਨਾਲਾ ਵਿੱਚ ਸਰਗਰਮ ਸਾਹਿਤਕ ਸੰਸਥਾਵਾਂ
ਬਰਨਾਲਾ ਵਿੱਚ ਪੰਜਾਬੀ ਸਾਹਿਤ ਸਭਾ, ਮਾਲਵਾ ਸਾਹਿਤ ਸਭਾ, ਲੇਖਕ ਪਾਠਕ ਸਭਾ, ਪੰਜਾਬੀ ਲਿਖਾਰੀ ਸਭਾ, ਪੰਜਾਬੀ ਲੋਕ ਰੰਗ ਸਭਾ, ਪ੍ਰਵਾਜ਼ ਥੀਏਟਰ, ਪ੍ਰਗਤੀਸ਼ੀਲ ਲੇਖ ਸੰਘ ਬਰਨਾਲਾ ਸਰਗਰਮ ਹਨ। ਜੋ ਹਫ਼ਤੇ ਜਾਂ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਉਂਦੇ ਹਨ। ਜਿਨ੍ਹਾਂ ਸਕਦਾ ਨਵੇਂ ਨੌਜਵਨਾਂ ਵਿੱਚ ਸਾਹਿਤ ਨਾਲ ਜੁੜਨ ਦੀ ਚੇਤਨਾ ਪੈਦਾ ਹੋ ਰਹੀ ਹੈ। ਉੱਥੇ ਨਾਲ ਹੀ ਇਨ੍ਹਾਂ ਸਮਾਗਮਾਂ ਵਿੱਚ ਅਲੱਗ-ਅਲਗ ਲੇਖਕਾਂ ਦੀਆ ਕਿਤਾਬਾਂ ਵੀ ਲੋਕ ਅਰਪਨ ਹੁੰਦੀਆਂ ਹਨ, ਜੋ ਨਵੇਂ ਲੇਖਕਾਂ ਨੁੰ ਹੋਰ ਉਤਸ਼ਾਹਿਤ ਕਰਦੀਆਂ ਹਨ। ਇਨ੍ਹਾਂ ਸਾਹਿਤਕ ਸੰਸਥਾਵਾਂ ਵਿੱਚ 100 ਤੋਂ ਵੱਧ ਨਵੇਂ ਅਤੇ ਪੁਰਾਣੇ ਲੇਖਕ ਸ਼ਾਮ ਹਨ।