ਬਰਨਾਲਾ: ਪੰਜਾਬ ਵਿੱਚ ਦਿਨ ਚੜ੍ਹਦੇ ਹੀ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲਾ ਹੋਣ ਦੀ ਵੱਡੀ ਘਟਨਾ ਵਾਪਰੀ ਹੈ। ਇਹ ਘਟਨਾ ਜਿਲ੍ਹੇ ਦੇ ਪਿੰਡ ਧੌਲਾ ਨੇੜੇ ਵਾਪਰੀ, ਜਿੱਥੇ ਬਰਨਾਲਾ ਸੀਆਈਏ ਸਟਾਫ਼ ਦੀ ਟੀਮ ਵਲੋਂ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਵੱਲੋਂ ਇੱਕ ਸ਼ੱਕੀ ਗੱਡੀ ਨੂੰ ਰੋਕਿਆ ਗਿਆ, ਪਰ ਕਾਰ ਸਵਾਰਾਂ ਨੇ ਪੁਲਿਸ ਨੂੰ ਦੇਖ ਕੇ ਗੱਡੀ ਭਜਾ ਲਈ ਅਤੇ ਪੁਲਿਸ ਟੀਮ ਉਪਰ ਫਾਇਰਿੰਗ ਕਰ ਦਿੱਤੀ। ਜਿਸ ਦੀ ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਵੀ ਫ਼ਾਇਰ ਕੀਤੇ ਗਏ ਅਤੇ ਇੱਕ ਗੋਲੀ ਕਾਰ ਸਵਾਰ ਵਿਅਕਤੀ ਦੇ ਵੀ ਲੱਗੀ। ਪੂਰੇ ਆਪਰੇਸ਼ਨ ਦੌਰਾਨ ਪੁਲਿਸ ਵੱਲੋਂ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਇਹਨਾਂ ਤੋਂ ਦੋ ਪਿਸਤੌਲ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਘਟਨਾ ਸਥਾਨ ਉੱਪਰ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਵੀ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ।
ਨਸ਼ਾ ਤਸਕਰ ਬਦਮਾਸ਼ ਕਾਬੂ
ਇਸ ਮੌਕੇ ਪਹੁੰਚੇ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਪੁਲਿਸ ਨਾਕੇ 'ਤੇ ਇੱਕ ਗੱਡੀ 'ਤੇ ਸਵਾਰ ਦੋ ਗੈਂਗਸਟਰ, ਜੋ ਨਸ਼ਾ ਤਸਕਰੀ ਦਾ ਵੀ ਕੰਮ ਕਰਦੇ ਹਨ, ਉਹ ਬਰਨਾਲਾ ਸਾਈਡ ਨੂੰ ਜਾ ਰਹੇ ਸਨ, ਜਦ ਉਹਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦੀ ਜਵਾਬੀ ਕਾਰਵਾਈ ਤਹਿਤ ਪੁਲਿਸ ਵੱਲੋਂ ਇੱਕ ਗੈਂਗਸਟਰ ਜ਼ਖਮੀ ਹੋ ਗਿਆ। ਦੂਸਰੇ ਗੈਂਗਸਟਰ ਨੂੰ ਪੁਲਿਸ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ। ਉਹਨਾਂ ਦੱਸਿਆ ਕਿ ਫੜੇ ਗਏ ਇਹਨਾਂ ਗੈਂਗਸਟਰਾਂ ਤੋਂ ਦੋ ਪਿਸਤੌਲ ਅਤੇ ਇੱਕ ਕਾਰ ਸਮੇਤ ਭਾਰੀ ਮਾਤਰਾ ਵਿੱਚ ਮੈਡੀਕਲ ਨਸ਼ਾ ਗੱਡੀ ਵਿੱਚੋਂ ਬਰਾਮਦ ਹੋਇਆ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਸਰਫ਼ਰਾਜ਼ ਆਲਮ ਨੇ ਕਿਹਾ ਕਿ 'ਫੜ੍ਹੇ ਗਏ ਗੈਂਗਸਟਰਾਂ ਵਿੱਚੋਂ ਇੱਕ ਬਰਨਾਲੇ ਦਾ ਰਹਿਣ ਵਾਲਾ ਹੈ। ਦੋਵੇਂ ਗੈਂਗਸਟਰਾਂ ਵਿੱਚੋਂ ਇੱਕ ਗੈਂਗਸਟਰ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਹੋਰ ਕਿਹੜੇ ਅਪਰਾਧਾਂ ਵਿੱਚ ਇਹ ਬਦਮਾਸ਼ ਸ਼ਾਮਲ ਹਨ ਇਸ ਦੀ ਘੋਖ਼ ਕੀਤੀ ਜਾਵੇਗੀ। ਨਾਲ ਹੀ ਫਰੈਂਸਿਕ ਟੀਮਾਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਇਨਾਂ ਦੋਵਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਇਹ ਦੋਵੇਂ ਬਦਮਾਸ਼ ਕਿਸ ਗੈਂਗ ਨਾਲ ਸਬੰਧ ਰੱਖਦੇ ਸਨ ਅਤੇ ਕਿੱਥੇ-ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਹੋਰ ਕਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਜਾ ਰਹੇ ਸਨ।