ਮੋਗਾ : ਦੇਸ਼ ਭਰ ਵਿਚ ਈਦ-ਉਲ-ਜ਼ੁਹਾ ਜਾਂ ਬਕਰੀਦ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਵੱਡੀ ਗਿਣਤੀ ਵਿੱਚ ਲੋਕ ਸਵੇਰ ਦੀ ਨਮਾਜ਼ ਅਦਾ ਕਰਨ ਲਈ ਈਦਗਾਹ ਪਹੁੰਚੇ। ਇਸਲਾਮੀ ਦੁਨੀਆ ਦਾ ਈਦ-ਉੱਲ-ਫ਼ਿਤਰ ਤੋਂ ਬਾਅਦ ਦੂਜਾ ਵੱਡਾ ਤਿਉਹਾਰ ਈਦ-ਉੱਲ ਜ਼ੁਹਾ ਹੈ। ਇਸ ਤਿਉਹਾਰ ਦੇ ਵੱਖ-ਵੱਖ ਨਾਮ ਈਦ-ਅਲ-ਅਜ਼ਹਾ, ਈਦ-ਅਲ-ਕੁਰਬਾਨ, ਈਦ-ਅਲ-ਅਧਹਾ, ਅਲ-ਈਦ-ਅਲ ਕਬੀਰ (ਵੱਡੀ ਈਦ), ਈਦ-ਅਲ-ਬਕਰ, ਬਕਰੀਦ ਆਦਿ ਵੀ ਪ੍ਰਚਲਿਤ ਹਨ। ਅੱਜ ਭਾਵੇਂ ਦੇਸ਼ ਅਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਈਦ ਜਾਂ ਬਕਰੀਦ ਦੇ ਮੌਕੇ ਦੇਸ਼ ਦੇ ਕਈ ਸ਼ਹਿਰਾਂ ਵਿਚ ਕੋਈ ਨਾ ਕੋਈ ਬਵਾਲ ਖੜ੍ਹਾ ਹੋ ਜਾਂਦਾ ਹੈ ਪਰ ਪੰਜਾਬ ਵਿਚ ਸਾਰੇ ਵਰਗਾਂ ਦੇ ਲੋਕ ਈਦ ਜਾਂ ਬਕਰੀਦ ਦੇ ਜਸ਼ਨ ਨੂੰ ਮਿਲ ਕੇ ਮਨਾਉਂਦੇ ਹਨ। ਮੋਗਾ ਦੀ ਮਸਜਿਦ ਉਸਮਾਨ ਗਨੀ ਵਿਖੇ ਅੱਜ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਵੱਡੀ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ’ਤੇ ਮਸਜਿਦ ਵਿਚ ਵੱਡੀ ਗਿਣਤੀ ’ਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋਏ ਅਤੇ ਇਕ ਦੂਜੇ ਨੂੰ ਗਲੇ ਲਾ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦਿਨ ਨੂੰ ਕੁਰਬਾਨੀ ਦਾ ਦਿਨ ਵੀ ਕਿਹਾ ਜਾਂਦਾ ਹੈ।
ਫਤਿਹਗੜ੍ਹ ਸਾਹਿਬ
ਰੋਜ਼ਾ ਸ਼ਰੀਫ ਫਤਿਹਗੜ੍ਹ ਸਾਹਿਬ ਵਿਖੇ ਈਦ-ਉਲ-ਅਜ਼ਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਰੋਜ਼ਾ ਸ਼ਰੀਫ ਵਿਖੇ ਸਵੇਰ ਤੋਂ ਹੀ ਮੁਸਲਿਮ ਭਾਈਚਾਰੇ ਨਾਲ ਸਬੰਧਤ ਅਤੇ ਹੋਰ ਵੱਖ ਵੱਖ ਫਿਰਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ ਅਤੇ ਆਪਸੀ ਭਾਈਚਾਰਕ ਸਾਂਝ ਦੇ ਨਾਲ ਨਾਲ ਅਮਨ ਅਤੇ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਰੋਜ਼ਾ ਸਰੀਫ ਦੇ ਖਲੀਫਾ ਸਈਅਦ ਸਾਦਿਕ ਰਜ਼ਾ ਨੇ ਕਿਹਾ ਕਿ ਈਦ ਦਾ ਤਿਉਹਾਰ ਲੋਕਾਂ ਦੇ ਆਪਸੀ ਪਿਆਰ, ਸਨੇਹ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ। ਈਦ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਸਾਰੇ ਲੋਕਾਂ ਦਾ ਤਿਉਹਾਰ ਹੈ।
ਅੰਮ੍ਰਿਤਸਰ
ਈਦ ਦੇ ਪਵਿਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੀ ਜਾਮਾ ਮਸਜਿਦ ਵਿਚ ਨਵਾਜ਼ ਅਦਾ ਕੀਤੀ ਗਈ। ਇਸ ਮੌਕੇ ਜਿਥੇ ਮੁਸਲਿਮ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਬਕਰੀਦ ਈਦ ਨਮਾਜ਼ ਅਦਾ ਕੀਤੀ, ਉਥੇ ਹੀ ਪੁਲਿਸ਼ ਪ੍ਰਸ਼ਾਸ਼ਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ। ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਵੱਲੋਂ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਉਹਾਰ ਮੌਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਵਿੱਚੋਂ ਵੀ ਕੱਲ ਸਾਊਦੀ ਅਰਬ ਵਿੱਚ ਈਦ ਦੀ ਨਮਾਜ਼ ਅਦਾ ਕਰਨ ਲਈ ਹਾਜੀ ਗਏ ਸਨ। ਜਿਨ੍ਹਾਂ ਨੇ ਸੁੱਖ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਈਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਏਸੀਪੀ ਜਸਪਾਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਅਤੇ ਪੰਜਾਬ ਤੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਕੋਈ ਵੀ ਧਰਮ ਇੱਕ ਦੂਜੇ ਨਾਲ ਲੜਨਾ ਨਹੀਂ ਸਿਖਾਂਦਾ, ਨਾ ਹੀ ਵੈਰ ਵਿਰੋਧ। ਸਾਰੇ ਧਰਮ ਪ੍ਰੇਮ ਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਸਾਨੂੰ ਸਭ ਨੂੰ ਮਿਲ ਜੁਲ ਕੇ ਸਾਰੇ ਤਿਉਹਾਰ ਮਨਾਉਣੇ ਚਾਹੀਦੇ ਹਨ।