ਅੰਮ੍ਰਿਤਸਰ: 6 ਜੂਨ 1984 ਦਾ ਉਹ ਕਾਲਾ ਦਿਨ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਵਿੱਚ ਕਈ ਲੋਕ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚ ਸੰਤ ਜਰਨੈਲ ਭਿੰਡਰਾਵਾਲਾ ਦੇ ਕਰੀਬੀ ਜਰਨਲ ਸੁਬੇਗ ਸਿੰਘ ਵੀ ਸ਼ਾਮਿਲ ਸਨ। ਅੱਜ ਵੀ 41 ਸਾਲ ਬਾਅਦ ਪਰਿਵਾਰ ਨੇ ਜਰਨਲ ਸੁਬੇਗ ਸਿੰਘ ਨੂੰ ਯਾਦ ਕਰਦਿਆ ਉਸ ਵੇਲ੍ਹੇ ਦੇ ਹਲਾਤ ਈਟੀਵੀ ਭਾਰਤ ਨਾਲ ਸਾਂਝੇ ਕੀਤੇ।
ਭਰਾ ਦੀ ਸ਼ਹੀਦੀ ਉੱਤੇ ਬੋਲੇ ਬੇਅੰਤ ਸਿੰਘ
ਇਸ ਮੌਕੇ ਜਰਨਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੇ 6 ਜੂਨ ਦੇ ਉਸ ਹਫਤੇ ਨੂੰ ਯਾਦ ਕਰਦਿਆ ਆਪਣੇ ਪਰਿਵਾਰਕ ਮੈਂਬਰ ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਬਾਰੇ ਗੱਲਬਾਤ ਕੀਤੀ। ਬੇਅੰਤ ਸਿੰਘ ਨੇ ਦੱਸਿਆ ਕਿ ਜਨਰਲ ਸਾਬ੍ਹ ਉਸ ਸਮੇਂ ਤੱਕ ਡਿਸਮਿਸ ਹੋ ਚੁਕੇ ਸਨ, ਪਰ ਪੰਥ ਅਤੇ ਸਿੱਖ ਕੌਂਮ ਉੱਤੇ ਆਏ ਸੰਕਟ ਦੌਰਾਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਦੇ ਵਿਰੋਧ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਭਾਰਤੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹਾਦਤ ਦੇ ਦਿੱਤੀ।
ਬੇਅੰਤ ਸਿੰਘ ਨੇ ਦੱਸਿਆ ਕਿ, "ਉਹ ਦਿਨ ਸਾਨੂੰ ਅੱਜ ਵੀ ਯਾਦ ਹੈ ਜਦੋ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਪਹੁੰਚੀ ਸੀ, ਪਰ ਉਨ੍ਹਾਂ (ਭਾਰਤੀ ਫੌਜ) ਨੇ ਬੇਕਸੂਰ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਅਤੇ ਹਮਲੇ ਦੌਰਾਨ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕੀਤਾ ਗਿਆ। ਭਾਰਤੀ ਫੌਜ ਦੇ ਹਮਲੇ ਦਾ ਜਵਾਬ ਦਿੰਦਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ ਨਾਲ-ਨਾਲ ਜਰਨਲ ਸੁਬੇਗ ਸਿੰਘ ਵੀ ਸ਼ਹੀਦੀ ਪਾ ਗਏ ਸਨ।”

"ਜਦੋਂ ਆਪ੍ਰੇਸ਼ਨ ਬਲੂ ਸਟਾਰ ਹੋਇਆ ਉਦੋਂ ਜਰਨਲ ਸੁਬੇਗ ਸਿੰਘ ਭਾਰਤੀ ਫੌਜ ਦਾ ਹਿੱਸਾ ਨਹੀਂ ਸਨ। ਸੁਬੇਗ ਸਿੰਘ ਮੇਜਰ ਜਨਰਲ ਸਨ, ਉਨ੍ਹਾਂ ਨੂੰ 1979 ਵਿੱਚ ਡਿਸਮਿਸ ਕਰ ਦਿੱਤਾ ਗਿਆ ਸੀ। ਫਿਰ ਉਹ (ਸੁਬੇਗ ਸਿੰਘ) ਇੱਥੇ ਆ ਕੇ ਰਹਿਣ ਲੱਗੇ। ਫਿਰ ਉਹ ਦਰਬਾਰ ਸਾਹਿਬ ਜਾਂਦੇ ਰਹੇ, ਤਾਂ ਕਈਆਂ ਦੇ ਸੰਪਰਕ ਵਿੱਚ ਆਏ। ਜਦੋਂ ਉਨ੍ਹਾਂ ਨੇ ਦੇਖਿਆ ਕਿ ਸੰਤ ਜਰਨੈਲ ਸਿੰਘ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਹਨ, ਤਾਂ ਉਸ ਸਮੇਂ ਸੁਬੇਗ ਸਿੰਘ ਉਨ੍ਹਾਂ ਦੇ ਨੇੜ੍ਹੇ ਆਏ ਅਤੇ ਦੋਹਾਂ ਦੇ ਵਿਚਾਰ ਮਿਲਣ ਲੱਗੇ।" - ਬੇਅੰਤ ਸਿੰਘ, ਸੁਬੇਗ ਸਿੰਘ ਦਾ ਛੋਟਾ ਭਰਾ
‘ਆਪ੍ਰੇਸ਼ਨ ਬਲੂ ਸਟਾਰ 'ਚ ਬਾਦਲ ਸਰਕਾਰ ਦਾ ਹੱਥ’ !
ਜਨਰਲ ਸੁਬੇਗ ਸਿੰਘ ਦੇ ਛੋਟੇ ਭਰਾ ਬੇਅੰਤ ਸਿੰਘ ਨੇ ਦੱਸਿਆ ਕਿ ਸੰਤਾਂ ਦੀ ਚੜ੍ਹਦੀਕਲਾ ਬਾਦਲ ਸਰਕਾਰ ਜਾਂ ਪੰਜਾਬ ਸਰਕਾਰ ਨੂੰ ਨਹੀਂ ਪਚੀ। ਇਨ੍ਹਾਂ ਨੇ ਜਾ ਕੇ ਕੇਂਦਰ ਸਰਕਾਰ ਦੇ ਕੰਨ੍ਹ ਭਰੇ ਸੀ ਕਿ ਪੰਜਾਬ ਹੱਥੋਂ ਖੁੱਸ ਜਾਣਾ ਹੈ।

"ਮੌਜੂਦਾ ਬਾਦਲ ਸਰਕਾਰ/ਪੰਜਾਬ ਸਰਕਾਰ ਨੇ ਦਿੱਲੀ ਜਾ ਕੇ ਉਨ੍ਹਾਂ (ਕੇਂਦਰ ਸਰਕਾਰ) ਇੰਦਰਾ ਗਾਂਧੀ ਦੇ ਕੰਨ੍ਹ ਭਰੇ ਸਨ। ਅਡਵਾਨੀ ਵੀ ਨਾਲ ਸੀ, ਕਿਉਂਕਿ ਭਾਜਪਾ ਨਾਲ ਮਿਲ ਕੇ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣੀ ਸੀ। ਪਰਕਾਸ਼ ਸਿੰਘ ਬਾਦਲ ਨੇ ਕਦੇ ਪੰਜਾਬ ਦੇ ਹਿੱਤ ਦੀ ਗੱਲ ਨਹੀਂ ਕੀਤੀ ਸੀ। ਕੇਂਦਰ ਦੀ ਸਰਕਾਰ ਨੇ ਤਾਂ 1947 ਤੋਂ ਬਾਅਦ ਹੀ ਪੰਜਾਬ ਨੂੰ ਨਹੀਂ ਸਹਾਰਿਆ, ਪੰਜਾਬ ਨਾਲ ਨਫ਼ਰਤ ਕੀਤੀ। ਅੱਜ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਕੋਈ ਖਾਸ ਮਦਦ ਨਹੀਂ ਦਿੱਤੀ ਜਾਂਦੀ। ਪੰਜਾਬ ਹੱਥੋਂ ਖੁਸਣ ਦੇ ਡਰ ਤੋਂ ਬਾਦਲ ਸਰਕਾਰ ਨੇ ਸੰਤਾਂ ਖਿਲਾਫ ਆਪ੍ਰੇਸ਼ਨ ਬਲੂ ਸਟਾਰ ਕਰਵਾਇਆ ਸੀ।" - ਬੇਅੰਤ ਸਿੰਘ, ਸੁਬੇਗ ਸਿੰਘ ਦਾ ਛੋਟਾ ਭਰਾ
ਹਜ਼ਾਰਾਂ ਬੇਕਸੂਰ ਮਾਰੇ ਗਏ
ਬੇਅੰਤ ਸਿੰਘ ਨੇ ਕਿਹਾ ਕਿ ਜੋ ਵੀ ਸਾਰਾ ਕੁੱਝ ਹੋਇਆ ਉਸ ਵਿੱਚ ਸ੍ਰੀ ਦਰਬਾਰ ਸਾਹਿਬ ਅੰਦਰ ਮੌਜੂਦ ਸੰਗਤ ਦਾ ਕੋਈ ਕਸੂਰ ਨਹੀਂ ਸੀ। ਉਨ੍ਹਾਂ ਨੂੰ ਉਸ ਸਮੇਂ ਬਾਹਰ ਨਿਕਲਣ ਦਾ ਮੌਕਾ ਨਹੀਂ ਦਿੱਤਾ ਅਤੇ ਬੱਚਿਆਂ ਸਣੇ ਹਜ਼ਾਰਾਂ ਬੇਕਸੂਰ ਲੋਕ ਮਾਰੇ ਗਏ। ਇਸ ਹਮਲੇ ਦਾ ਹੀ ਉਸ ਸਮੇਂ ਡਟ ਕੇ ਵੱਡੇ ਭਰਾ ਸੁਬੇਗ ਸਿੰਘ ਵੱਲੋਂ ਸਾਹਮਣਾ ਕੀਤਾ ਗਿਆ ਅਤੇ ਭਾਰਤੀ ਫੌਜਾਂ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਦੌਰਾਨ ਉਹ ਅਤੇ ਸੰਤ ਭਿੰਡਰਾਂਵਾਲੇ ਸ਼ਹੀਦੀ ਪਾ ਗਏ।
ਉਨ੍ਹਾਂ ਕਿਹਾ ਕਿ ਅਸੀਂ ਅੱਜ ਵੀ ਹਰ ਸਾਲ 6 ਜੂਨ ਨੂੰ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨ ਪਹੁੰਚਦੇ ਹਾਂ, ਪਰ ਅੱਜ ਬੜੀ ਹੀ ਸ਼ਰਮ ਦੀ ਗੱਲ ਹੈ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਨ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕੁਝ ਸੰਪਰਦਾਵਾ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਕਿ ਮੰਦਭਾਗੀ ਗੱਲ ਹੈ।