ਅੰਮ੍ਰਿਤਸਰ: ਬੀਤੇ ਲੰਮੇਂ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਉਂਦੇ ਹੋਏ ਪਾਣੀ ਦੀ ਟੈਂਕੀ 'ਤੇ ਚੱੜ੍ਹੇ ਨੌਜਵਾਨਾਂ ਦਾ ਅਧਿਕਾਰੀਆਂ ਨਾਲ ਸਮਝੋਤਾ ਹੋ ਗਿਆ ਹੈ। ਇਸ ਤੋਂ ਬਾਅਦ ਨੌਜਵਾਨ ਪਾਣੀ ਵਾਲੀ ਟੈਂਕੀ ਤੋਂ ਹੇਠਾਂ ਉਤਾਰੇ ਗਏ। ਜ਼ਿਕਰਯੋਗ ਹੈ ਕਿ ਕਸਬਾ ਬਿਆਸ ਵਿੱਚ ਕੁਲਬੀਰ ਸਿੰਘ ਆਸ਼ੂ, ਸਰਬਜੀਤ ਸਿੰਘ ਅਤੇ ਇੱਕ ਹੋਰ ਵਿਅਕਤੀ (ਤਿੰਨ ਲੋਕਾਂ) ਵੱਲੋਂ ਬਿਆਸ ਵਿੱਚ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਕੇ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ ਅਤੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਸੀ।
ਇਸ ਮਾਮਲਾ ਸਬੰਧੀ ਜਾਣਕਾਰੀ ਦਿੰਦਿਆ ਅਮਰਜੀਤ ਸਿੰਘ, ਦਲਜੀਤ ਸਿੰਘ ਆਦਿ ਨੇ ਕਿਹਾ ਸੀ ਕਿ ਬਿਆਸ ਦੇ ਵਿੱਚ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਹੂਲਤ ਸਥਾਨਕ ਲੋਕਾਂ ਨੂੰ ਨਹੀਂ ਮਿਲ ਰਹੀ ਹੈ। ਜਿਸ ਦੇ ਸਬੰਧੀ ਉਨ੍ਹਾਂ ਵੱਲੋਂ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਬਿਆਸ ਪਾਣੀ ਵਾਲੀ ਟੈਂਕੀ ਤੋਂ ਪੀਣ ਵਾਲਾ ਪਾਣੀ ਛੱਡਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ। ਲੇਕਿਨ ਲੰਬੇ ਸਮੇਂ ਤੋਂ ਵਿਭਾਗ ਵੱਲੋਂ ਇਸ ਤਰਫ ਧਿਆਨ ਨਾ ਦੇਣ ਕਾਰਨ ਅੱਜ ਉਕਤ ਤਿੰਨ ਨੌਜਵਾਨਾਂ ਵੱਲੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸ ਦੌਰਾਨ ਇਕੱਤਰ ਲੋਕਾਂ ਵੱਲੋਂ ਪੰਜਾਬ ਸਰਕਾਰ ਅਤੇ ਬੀਡੀਪੀਓ ਰਈਆ ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ।
ਮਨਜੀਤ ਸਿੰਘ ਮੰਨਾ ਵੀ ਮੌਕੇ ਉੱਤੇ ਪੁੱਜੇ: ਉਕਤ ਘਟਨਾਕ੍ਰਮ ਦੌਰਾਨ ਅੰਮ੍ਰਿਤਸਰ ਦੇਹਾਤੀ ਜਿਲਾ ਪ੍ਰਧਾਨ ਭਾਜਪਾ ਮਨਜੀਤ ਸਿੰਘ ਮੰਨਾ ਵੀ ਮੌਕੇ ਉੱਤੇ ਪੁੱਜੇ ਅਤੇ ਇਸ ਦੌਰਾਨ ਉਹਨਾਂ ਵੱਲੋਂ ਸਥਾਨਕ ਵਾਸੀਆਂ ਅਤੇ ਬੀਡੀਪੀਓ ਰਈਆ ਪੰਚਾਇਤ ਸਕੱਤਰ ਸਮੇਤ ਹੋਰਨਾਂ ਅਧਿਕਾਰੀਆਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ। ਜਿਸ ਦੌਰਾਨ ਬੀਡੀਪੀਓ ਰਈਆ ਕੁਲਵੰਤ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਕਿ 10 ਦਿਨਾਂ ਦੇ ਅੰਦਰ ਪਾਣੀ ਵਾਲੀ ਟੈਂਕੀ ਤੋਂ ਪਾਣੀ ਸ਼ੁਰੂ ਕਰ ਦਿੱਤਾ ਜਾਵੇਗਾ।। ਉਹਨਾਂ ਦੱਸਿਆ ਕਿ ਪਾਣੀ ਵਾਲੀ ਟੈਂਕੀ ਦੀ ਮੋਟਰ ਦੀ ਸਮੱਸਿਆ ਹੋਣ ਕਾਰਨ ਉਕਤ ਦੇਰੀ ਹੋਈ ਹੈ ਅਤੇ ਹੁਣ ਉਸਨੂੰ ਰਿਪੇਅਰ ਕਰਾਉਣ ਤੋਂ ਬਾਅਦ ਜਲਦੀ ਹੀ ਪਾਣੀ ਸ਼ੁਰੂ ਕਰ ਦਿੱਤਾ ਜਾਵੇਗਾ।ਪ੍ਰਸ਼ਾਸਨ ਦੇ ਉਕਤ ਭਰੋਸੇ ਤੋਂ ਬਾਅਦ ਤਿੰਨੋ ਨੌਜਵਾਨ ਟੈਂਕੀ ਤੋਂ ਥੱਲੇ ਉਤਰੇ ਅਤੇ ਆਪਣਾ ਧਰਨਾ ਪ੍ਰਦਰਸ਼ਨ ਉਹਨਾਂ ਵੱਲੋਂ ਖਤਮ ਕੀਤਾ ਗਿਆ।