ਅੰਮ੍ਰਿਤਸਰ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ (AAP) ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਇਸ ਸਾਲ ਪੰਜਾਬ ਸਰਕਾਰ ਨੇ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਰੱਖਿਆ। ਇਸ ਸਾਲ ਬਜਟ ਦੀ ਥੀਮ 'ਬਦਲਦਾ ਪੰਜਾਬ' ਹੈ। ਜਿਸ ਨੂੰ ਲੈ ਕੇ ਮੱਧ ਵਰਗੀ ਪਰਿਵਾਰਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਸਨ ਪਰ ਬਜਟ ਪੇਸ਼ ਹੋਣ ਤੋਂ ਬਾਅਦ ਆਮ ਵਰਗ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ।
'ਬਜਟ ਵਿੱਚ ਖੇਡਿਆ ਗਿਆ ਹੈ ਅੰਕੜਿਆਂ ਦਾ ਖੇਡ'
ਅੰਮ੍ਰਿਤਸਰ ਵਾਸੀਆਂ ਨੇ ਇਸ ਬਜਟ ਨੂੰ ਅਧੂਰਾ ਦੱਸਿਆ ਹੈ। ਜਿਸ ਨੂੰ ਲੈ ਕੇ ਸਮਾਜ ਸੇਵਕ ਪਵਨ ਸ਼ਰਮਾ ਨੇ ਕਿਹਾ ਕਿ, 'ਇਹ ਜੋ ਵਿੱਤ ਮੰਤਰੀ ਹਰਪਾਲ ਚੀਮਾ ਨੇ ਅੱਜ ਚੌਥਾ ਬਜਟ ਪੇਸ਼ ਕੀਤਾ ਹੈ, ਇਸ ਵਿੱਚ ਉਨ੍ਹਾਂ ਨੇ ਬਦਲਦਾ ਪੰਜਾਬ ਟੈਗ ਦੇ ਕੇ ਬਜਟ ਪੇਸ਼ ਕੀਤਾ ਹੈ। ਪੰਜਾਬ ਸਰਕਾਰ ਨੇ ਜਨਤਾ ਦੇ ਨਾਲ ਬਹੁਤ ਵੱਡੇ ਲੁਭਾਵਣੇ ਵਾਅਦੇ ਕੀਤੇ ਸੀ, ਪਰ ਇਸ ਬਜਟ ਵਿੱਚ ਕੁਝ ਖਾਸ ਨਜ਼ਰ ਨਹੀਂ ਆ ਰਿਹਾ। ਇਸ ਬਜਟ ਵਿੱਚ ਅੰਕੜਿਆਂ ਦਾ ਖੇਡ ਖੇਡਿਆ ਗਿਆ ਹੈ, ਜਿਸ ਦੀ ਆਉਣ ਵਾਲੇ ਸਮੇਂ ਵਿੱਚ ਸਮਝ ਆਵੇਗੀ ਕਿ ਜਿੰਨਾ ਵੀ ਬਜਟ ਰੱਖਿਆ ਹੈ, ਚਾਹੇ ਉਹ ਕਿਸਾਨੀ ਲਈ ਹੈ ਜਾਂ ਲਾਅ ਐਂਡ ਆਰਡਰ ਦੇ ਲਈ, ਚਾਹੇ ਹੋਮ ਮਨੀਸਟਰੀ ਅਫੇਅਰਸ ਦੇ ਲਈ ਅਤੇ ਸਿੱਖਿਆ ਦੇ ਲਈ ਕਿ ਸੱਚਮੁੱਚ ਹੀ ਲਾਗੂ ਹੋਵੇਗਾ।'
'ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਮਜ਼ਾਕ'
ਇਸੇ ਦੌਰਾਨ ਸ਼ਹਿਰ ਵਾਸੀ ਸਰਬਜੀਤ ਸਿੰਘ ਨੇ ਕਿਹਾ ਕਿ ਮੈਂ ਇਸ ਬਜਟ ਨੂੰ ਬਜਟ ਕਹਾਂਗਾ ਹੀ ਨਹੀਂ, ਇਹ ਤਾਂ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ। ਇਨ੍ਹਾਂ ਨੇ ਪੰਜਾਬ ਦੇ ਲੋਕਾਂ ਕੋਲੋਂ ਇੱਕ ਮੌਕਾ ਮੰਗਿਆ ਸੀ ਅਤੇ ਲੋਕਾਂ ਨੇ ਇੱਕ ਮੌਕਾ ਦਿੱਤਾ ਸੀ। ਪਰ ਅੱਜ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਸ ਦਾ ਗਰੀਬ ਤਬਕੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਇਹ ਸਿਰਫ ਗੱਲਾਂ ਹੀ ਕਰਨ ਜੋਗੇ ਸਨ। ਹਸਪਤਾਲਾਂ ਵਿੱਚ ਡਾਕਟਰ ਨਹੀਂ, ਸਕੂਲਾਂ ਵਿੱਚ ਟੀਚਰ ਨਹੀਂ ਅਤੇ ਸਕੂਲਾਂ ਦੀ ਬਿਲਡਿੰਗਾਂ ਡਿੱਗਣ ਵਾਲੀਆਂ ਹੋਈਆਂ ਪਈਆਂ ਹਨ।'
'ਨੌਜਵਾਨਾਂ ਨੂੰ ਰੁਜ਼ਗਾਰ ਚਾਹੀਦਾ ਹੈ'
ਸ਼ਹਿਰ ਵਾਸੀਆਂ ਨੇ ਅੱਗੇ ਆਖਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਚਾਹੀਦੀਆਂ ਹਨ, ਪੰਜਾਬ ਦਾ ਪਾਣੀ ਪੂਰਾ ਜ਼ਹਿਰੀਲਾ ਹੋ ਗਿਆ, ਜਿਸ ਨਾਲ ਕਾਲਾ ਪੀਲੀਆਂ ਕੈਂਸਲ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ। ਲੋਕਾਂ ਕੋਲ ਇਲਾਜ ਲਈ ਡਾਕਟਰ ਹੀ ਨਹੀਂ ਹਨ। ਬਜਟ ਵਿੱਚ ਇਨ੍ਹਾਂ ਚੀਜ਼ਾਂ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਕਿਸਾਨਾਂ ਅਤੇ ਮਜ਼ਦੂਰਾਂ ਦੇ ਲਈ ਕੱਖ ਨਹੀਂ ਰੱਖਿਆ ਗਿਆ। ਸਰਬਜੀਤ ਨੇ ਕਿਹਾ ਕਿ ਨੌਜਵਾਨਂ ਨੂੰ ਰੁਜ਼ਗਾਰ ਚਾਹੀਦਾ ਹੈ, ਜੋ ਅੱਜ ਪੰਜਾਬ ਛੱਡ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ ਪਰ ਉਸ ਲਈ ਕੋਈ ਤਜਵੀਜ਼ ਨਹੀਂ ਰੱਖੀ ਗਈ।