ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਗਈ ਹੈ ਅਤੇ ਇਸ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਹੱਥ ਲੱਗ ਰਹੀਆਂ ਹਨ। ਦੂਸਰੇ ਪਾਸੇ ਪਾਕਿਸਤਾਨ ਲਗਾਤਾਰ ਹੀ ਭਾਰਤ ਵਿੱਚ ਹੈਰੋਇਨ ਦੀਆਂ ਖੇਪਾਂ ਭੇਜਣ ਵਿੱਚ ਲੱਗਾ ਹੋਇਆ ਹੈ। ਜਿਸ ਦੇ ਚੱਲਦੇ ਪੁਲਿਸ ਵੱਲੋਂ ਸਖਤ ਨਾਕੇਬੰਦੀਆਂ ਕਰਕੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੇ ਕੇਂਦਰੀ ਏਜੰਸੀ ਡੀਆਰਆਈ ਦੇ ਇੱਕ ਅਧਿਕਾਰੀ ਸਮੇਤ ਅੱਠ ਵਿਅਕਤੀਆਂ ਨੂੰ 4.4 ਕਿੱਲੋ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪੁੱਛਗਿੱਛ ਤੋਂ ਬਾਅਦ ਹੋਏ ਖੁਲਾਸੇ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਡੀਆਰਆਈ ਅਧਿਕਾਰੀ ਮਨਜੀਤ ਸਿੰਘ ਉਸ ਦਾ ਸਾਥੀ ਰਵੀ ਕੁਮਾਰ, ਤਲਵਿੰਦਰ ਸਿੰਘ, ਰੋਹਿਤ ਸ਼ਰਮਾ, ਅਭਿਸ਼ੇਕ, ਅਰਸ਼ਦੀਪ ਅਤੇ ਅਮਿਤ ਕੁਮਾਰ ਵੱਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੇਂਦਰ ਦੀ ਏਜੰਸੀ ਡੀਆਰਆਈ ਦੇ ਅਧਿਕਾਰੀ ਮਨਜੀਤ ਸਿੰਘ ਅਤੇ ਉਸਦੇ ਸਾਥੀ ਰਵੀ ਕੁਮਾਰ ਨੂੰ ਪਹਿਲਾ ਪੁਲਿਸ ਨੇ ਨਸ਼ੇ ਦੀ ਖੇਪ ਸਮੇਤ ਗ੍ਰਿਫਤਾਰ ਕੀਤਾ, ਉਸ ਤੋਂ ਬਾਅਦ ਪੁੱਛਗਿਛ ਦੌਰਾਨ ਹੋਰ ਖੁਲਾਸੇ ਹੋਏ ਅਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੁੱਲ੍ਹ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ "ਮੁਲਜ਼ਮਾਂ ਵਿੱਚ ਅਮਿਤ ਕੁਮਾਰ ਹੈ ਜੋ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਦੇ ਪੈਸੇ ਹਵਾਲਾ ਰਾਸ਼ੀ ਰਾਹੀਂ ਦੁਬਈ ਦੇ ਜ਼ਰੀਏ ਪਾਕਿਸਤਾਨ ਭੇਜਦਾ ਸੀ। ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।"
ਕੁੱਝ ਦਿਨ ਪਹਿਲਾਂ ਹੈਰੋਇਨ ਨਾਲ ਗ੍ਰਿਫ਼ਤਾਰ ਹੋਈ ਸੀ ਮਹਿਲਾ ਕਾਂਸਟੇਬਲ
ਕੁੱਝ ਦਿਨ ਪਹਿਲਾਂ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਮਾਨਸਾ ਪੁਲਿਸ ਲਾਈਨ 'ਚ ਤਾਇਨਾਤ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੂੰ 17.71 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵੱਜੋਂ ਹੋਈ ਸੀ। ਇਸ ਕਾਂਸਟੇਬਲ ਨੂੰ ਨਾਕਾਬੰਦੀ ਦੌਰਾਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਆਈਜੀਪੀ ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਸੀ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ 621/ਐਮਐਨਐਸ ਨੂੰ ਡਰੱਗਜ਼ ਕੇਸ ਵਿੱਚ ਸ਼ਾਮਲ ਹੋਣ ਕਾਰਨ ਉਸ ਨੂੰ ਪੰਜਾਬ ਸਰਕਾਰ ਨੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੀ ਚੱਲ-ਅਚੱਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ, ਜੇਕਰ ਜਾਂਚ ਦੌਰਾਨ ਕੋਈ ਵੀ ਜਾਇਦਾਦ ਗੈਰ-ਕਾਨੂੰਨੀ ਪਾਈ ਜਾਂਦੀ ਹੈ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
- ਕਿੱਲੋ ਹੈਰੋਇਨ ਨਾਲ ਇੰਟੈਲੀਜੈਂਸ ਇੰਸਪੈਕਟਰ ਅਤੇ ਉਸ ਦਾ ਸਾਥੀ ਗ੍ਰਿਫ਼ਤਾਰ, ਪੁਲਿਸ ਨੂੰ ਮਿਲਿਆ ਦੋ ਦਿਨ ਦਾ ਰਿਮਾਂਡ
- ਫੜ੍ਹਿਆ ਗਿਆ ਗੈਂਗਸਟਰ ਜਸ਼ਨ ਸੰਧੂ, ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਕਾਬੂ ਕੀਤੇ ਲਾਰੈਂਸ ਅਤੇ ਰੋਹਿਤ ਗੋਦਾਰਾ ਗੈਂਗ ਦੇ ਦੋ ਗੁਰਗੇ
- ਇਸ ਜੁੱਤੀ ਨੂੰ ਪਾਉਣ ਵਾਲੇ ਬਥੇਰੇ, ਪਰ ਬਣਾਉਣ ਵਾਲੇ ਲੁਪਤ, ਬਹੁਤ ਹੀ ਖਾਸ ਜੁੱਤੀ, ਪਰ ਹੁਣ ਘਟਿਆ ਕ੍ਰੇਜ਼, ਇਸ ਰਿਪੋਰਟ ਵਿੱਚ ਜਾਣੋ ਵਜ੍ਹਾਂ