ਅੰਮ੍ਰਿਤਸਰ: "ਹੁਣ ਆਉਣ ਦਾ ਕੀ ਫਾਇਦਾ ਹੁਣ ਤਾਂ ਘਰ ਉਜੜ ਗਏ, ਨੇੜੇ ਹੀ ਮੋੜ 'ਤੇ ਸਿਰਫ਼ 20 ਤੋਂ 30 ਰੁਪਏ 'ਚ ਸ਼ਰਾਬ ਮਿਲਦੀ ਹੈ, ਇਹ ਸ਼ਰਾਬ ਨਹੀਂ ਮੌਤ ਹੈ।" ਇਹ ਮ੍ਰਿਤਕ ਦੇ ਪਰਿਵਾਰਕ ਮੈਂਬਰ ਪਵਨ ਦਾ ਕਹਿਣਾ ਹੈ। ਦਰਅਸਲ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਕਈ ਪਿੰਡਾਂ 'ਚ ਨਕਲੀ ਸ਼ਰਾਬ ਨੇ 23 ਲੋਕਾਂ ਦੀ ਜਾਨ ਲੈ ਲਈ ਅਤੇ 23 ਪਰਿਵਾਰਾਂ ਦੀਆਂ ਖੁਸ਼ੀਆਂ ਕੁੱਝ ਰੁਪਇਆਂ ਦੇ ਲਾਲਚ ਨੇ ਖੋਹ ਲਈਆਂ। ਇਸ ਨਕਲੀ ਸ਼ਰਾਬ ਨੇ ਬੱਚਿਆਂ ਦੇ ਸਿਰ 'ਤੇ ਬਾਪ ਦਾ ਸਾਇਆ ਤੱਕ ਨਹੀਂ ਰਹਿਣ ਦਿੱਤਾ। ਪਿੰਡ ਥਰੀਏਵਾਲ 'ਚ ਆਪਣੀ ਦਿਨ ਭਰ ਦੀ ਥਕਾਟਵ ਨੂੰ ਦੂਰ ਕਰਨ ਲਈ ਇਨ੍ਹਾਂ ਮਾਸੂਮ ਬੱਚਿਆਂ ਦੇ ਪਿਤਾ ਨੇ ਸ਼ਰਾਬ ਪੀਤੀ ਪਰ ਉਸ ਨੂੰ ਨਹੀਂ ਪਤਾ ਕਿ ਉਸ ਨੇ ਆਪਣੀ ਮੌਤ ਨੂੰ ਸੱਦਾ ਦਿੱਤਾ ਹੈ। ਹੁਣ ਮਾਸੂਮ ਬੱਚਿਆਂ ਕੋਲ ਨਾ ਬਾਪ ਹੈ ਨਾ ਮਾਂ, ਕਿਉਂਕਿ ਮਾਂ ਦੀ ਪਿਛਲੇ ਸਾਲ ਹੀ ਮੌਤ ਹੋ ਗਈ ਸੀ।
"ਸਾਨੂੰ ਇਸਨਾਫ਼ ਚਾਹੀਦਾ"
ਮ੍ਰਿਤਕ ਦੇ ਪੁੱਤਰ ਗੁਰਸੇਵਕ ਸਿੰਘ ਨੇ ਕਿਹਾ "ਸਾਨੂੰ ਇਨਸਾਫ਼ ਚਾਹੀਦਾ ਹੈ, ਪਿੰਡ 'ਚ ਵਿਕਦੀ ਸ਼ਰਾਬ ਨੇ ਮੇਰੇ ਪਿਤਾ ਦੀ ਜਾਨ ਲੈ ਲਈ, ਹੁਣ ਅਸੀਂ ਸਿਰਫ਼ ਦੋਵੇਂ ਭਰਾ ਹੀ ਰਹਿ ਗਏ ਹਾਂ। ਪਿਛਲੇ ਸਾਲ ਮਾਂ ਛੱਡ ਕੇ ਚਲੀ ਗਈ ਤੇ ਹੁਣ ਪਿਤਾ"
ਬੱਚਿਆਂ ਦਾ ਕੀ ਬਣੇਗਾ?
ਪਿੰਡ ਥਰੀਏਵਾਲ 'ਚ ਹੀ ਇੱਕ ਹੋਰ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਮੇਰੇ "ਭਤੀਜੇ ਦੀ ਨਕਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ। ਉਸ ਨੇ ਪਿੰਡ ਵਿੱਚੋਂ ਹੀ ਸ਼ਰਾਬ ਖਰੀਦ ਕੇ ਪੀਤੀ ਸੀ। ਪਰਿਵਾਰ ਦੇ ਆਰਥਿਕ ਹਾਲਤ ਠੀਕ ਨਹੀਂ , ਮ੍ਰਿਤਕ ਦੇ ਦੋ ਧੀਆਂ ਅਤੇ ਇੱਕ ਪੁੱਤਰ ਹੈ, ਹੁਣ ਉਨ੍ਹਾਂ ਦੇ ਸਹਾਰੇ ਲਈ ਸਰਕਾਰ ਤੋਂ ਮਦਦ ਦੀ ਅਪੀਲ ਕਰਦੇ ਹਾਂ।"

ਪਿਓ-ਪੁੱਤਰ ਦਿੱਲੀ ਤੋਂ ਗ੍ਰਿਫ਼ਤਾਰ
ਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਸਰਗਰਮ ਹੋ ਗਈ। ਜਦੋਂ ਪੁਲਿਸ ਸਾਹਿਬ ਸਿੰਘ ਕੋਲ ਪਹੁੰਚੀ ਤਾਂ ਉਸਦੇ ਮੋਬਾਈਲ ਤੋਂ ਕਈ ਲਿੰਕ ਨਿਕਲੇ। ਜਿਸ ਤੋਂ ਪਤਾ ਲੱਗਾ ਕਿ ਉਸ ਨੇ ਲੁਧਿਆਣਾ ਤੋਂ 50 ਲੀਟਰ ਮੀਥੇਨੌਲ ਮੰਗਵਾਇਆ ਸੀ। ਇੰਨਾ ਹੀ ਨਹੀਂ, ਮੁਲਜ਼ਮ ਨੇ ਦਿੱਲੀ ਤੋਂ ਭਾਰਤ ਹੈਵੀ ਕੈਮੀਕਲਜ਼ ਤੋਂ 600 ਲੀਟਰ ਮੀਥੇਨੌਲ ਮੰਗਵਾਇਆ ਸੀ। ਮੁਲਜ਼ਮ ਸਾਹਿਬ ਨੇ ਇਸ ਲਈ 35 ਹਜ਼ਾਰ ਰੁਪਏ ਔਨਲਾਈਨ ਵੀ ਅਦਾ ਕੀਤੇ ਸਨ ਅਤੇ ਖੇਪ ਦਿੱਲੀ ਤੋਂ ਰਵਾਨਾ ਹੋ ਗਈ ਸੀ। ਪੁਲਿਸ ਨੇ ਜਾਂਚ ਕਰਕੇ ਟਰੱਕ ਨੂੰ ਰੋਕਿਆ ਹੈ ਅਤੇ 600 ਲੀਟਰ ਮੀਥੇਨੌਲ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਕੈਮੀਕਲ ਭੇਜਣ ਵਾਲੇ ਪਿਓ-ਪੁੱਤਰ ਰਵਿੰਦਰ ਜੈਨ ਅਤੇ ਰਿਸ਼ਭ ਜੈਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਅੰਮ੍ਰਿਤਸਰ ਲਿਆਂਦਾ ਜਾ ਰਿਹਾ ਹੈ।
10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ
ਮ੍ਰਿਤਕਾਂ ਵਿੱਚ ਭੰਗਾਲੀ ਕਲਾਂ, ਮਰਾੜੀ ਕਲਾਂ, ਪਤਾਲਪੁਰੀ, ਥਰੀਵਾਲ, ਤਲਵੰਡੀ ਖੁੰਮਣ ਅਤੇ ਕਰਨਾਲਾ ਦੇ ਲੋਕ ਸ਼ਾਮਲ ਹਨ। ਘਟਨਾ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ। ਪੁਲਿਸ ਨੇ ਜ਼ਹਿਰੀਲੀ ਸ਼ਰਾਬ ਵੇਚਣ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਸੀਐਮ ਮਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

ਮੁਲਜ਼ਮ ਦਾ ਪਤੀ ਵੀ ਸ਼ਰਾਬ ਪੀਣ ਨਾਲ ਮਰਿਆ
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਦੌਰਾਨ ਸ਼ਰਾਬ ਵੇਚਣ ਵਾਲੀ ਨਿੰਦਰ ਕੌਰ ਮੀਡੀਆ ਦੇ ਸਾਹਮਣੇ ਆਈ। "ਉਸਨੇ ਸਾਫ਼ ਕਿਹਾ ਕਿ ਉਹ ਨਹੀਂ, ਸਗੋਂ ਉਸਦਾ ਪਤੀ ਸ਼ਰਾਬ ਵੇਚਦਾ ਸੀ ਅਤੇ ਉਸਦੀ ਮੌਤ ਖੁਦ ਸ਼ਰਾਬ ਪੀ ਕੇ ਹੋਈ ਹੈ।"
[Live] CM @BhagwantMann takes stock of situation in Majitha following hooch tragedy
— Government of Punjab (@PbGovtIndia) May 13, 2025
https://t.co/RdtAeAFoQR
ਕਿੰਨੇ ਲੋਕਾਂ ਦੀ ਹੋਈ ਗ੍ਰਿਫ਼ਤਾਰੀ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੁੱਲ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਅਦਾਲਤ ਕੋਲੋਂ 10 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਮੁਲਜ਼ਮਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਹੈ। ਉੱਥੇ ਹੀ 4 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਹੋਰ ਕੀ ਕਾਰਵਾਈ ਹੋਵੇਗੀ ਅਤੇ ਦੋਸ਼ੀਆਂ ਨੂੰ ਕਿੰਨੀ ਸਖ਼ਤ ਸਜ਼ਾ ਹੋਵੇਗੀ ਤਾਂ ਜੋ ਮੁੜ ਤੋਂ ਨਕਲੀ ਸ਼ਰਾਬ ਨਾਲ ਕਿਸੇ ਦੇ ਘਰ 'ਚ ਸੱਥਰ ਨਾ ਵਿੱਛੇ ਅਤੇ ਨਾ ਹੀ ਬੱਚਿਆਂ ਤੋਂ ਬਾਪ ਦੂਰ ਹੋਵੇ।