ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਖਨੌਰੀ 'ਤੇ ਸ਼ੰਭੂ ਬਾਰਡਰ ਖਾਲੀ ਕਰਾਏ ਜਾਣ ਮਗਰੋਂ ਇੱਕ ਵੱਡਾ ਐਲਾਨ ਕੀਤਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਕੇਜਰੀਵਾਲ ਅੰਮ੍ਰਿਤਸਰ ਨੇੜੇ ਚੋਗਾਵਾਂ ਕੋਲ ਟਪਿਆਲਾ ਦੇ ਸਕੂਲ ਵਿੱਚ ਆ ਰਹੇ ਹਨ। ਕਿਸਾਨ ਉੱਥੇ ਜਾਣਗੇ ਅਤੇ ਉਨ੍ਹਾਂ ਤੋਂ ਸਵਲਾ ਜਵਾਬ ਕਰਨਗੇ। ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਫੈਸਲੇ ਅਨੁਸਾਰ ਜਿੱਥੇ-ਜਿੱਥੇ ਮੰਤਰੀ, ਐੱਮਐੱਲਏ, ਮੁੱਖ ਮੰਤਰੀ ਜਾਣਗੇ, ਉੱਥੇ ਕਿਸਾਨ ਵੀ ਜਾਣਗੇ ਅਤੇ ਉਨ੍ਹਾਂ ਤੋਂ ਸਵਾਲ ਜਵਾਬ ਕਰਨਗੇ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਪੋਕੇ ਵਿੱਚ ਇਕੱਠੀ ਹੋ ਕੇ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਜਾਵਾਂਗੀ। ਉਨ੍ਹਾਂ ਨੂੰ ਕਿ ਮੁੱਖ ਮੰਤਰੀ ਸਾਹਿਬ ਜੇ ਲੋਕਤੰਤਰ ਦਾ ਸਨਮਾਨ ਕਰਦੇ ਹਨ ਤਾਂ ਸਾਡੇ ਸਵਾਲਾਂ ਦੇ ਜਵਾਬ ਤੋਂ ਨਹੀਂ ਭੱਜਣਗੇ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਸਾਲਾਂ 'ਚ ਤਾਂ ਪੰਜਾਬ ਦੀ ਜਿਹੜੀ ਸਿੱਖਿਆ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ, ਉਸ ਕਾਰਨ ਪੰਜਾਬ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਹਨ। ਸਰਕਾਰੀ ਸਿੱਖਿਆ ਵਧੀਆ ਹੋਵੇ ਤਾਂ ਕੋਈ ਵੀ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਨਾ ਪੜਾਵੇ। ਇੱਥੇ ਜਿਹੜੀਆਂ ਸਿਹਤ ਸਹੂਲਤਾਵਾਂ ਹਨ ਉਹ ਪੂਰੀ ਤਰ੍ਹਾਂ ਫੇਲ੍ਹ ਹਨ।
ਕਿਸਾਨਾਂ ਉੱਤੇ ਜ਼ਬਰਦਸਤ ਜ਼ੁਲਮ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜਿਹੜਾ "ਖਨੌਰੀ 'ਤੇ ਸ਼ੰਭੂ ਬਾਰਡਰ ਉੱਤੇ ਜ਼ਬਰ ਕੀਤਾ ਹੈ ਉਸ ਮਸਲੇ 'ਤੇ ਉਹ ਸਵਾਲ ਜਵਾਬ ਪੁੱਛਣਗੇ। ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਐੱਮਐੱਸਪੀ ਗਰੰਟੀ ਕਾਨੂੰਨ 'ਤੇ ਆਪਣਾ ਸਟੈਡ ਸਾਫ਼ ਕਰਨ ਲਈ ਕਹਾਂਗੇ। ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਨੇ ਐੱਮਐੱਸਪੀ ਗਰੰਟੀ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਕਿੱਥੇ ਗਿਆ ? ਕੇਂਦਰ ਸਰਕਾਰ ਨਾਲ ਮਿਲਕੇ ਭਗਵੰਤ ਮਾਨ ਨੇ ਕਿਸਾਨਾਂ ਉੱਤੇ ਜ਼ਬਰਦਸਤ ਜ਼ੁਲਮ ਕੀਤਾ ਅਤੇ ਉਨ੍ਹਾਂ ਦਾ ਸਮਾਨ ਤੱਕ ਚੋਰੀ ਕਰਵਾ ਦਿੱਤਾ। ਮਹਿਲਾਵਾਂ ਅਤੇ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ। "
ਪਿੰਡ ਟਪਿਆਲਾ ਵਿਖੇ ਕਿਸਾਨਾਂ ਦਾ ਇਕੱਠ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹਨ ਪੰਜਾਬ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਹੈ ਪਰ ਘਰ-ਘਰ ਵਿੱਚ, ਪਿੰਡ-ਪਿੰਡ ਵਿੱਚ ਨਸ਼ਾ ਹਾਲੇ ਵੀ ਵਿਕ ਰਿਹਾ ਹੈ। ਤੁਸੀਂ ਆਪਣੇ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਸਾਡੇ ਨਾਲ ਸਿਵਲ ਵਰਦੀ ਵਿੱਚ ਭੇਜ ਦਿਓ ਅਸੀਂ ਤੁਹਾਨੂੰ ਆਪ ਨਸ਼ਾ ਵਿਕਦਾ ਦਿਖਾਂਵਾਗੇ।