ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਦੇ ਹਲਕਾ ਮਜੀਠਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਲੋਕਾਂ ਦੀ ਕੁੱਲ੍ਹ ਗਿਣਤੀ 23 ਹੋ ਚੁੱਕੀ ਹੈ। ਇਸ ਘਟਨਾਕ੍ਰਮ ਸਬੰਧੀ ਪੂਰੀ ਜਾਣਕਾਰੀ ਡੀਆਈਜੀ ਸਤਿੰਦਰ ਸਿੰਘ ਨੇ ਸਾਂਝੀ ਕੀਤੀ ਹੈ। ਡੀਆਈਜੀ ਨੇ ਕਿਹਾ ਕਿ ਇਹ ਇੱਕ ਨਿੰਦਣਯੋਗ ਘਟਨਾ ਹੈ ਅਤੇ ਜਦੋਂ ਬੀਤੀ ਰਾਤ ਇਸ ਸਬੰਧੀ ਸੂਚਨਾ ਮਿਲੀ ਤਾਂ ਪੁਲਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਸ਼ਰਾਬ ਕਾਂਡ ਦੇ ਪੀੜਤਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ। ਇਸ ਤੋਂ ਇਲਾਵਾ ਘਟਨਾ ਵਾਲੀ ਰਾਤ ਹੀ ਨੇੜੇ ਦੇ ਪਿੰਡਾਂ ਵਿੱਚ ਅਨਾਊਂਸਮੈਂਟ ਵੀ ਕਰਵਾਈ ਗਈ ਕਿ ਜਿਸ ਨੇ ਵੀ ਇਹ ਜ਼ਹਿਰੀਲੀ ਸ਼ਰਾਬ ਖਰੀਦ ਕੇ ਘਰ ਰੱਖੀ ਹੋਈ ਹੈ ਜਾਂ ਪੀਤੀ ਹੈ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ, ਇਸ ਤੋਂ ਬਾਅਦ ਕਈ ਲੋਕਾਂ ਨੇ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਅਤੇ ਕਈਆਂ ਦੀ ਜਾਨ ਵੀ ਬਚੀ।
ਡੀਆਈਜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ, 'ਬੀਤੀ ਰਾਤ ਇਹ ਘਟਨਾ ਵਾਪਰਨ ਤੋਂ ਬਾਅਦ ਪੁਲਿਸ ਨੇ ਨਾਲ ਦੀ ਨਾਲ ਐਕਸ਼ਨ ਕਰਦਿਆਂ ਅੱਜ ਤੜਕੇ 2 ਵਜੇ ਤੱਕ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਘਟਨਾਕ੍ਰਮ ਵਿੱਚ ਹਰਸ਼ਾ ਛੀਨਾ ਨਾਮ ਦਾ ਮੁਲਜ਼ਮ ਸ਼ਾਮਲ ਹੈ ਅਤੇ ਮਾਮਲੇ ਨਾਲ ਸਬੰਧਿਤ ਇੱਕ ਹੋਰ ਸ਼ਖ਼ਸ ਸਾਹਿਬ ਸਿੰਘ ਦੀ ਭੂਮਿਕਾ ਵੀ ਸਾਹਮਣੇ ਆਉਂਦੀ ਹੈ। ਜਦੋਂ ਸਾਹਿਬ ਸਿੰਘ ਨੂੰ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਦਾ ਹੈ ਤਾਂ ਉਹ ਗਾਇਬ ਹੋਣ ਦੀ ਕੋਸ਼ਿਸ਼ ਕਰਦਾ ਹੈ ਪਰ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ।'
"ਸਾਹਿਬ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 50 ਲੀਟਰ ਮਿਥਾਨੋਲ ਜੋ ਸ਼ਰਾਬ ਵਿੱਚ ਮਿਲਾਈ ਗਈ ਸੀ ਅਤੇ ਜਿਸ ਨੇ 23 ਲੋਕਾਂ ਦੀ ਜਾਨ ਲਈ ਉਹ ਲੁਧਿਆਣਾ ਦੀ ਇੱਕ ਫੈਕਟਰੀ ਤੋਂ ਲਿਆਂਦੀ ਗਈ ਸੀ, ਫਿਰ ਉਸ ਫੈਕਟਰੀ ਵਿੱਚ ਛਾਪਾ ਮਾਰਿਆ ਗਿਆ ਅਤੇ ਕੁੱਝ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਾਹਿਬ ਸਿੰਘ ਦੇ ਫੋਨ ਤੋਂ ਪੁਲਿਸ ਨੂੰ ਪੱਕਾ ਤਕਨੀਕੀ ਸਬੂਤ ਮਿਲਦਾ ਹੈ ਕਿ ਉਸ ਨੇ ਦਿੱਲੀ ਤੋਂ ਹੋਰ 600 ਲੀਟਰ ਮਿਥਾਨੋਲ ਲਿਆਉਣ ਦਾ ਆਰਡਰ ਦਿੱਤਾ ਹੈ, ਮਿਥਾਨੋਲ ਭੇਜਣ ਵਾਲੀ ਇਹ ਕੰਪਨੀ ਦਿੱਲੀ ਨਾਲ ਸਬੰਧਿਤ ਪਾਈ ਗਈ ਹੈ। ਇਸ ਤੋਂ ਬਾਅਦ ਉਸ ਟਰੱਕ ਨੂੰ ਵੀ ਪਟਿਆਲਾ ਨੇੜੇ ਫੜ੍ਹ ਲਿਆ ਗਿਆ ਜਿਸ ਵਿੱਚ ਇਹ 600 ਲੀਟਰ ਮਿਥਾਨੋਲ ਸਾਹਿਬ ਸਿੰਘ ਕੋਲ ਪਹੁੰਚਾਈ ਜਾਣੀ ਸੀ।"- ਸਤਿੰਦਰ ਸਿੰਘ,ਡੀਆਈਜੀ
'16 ਮੁਲਜ਼ਮ ਗ੍ਰਿਫ਼ਤਾਰ'
ਡੀਆਈਜੀ ਸਤਿੰਦਰ ਸਿੰਘ ਮੁਤਾਬਿਕ ਦਿੱਲੀ ਦਾ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਬਗੈਰ ਕੋਈ ਦੇਰੀ ਕੀਤੇ ਪੁਲਿਸ ਦੀ ਇੱਕ ਟੀਮ ਦਿੱਲੀ ਭੇਜੀ ਗਈ ਅਤੇ ਉੱਥੋਂ ਫੈਕਟਰੀ ਚਲਾਉਣ ਵਾਲੇ 2 ਮੁੱਖ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ ਹੁਣ ਤੱਕ 18 ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਿਸ ਵਿੱਚੋਂ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ਰਾਬ ਕਾਂਡ ਦੇ ਮਾਸਟਰਮਾਈਂਡ ਸਾਹਿਬ ਸਿੰਘ ਦੇ ਤਸਕਰਾਂ ਨਾਲ ਪਹਿਲਾਂ ਹੀ ਸਬੰਧ ਹਨ ਅਤੇ ਉਸ ਵਿਰੁੱਧ 10 ਮਾਮਲੇ ਵੀ ਦਰਜ ਹਨ। ਡੀਆਈਜੀ ਮੁਤਾਬਿਕ ਇਸ ਮਾਮਲੇ ਵਿੱਚ ਫੜੀ ਗਈ ਔਰਤ ਨਿੰਦਰ ਕੌਰ ਵੀ ਸ਼ਰਾਬ ਵੇਚਦੀ ਹੈ।
'ਉੱਚ ਅਧਿਕਾਰੀਆਂ ਉੱਤੇ ਕਾਰਵਾਈ'
ਇਸ ਮੌਕੇ ਡੀਆਈਜੀ ਸਤਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਗਿਆ। ਇਸ ਮਾਮਲੇ ਵਿੱਚ ਇਲਾਕੇ ਨਾਲ ਸਬੰਧਿਤ ਡੀਐੱਸਪੀ, ਇੰਸਪੈਕਟਰ ਅਤੇ ਚੌਂਕੀ ਇੰਚਾਰਜ ਵਿਰੁੱਧ ਕਾਰਵਾਈ ਕੀਤੀ ਗਈ ਹੈ।