ਤਰਨ ਤਾਰਨ : ਪਿਛਲੇ ਦਿਨੀਂ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਵਿਖੇ ਘਰ ਵਿੱਚ ਸਹਿਜ ਪਾਠ ਕਰ ਰਹੀ ਅੰਮ੍ਰਿਤਧਾਰੀ ਬੀਬੀ ਗੁਰਪ੍ਰੀਤ ਕੌਰ ਦਾ ਲੁਟੇਰਿਆਂ ਵੱਲੋਂ ਕਤਲ ਕਰਨ ਦੀ ਖਬਰ ਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਪੀੜਤ ਪਰਿਵਾਰ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਭਾਣਾ ਮੰਨਣ ਦਾ ਹੌਂਸਲਾ ਵੀ ਦਿੱਤਾ।
ਜਥੇਦਾਰ ਨੇ ਪ੍ਰਸ਼ਾਸਨ ਦੀ ਕਾਰਵਾਈ 'ਤੇ ਚੁੱਕੇ ਸਵਾਲ
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ, 'ਦਿਨ ਦਿਹਾੜੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਵਿੱਚ ਦਾਖ਼ਲ ਹੋ ਕੇ ਪਾਠ ਕਰ ਰਹੀ ਅੰਮ੍ਰਿਤਧਾਰੀ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੈ। ਪੁਲਿਸ ਪ੍ਰਸ਼ਾਸਨ ਦਾ ਵੱਡਾ ਹਿੱਸਾ ਸਿਆਸੀ ਲੀਡਰਾਂ ਦੀ ਆਓ ਭਗਤ ਵਿੱਚ ਵਿਅਸਤ ਹੈ ਅਤੇ ਆਮ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।ਕਤਲ ਤੋਂ ਤਿੰਨ ਦਿਨ ਬਾਅਦ ਵੀ ਪੁਲਿਸ ਨੇ ਇੱਕ ਵੀ ਵਿਅਕਤੀ ਖਿਲਾਫ ਕਾਰਵਾਈ ਨਹੀਂ ਕੀਤੀ।'
ਪੀੜਤ ਪਰਿਵਾਰ ਨਾਲ ਖੜ੍ਹੀ ਸਿੱਖ ਕੌਮ
ਜਥੇਦਾਰ ਨੇ ਪ੍ਰਸਾਸ਼ਨ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਮ੍ਰਿਤਕ ਗੁਰਪੀਤ ਕੌਰ ਦੇ ਕਤਲ ਮਾਮਲੇ ਨੂੰ ਪੁਲਿਸ ਪ੍ਰਸ਼ਾਸਨ ਗੰਭੀਰਤਾ ਨਾਲ ਲਵੇ ਅਤੇ ਜਲਦ ਤੋਂ ਜਲਦ ਕਾਤਲਾਂ ਦੀ ਪਛਾਣ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਕਰ ਪੁਲਿਸ ਪ੍ਰਸ਼ਾਸਨ ਇਸ ਮਾਮਲੇ 'ਚ ਢਿੱਲਾ ਰਵੱਈਆ ਰੱਖਦਾ ਹੈ ਤਾਂ ਇਸ ਸਬੰਧੀ ਪਰਿਵਾਰ ਜੋ ਵੀ ਸੰਘਰਸ਼ ਵਿੱਢੇਗਾ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਰਹਾਂਗੇ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਅਤੇ ਅਕਾਲ ਤਖ਼ਤ ਸਾਹਿਬ ਪੀੜਤ ਪਰਿਵਾਰ ਨਾਲ ਹਰ ਮੌਕੇ ਖੜ੍ਹਾ ਹੈ।
- ਪਾਠ ਕਰ ਰਹੀ ਅੰਮ੍ਰਿਤਧਾਰੀ ਔਰਤ ਦਾ ਕਤਲ, ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ - MURDER IN TARN TARAN
- 'ਰਿਵਾਇਤੀ ਪਾਰਟੀਆਂ ਸਮੇਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਸਨ ਸੂਬੇ ਦੇ ਸਕੂਲ',ਪੰਜਾਬ ਸਿੱਖਿਆ ਕ੍ਰਾਂਤੀ ਨੂੰ ਭੰਡ ਰਹੇ ਵਿਰੋਧੀਆਂ ਨੂੰ ਮੀਤ ਹੇਅਰ ਦਾ ਜਵਾਬ
- 'ਸਰਕਾਰ ਮੈਨੂੰ ਜੇਲ੍ਹ ਭੇਜਣ ਦੀ ਤਿਆਰੀ 'ਚ', ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦਾ ਇਲਜ਼ਾਮ,'ਆਪ' ਨੇ ਵੀ ਦਿੱਤਾ ਜਵਾਬ
ਲੁੱਟ ਦੀ ਨੀਅਤ ਨਾਲ ਕਤਲ
ਜ਼ਿਕਰਯੋਗ ਹੈ ਕਿ ਹਲਕਾ ਖਡੂਰ ਸਾਹਿਬ ਦੇ ਪਿੰਡ ਕੰਗ ਵਿਖੇ ਬੀਤੇ ਦਿਨੀ ਕਤਲ ਕੀਤੀ ਗਈ ਅੰਮ੍ਰਿਤਧਾਰੀ ਮਹਿਲਾ ਗੁਰਪੀਤ ਕੌਰ ਦਾ ਲੁਟੇਰਿਆਂ ਨੇ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ । ਪੀੜਤਾ ਦੇ ਪਰਿਵਾਰ ਨੇ ਇਸ ਮੰਦਭਾਗੀ ਘਟਨਾ ਨੂੰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਇਸ ਘਟਨਾ ਤੋਂ ਬਾਅਦ ਸਿਆਸੀ ਆਗੂਆਂ ਵੱਲੋਂ ਸੂਬੇ ਦੀ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਦੱਸ ਦਈਏ ਕਿ ਜਿੱਥੇ ਇਸ ਮੰਦਭਾਗੀ ਖਬਰ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਹੌਲ ਵੀ ਨਜ਼ਰ ਆ ਰਿਹਾ ਹੈ।