ਸੰਗਰੂਰ(ਰਵੀ ਸ਼ਰਮਾ ): ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਕੁਝ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਕੁਝ ਲੋਕਾਂ ਦਾ ਸ਼ੌਕ ਬਣ ਜਾਂਦਾ ਹੈ ਅਤੇ ਕੁਝ ਲੋਕ ਪੁਰਾਣੀਆਂ ਚੀਜ਼ਾਂ ਵਿੱਚ ਜਾਨ ਪਾਕੇ ਨਵਾਂ ਬਣਾ ਦਿੰਦੇ ਹਨ ਜੋ ਕਿ ਦੇਖਣ ਵਿੱਚ ਵੀ ਬਹੁਤ ਖੂਬਸੂਰਤ ਲੱਗਦੀਆਂ ਹਨ। ਅੱਜ ਅਸੀਂ ਤੁਹਾਨੂੰ ਧੂਰੀ ਦੇ ਨੌਜਵਾਨ ਅਮਰਜੋਤ ਸਿੰਘ ਨਾਲ ਮਿਲਾਉਂਦੇ ਹਾਂ ਜਿਸਨੂੰ ਪੁਰਾਣੇ ਸਮੇਂ ਦੇ ਵਾਹਨ ਰੱਖਣ ਦਾ ਸ਼ੌਕ ਹੈ।
ਪੁਰਾਣੇ ਵਾਹਨ ਰੱਖਣ ਦਾ ਸ਼ੌਕ
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਅਮਰਜੋਤ ਸਿੰਘ ਨੂੰ ਪੁਰਾਣੇ ਵਾਹਨ ਰੱਖਣ ਦਾ ਸ਼ੌਕ ਹੈ। ਅਮਰਜੋਤ ਸਿੰਘ ਕੋਲ ਪੁਰਾਣੇ ਮਾਡਲ ਦੇ ਸਕੂਟਰ ਅਤੇ ਸਕੂਟਰੀਆਂ, ਪੁਰਾਣਾ ਗੱਡਾ ਅਤੇ ਹੁਣ ਇੱਕ 1964 ਮਾਡਲ ਟਰੈਕਟਰ ਡੀਟੀ 14 (DT 14 TRACTOR) ਵੀ ਹੈ ਜੋ ਉਸ ਨੇ ਕੁਝ ਦਿਨ ਪਹਿਲਾਂ ਹੀ ਖਰੀਦਿਆ ਹੈ। ਨੌਜਵਾਨ ਨੇ ਕਿਹਾ "ਅੱਜ ਦੀ ਨੌਜਵਾਨ ਪੀੜੀ ਪੁਰਾਣੇ ਵਿਰਸੇ ਅਤੇ ਸਮਾਨ ਨੂੰ ਭੁੱਲਦੀ ਜਾ ਰਹੀ ਹੈ, ਜਿਸ ਦੀ ਸੰਭਾਲ ਕਰਨਾ ਮੇਰਾ ਸ਼ੌਕ ਹੈ ਤਾਂ ਜੋ ਇੰਨ੍ਹਾਂ ਨੂੰ ਸਾਡੀ ਆਉਣ ਵਾਲੀ ਪੀੜੀ ਦੇਖ ਸਕੇ। ਮੇਰਾ ਪਰਿਵਾਰ ਵੀ ਮੇਰਾ ਪੂਰਾ ਸਾਥ ਦਿੰਦਾ ਹੈ ਕਿਉਂਕਿ ਮੇਰੇ ਪਿਤਾ ਜੀ ਨੂੰ ਵੀ ਪੁਰਾਣੇ ਵਾਹਨ ਰੱਖਣ ਦੀ ਸ਼ੌਕ ਹੈ। ਜਿੱਥੋਂ ਵੀ ਮੈਨੂੰ ਪੁਰਾਣਾ ਵਾਹਨ ਮਿਲਦਾ ਹੈ ਮੈਂ ਉਸ ਦੀ ਖਰੀਦ ਕਰ ਲੈਂਦਾ ਹਾਂ।"

2 ਲੱਖ ਦਾ ਖਰੀਦਿਆ 1964 ਮਾਡਲ ਟਰੈਕਟਰ DT 14
ਅਮਰਜੋਤ ਸਿੰਘ ਨੇ ਦੱਸਿਆ ਕਿ, ਉਸ ਨੇ ਕੁਝ ਦਿਨ ਪਹਿਲਾਂ ਹੀ 1964 ਮਾਡਲ ਟਰੈਕਟਰ ਡੀਟੀ 14 (DT 14 TRACTOR) ਕਰੀਬਨ 2 ਲੱਖ ਰੁਪਏ ਦਾ ਖਰੀਦਿਆ ਹੈ। ਇਸ ਟਰੈਕਟਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਦੋ ਬ੍ਰੇਕਾਂ ਹਨ ਅਤੇ ਹੱਥ ਨਾਲ ਕਲੱਚ ਦੱਬਿਆ ਜਾਂਦਾ ਹੈ। ਇਹ ਟਰੈਕਟਰ ਵਿਦੇਸ਼ ਦੀ ਕੰਪਨੀ (RUSSIAN TRACTOR DT 14) ਵੱਲੋਂ ਤਿਆਰ ਕੀਤਾ ਗਿਆ ਸੀ। ਅੱਜ ਦੇ ਟਰੈਕਟਰਾਂ ਨਾਲੋਂ ਇੱਕ ਵੱਖਰਾ ਹੈ। ਇਸ ਦੀ ਜੇਕਰ ਲਿਫਟ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵਾਂ ਪਾਸੇ ਲਿਫਟਿੰਗ ਕਰ ਸਕਦਾ ਹੈ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਮਿੱਟੀ ਦੇ ਵਿੱਚ ਟਰੈਕਟਰ ਖੁੱਬ ਜਾਂਦਾ ਹੈ ਤਾਂ ਉਸ ਨੂੰ ਕੱਢਣ ਦੇ ਲਈ ਟੋਚਨ ਪਾਣਾ ਪੈਂਦਾ ਹੈ ਪਰ ਇਹ ਟਰੈਕਟਰ ਲਿਫਟ ਦੇ ਸਹਾਰੇ ਨਿਕਲ ਜਾਂਦਾ ਹੈ।

ਡੀਟੀ 14 ਟਰੈਕਟਰ (DT 14 TRACTOR) ਬਾਰੇ ਜਾਣਕਾਰੀ
DT 14 ਟਰੈਕਟਰ, 1956 ਤੋਂ 1969 ਤੱਕ ਰੂਸ ਤੋਂ ਆਯਾਤ ਕੀਤਾ ਗਿਆ। ਇਹ ਕਿਸਾਨਾਂ ਦੀ ਤਰੱਕੀ ਲਈ ਪਹਿਲੀ ਮਸ਼ੀਨਰੀ ਸੀ। ਟਰੈਕਟਰ ਵਿੱਚ ਸਿਰਫ਼ ਇੱਕ ਸਿਲੰਡਰ ਸੀ। ਪੁਲੀ, PTO, ਹਾਈਡ੍ਰੌਲਿਕਸ ਆਦਿ ਸਹੂਲਤਾਂ ਵੀ ਇਸ ਟਰੈਕਟਰ ਵਿੱਚ ਹਨ। ਉਸ ਸਮੇਂ ਇਸ ਦੀ ਕੀਮਤ ਕਰੀਬ 12800 ਰੁਪਏ ਸੀ। 1960 ਅਤੇ 1970 ਵਿੱਚ DT 14 ਕਿਸਾਨਾਂ ਦਾ ਸਭ ਤੋਂ ਪਸੰਦੀਦਾ ਬ੍ਰਾਂਡ ਟਰੈਕਟਰ ਸੀ। 1969 ਤੋਂ ਬਾਅਦ, ਆਯਾਤ ਪਾਬੰਦੀ ਲਗਾਈ ਗਈ ਸੀ ਅਤੇ DT 14 ਲੱਗਭਗ ਗਾਇਬ ਹੋ ਗਿਆ ਸੀ।

