ਲੁਧਿਆਣਾ: ਜ਼ਿਲ੍ਹੇ ਦੇ ਰਾਏਕੋਟ ਵਿੱਚ ਸਥਿਤ ਹਲਵਾਰਾ ਏਅਰਪੋਰਟ ਪਿਛਲੇ ਕਈ ਸਾਲਾਂ ਤੋਂ ਤਿਆਰ ਹੋ ਰਿਹਾ ਹੈ ਪਰ ਹਾਲੇ ਤੱਕ ਇਸ ਤੋਂ ਫਲਾਈਟ ਸ਼ੁਰੂ ਨਹੀਂ ਹੋਈਆਂ। ਕਿਸੇ ਨਾ ਕਿਸੇ ਰੁਕਾਵਟ ਕਰਕੇ ਏਅਰਪੋਰਟ ਦਾ ਕੰਮ ਰੁਕ ਜਾਂਦਾ ਹੈ ਹਾਲਾਂਕਿ ਏਅਰ ਫੋਰਸ ਵੱਲੋਂ ਆਪਣਾ ਪੂਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ ,ਉੱਥੇ ਹੀ ਏਅਰਪੋਰਟ ਅਥੋਰਟੀ ਵੱਲੋਂ ਵੀ ਸਾਰਾ ਕੰਮ ਨਿਪਟਾ ਲਿਆ ਗਿਆ ਹੈ। ਹੁਣ ਪੀ ਡਬਲਊ ਡੀ ਮਹਿਕਮੇ ਤੋਂ ਏਅਰ ਇੰਡੀਆ ਅਥਾਰਟੀ ਵੱਲੋਂ ਟੇਕ ਓਵਰ ਲਿਆ ਜਾਣਾ ਹੈ, ਜਿਸ ਤੋਂ ਇੱਕ-ਡੇਢ ਮਹੀਨੇ ਦੇ ਵਿੱਚ ਇੱਥੋਂ ਫਲਾਈਟ ਸ਼ੁਰੂ ਹੋ ਜਾਣਗੀਆਂ। ਇਸ ਸਬੰਧੀ ਲੁਧਿਆਣਾ ਪਛਮੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਹੋਟਲ ਐਸੋਸੀਏਸ਼ਨ ਦੇ ਨਾਲ ਰਾਜਸਭਾ ਮੈਂਬਰ ਸੰਜੀਵ ਅਰੋੜਾ ਦੀ ਅਹਿਮ ਬੈਠਕ ਹੋਈ ਹੈ, ਜਿਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਹੁਣ ਰਾਤ 2 ਵਜੇ ਤੱਕ ਲੁਧਿਆਣਾ ਦੇ ਸਾਰੇ ਹੀ ਰੈਸਟੋਰੈਂਟ ਖਾਣਾ ਪਰੋਸ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਕਿਸੇ ਨੇ ਬਾਰ ਚਲਾਉਣਾ ਹੈ ਤਾਂ ਉਸ ਨੂੰ ਇਸ ਸਬੰਧੀ ਆਬਕਾਰੀ ਵਿਭਾਗ ਦੇ ਨਾਲ ਗੱਲਬਾਤ ਕਰਨੀ ਹੋਵੇਗੀ। ਹੋਟਲ ਕਾਰੋਬਾਰੀਆ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੇ ਇਸ ਮੌਕੇ ਹਲਵਾਰਾ ਏਅਰਪੋਰਟ ਬਾਰੇ ਵੀ ਗੱਲ ਕੀਤੀ, ਉਨ੍ਹਾਂ ਦੱਸਿਆ ਕਿ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ, ਇਸ ਸਬੰਧੀ ਬਕਾਇਦਾ ਡਿਪਟੀ ਕਮਿਸ਼ਨਰ ਅਤੇ ਹੋਰ ਅਫਸਰਾਂ ਦੀ ਇੱਕ ਕਮੇਟੀ ਵੀ ਬਣੀ ਹੋਈ ਹੈ, ਕਮੇਟੀ ਵੱਲੋਂ ਕੰਮ ਰਿਵਿਊ ਕੀਤਾ ਜਾਂਦਾ ਹੈ।
ਤਾਰਾਂ ਕਰਕੇ ਕੰਮ ਹੋਇਆ ਲੇਟ
ਸੰਜੀਵ ਅਰੋੜਾ ਨੇ ਕਿਹਾ ਕਿ "ਕੰਮ ਇਸ ਕਰਕੇ ਫਸ ਗਿਆ ਕਿਉਂਕਿ ਅਸੀਂ ਤਾਰਾਂ ਲਗਾਈਆਂ ਸਨ ਪਰ ਹੁਣ ਨਵੀਂ ਗਾਈਡਲਾਈਨ ਦੇ ਮੁਤਾਬਿਕ ਚਾਰ ਦੀਵਾਰੀ ਕੀਤੀ ਜਾਣੀ ਜਰੂਰੀ ਹੈ, ਇਸ ਕਰਕੇ ਹੁਣ ਚਾਰ ਦੀਵਾਰੀ ਕੀਤੀ ਗਈ। ਕੰਮ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ, ਇਸ ਤੋਂ ਬਾਅਦ ਏਅਰ ਇੰਡੀਆ ਵੱਲੋਂ ਆਪਣਾ ਦਫਤਰ ਵੀ ਇੱਥੇ ਬਣਾਇਆ ਜਾਣਾ ਹੈ, ਜਿਨ੍ਹਾਂ ਵੱਲੋਂ ਇੱਥੋਂ ਫਲਾਈਟ ਸ਼ੁਰੂ ਕਰ ਦਿੱਤੀ ਜਾਵੇਗੀ। ਸਾਡੀ ਕੋਸ਼ਿਸ਼ ਹੈ ਕਿ ਜੂਨ ਤੋਂ ਪਹਿਲਾਂ ਪਹਿਲਾਂ ਹੀ ਸਾਰਾ ਕੰਮ ਕਮਲ ਹੋ ਜਾਵੇ। ਇੱਥੋਂ ਫਲਾਈਟ ਚੱਲਣੀਆਂ ਸ਼ੁਰੂ ਹੋ ਜਾਣ।"