ਖੰਨਾ (ਲੁਧਿਆਣਾ): ਸਮਰਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਭਤੀਜੇ ਅਮਨਦੀਪ ਸਿੰਘ 'ਤੇ ਸ਼ੁੱਕਰਵਾਰ ਸਵੇਰੇ ਦਿਲ ਦਹਲਾ ਦੇਣ ਵਾਲਾ ਹਮਲਾ ਹੋਇਆ। ਗੋਲਡਨ ਗ੍ਰੇਨ ਕਲੱਬ ਨੇੜੇ ਖੇਤਾਂ ਵਿੱਚ ਜਾਂਦੇ ਸਮੇਂ ਤਲਵਾਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਚਾਰ ਅਣਪਛਾਤੇ ਹਮਲਾਵਰਾਂ ਨੇ ਅਮਨਦੀਪ 'ਤੇ ਅਚਾਨਕ ਹਮਲਾ ਕਰ ਦਿੱਤਾ। ਹਮਲੇ 'ਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਪਹਿਲਾਂ ਖੰਨਾ ਦੇ ਨਿੱਜੀ ਹਸਪਤਾਲ ਅਤੇ ਬਾਅਦ ਵਿੱਚ ਮੋਹਾਲੀ ਦੇ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ, 'ਅਮਨਦੀਪ ਸਿੰਘ ਬੁੱਲੇਪੁਰ ਪਿੰਡ ਦਾ ਰਹਿਣ ਵਾਲਾ ਹੈ ਅਤੇ ਖੇਤੀਬਾੜੀ ਕਰਦਾ ਹੈ। ਸ਼ੁੱਕਰਵਾਰ ਸਵੇਰੇ ਲਗਭਗ 10 ਵਜੇ, ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਖੇਤਾਂ ਵੱਲ ਜਾ ਰਿਹਾ ਸੀ ਤਾਂ ਗੋਲਡਨ ਗ੍ਰੇਨ ਕਲੱਬ ਨੇੜੇ ਪਹਿਲਾਂ ਤੋਂ ਹੀ ਆਲਟੋ K10 ਕਾਰ 'ਚ ਘਾਤ ਲਗਾ ਕੇ ਬੈਠੇ ਚਾਰ ਹਮਲਾਵਰਾਂ ਨੇ ਉਸ 'ਤੇ ਤਲਵਾਰਾਂ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰ ਨੇ ਆਪਣੇ ਚਿਹਰੇ ਕਪੜਿਆਂ ਨਾਲ ਢੱਕੇ ਹੋਏ ਸਨ।'
'ਅਮਨਦੀਪ ਦੀ ਰੇਕੀ ਕਰ ਰਹੇ ਸਨ ਹਮਲਾਵਰ'
ਜਦੋਂ ਇਹ ਵਾਰਦਾਤ ਹੋਈ, ਉਸ ਵੇਲੇ ਆਲੇ ਦੁਆਲੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਵਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਹਮਲਾਵਰ ਪਿਛਲੇ ਦੋ-ਤਿੰਨ ਦਿਨਾਂ ਤੋਂ ਅਮਨਦੀਪ ਦੀ ਰੇਕੀ ਕਰ ਰਹੇ ਸਨ। ਹਮਲੇ ਵਾਲੇ ਦਿਨ ਵੀ ਉਨ੍ਹਾਂ ਦੀ ਕਾਰ ਸਵੇਰੇ 7.30 ਵਜੇ ਤੋਂ ਇਲਾਕੇ 'ਚ ਘੁੰਮਦੀ ਦੇਖੀ ਗਈ।
'ਹਮਲੇ ਦਾ ਕਾਰਣ ਨਹੀਂ ਸਪੱਸ਼ਟ'
ਜ਼ਖ਼ਮੀ ਅਮਨਦੀਪ ਨੂੰ ਪਹਿਲਾਂ ਲਿਵਾਸਾ (ਆਈਵੀਐਈ) ਹਸਪਤਾਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰਕੇ ਮੋਹਾਲੀ ਦੇ ਮੈਕਸ ਹਸਪਤਾਲ ਰੈਫਰ ਕਰਨਾ ਪਿਆ। ਪੁਲਿਸ ਦੇ ਅਨੁਸਾਰ ਅਮਨਦੀਪ ਸਿੰਘ ਦਾ ਛੋਟਾ ਭਰਾ ਪੰਜਾਬ ਪੁਲਿਸ 'ਚ ਨੌਕਰੀ ਕਰਦਾ ਹੈ। ਇਸ ਹਮਲੇ ਦੇ ਕਾਰਨ ਬਾਰੇ ਅਜੇ ਤੱਕ ਕੋਈ ਸਪੱਸ਼ਟਤਾ ਨਹੀਂ ਮਿਲੀ ਪਰ ਪੁਲਿਸ ਵਲੋਂ ਰੰਜਿਸ਼, ਜਾਇਦਾਦ ਜਾਂ ਨਿੱਜੀ ਵਿਵਾਦ ਸਮੇਤ ਸਾਰੀਆਂ ਸੰਭਾਵਨਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿੰਡ 'ਚ ਦਹਿਸ਼ਤ ਦਾ ਮਾਹੌਲ
ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਜਲਦ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਾਨੂੰਨੀ ਗ੍ਰਿਫ਼ਤੀ 'ਚ ਲਿਆਉਣ ਲਈ ਪੁਲਿਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਵਾਰਦਾਤ ਤੋਂ ਬਾਅਦ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।