ਲੁਧਿਆਣਾ: ਜ਼ਿਮਨੀ ਚੋਣ ਲਈ ਚਾਰ ਸਿਖਰਾਂ 'ਤੇ ਹੈ, ਉੱਥੇ ਹੀ ਅੱਤ ਦੀ ਗਰਮੀ ਦੇ ਵਿੱਚ ਉਮੀਦਵਾਰ ਸਵੇਰੇ ਅਤੇ ਸ਼ਾਮ ਨੂੰ ਜ਼ਿਆਦਾਤਰ ਚੋਣ ਪ੍ਰਚਾਰ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਨ। ਲੁਧਿਆਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕਾਂ ਦਾ ਚੰਗਾ ਉਨ੍ਹਾਂ ਨੂੰ ਸਮਰਥਨ ਮਿਲ ਰਿਹਾ ਹੈ।
ਸਵੇਰੇ ਸ਼ਾਮ ਚੋਣ ਪ੍ਰਚਾਰ ਜਾਰੀ
ਸੰਜੀਵ ਅਰੋੜਾ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਜੋ ਰਾਜ ਸਭਾ ਮੈਂਬਰ ਰਹਿੰਦੇ ਹੋਏ ਉਨ੍ਹਾਂ ਨੇ ਕੰਮ ਕਰਵਾਏ ਨੇ ਉਹ ਲੋਕਾਂ ਨੂੰ ਯਾਦ ਹਨ ਅਤੇ ਉਸ ਦੇ ਆਧਾਰ 'ਤੇ ਹੀ ਉਹ ਲੋਕਾਂ ਦੇ ਵਿੱਚ ਵਿਚਰ ਰਹੇ ਹਨ। ਸੰਜੀਵ ਅਰੋੜਾ ਨੇ ਕਿਹਾ ਕਿ ਗਰਮੀ ਤਾਂ ਜ਼ਰੂਰ ਹੈ ਪਰ ਇਸ ਨਾਲ ਉਨ੍ਹਾਂ ਨੂੰ ਫਰਕ ਨਹੀਂ ਪੈਂਦਾ, ਅਸੀਂ ਲੋਕਾਂ ਦਾ ਧਿਆਨ ਰੱਖਦੇ ਹਾਂ ਕਿ ਉਹ ਤੰਗ ਨਾ ਹੋਣ ਇਸ ਕਰਕੇ ਅਸੀਂ ਸਵੇਰੇ ਸ਼ਾਮ ਹੀ ਚੋਣ ਪ੍ਰਚਾਰ ਕਰ ਰਹੇ ਹਾਂ।
ਇਸ ਦੌਰਾਨ ਉਨ੍ਹਾਂ ਦੂਸ਼ਣਬਾਜ਼ੀ ਨੂੰ ਲੈ ਕੇ ਵੀ ਬਾਕੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ, 'ਮੇਰੀ ਆਦਤ ਨਹੀਂ ਹੈ ਕਿਸੇ ਉੱਤੇ ਸਵਾਲ ਖੜ੍ਹੇ ਕਰਨੇ ਜਾਂ ਫਿਰ ਦੂਸ਼ਣਬਾਜ਼ੀ ਕਰਨੀ ਜਾਂ ਫਿਰ ਹੇਠਲੇ ਪੱਧਰ ਦੀ ਰਾਜਨੀਤੀ ਕਰਨੀ। ਅਸੀਂ ਸਿਰਫ ਕੰਮ ਅਤੇ ਤਰੱਕੀ ਵਿੱਚ ਵਿਸ਼ਵਾਸ ਰੱਖਦੇ ਹਾਂ ਇਸ ਕਰਕੇ ਕੰਮਾਂ ਦੇ ਅਧਾਰ 'ਤੇ ਅਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ।'
'ਲੋਕਾਂ ਦੇ ਕਰਵਾਏ ਕੰਮ'
ਸੰਜੀਵ ਅਰੋੜਾ ਨੇ ਕਿਹਾ ਕਿ ਪੱਛਮੀ ਹਲਕੇ ਦੇ ਵਿੱਚ ਸੂਝਵਾਨ ਵੋਟਰ ਰਹਿੰਦਾ ਹੈ, ਬਹੁਤ ਸਾਰੇ ਮਸਲੇ ਜੋ ਪਿਛਲੇ ਕਈ ਕਈ ਸਾਲਾਂ ਤੋਂ ਬਕਾਇਆ ਸਨ। ਉਹ ਪੂਰੇ ਕਰਵਾਏ ਇੱਥੋਂ ਤੱਕ ਕਿ 75 ਸਾਲ ਪੁਰਾਣਾ ਕੰਮ ਅਤੇ ਲਾਲ ਡੋਰੇ ਦੀ ਰਜਿਸਟਰੀਆਂ ਦਾ ਕੰਮ ਵੀ ਪੂਰਾ ਕਰਵਾਇਆ ਹੈ। ਇਸ ਮੌਕੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਸੰਜੀਵ ਅਰੋੜਾ ਦੇ ਜਿੱਤਣ ਉੱਤੇ ਉਨ੍ਹਾਂ ਨੂੰ ਪੰਜਾਬ ਕੈਬਿਨਟ ਵਿੱਚ ਸ਼ਾਮਿਲ ਕਰਨ ਸਬੰਧੀ ਦਿੱਤੇ ਬਿਆਨ ਬਾਰੇ ਵੀ ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਫੈਸਲਾ ਹੈ, ਬਾਕੀ ਉਹ ਕਿਸੇ ਅਹੁਦੇ ਦੇ ਲਈ ਨਹੀਂ ਸਗੋਂ ਲੋਕਾਂ ਦੀ ਸੇਵਾ ਦੇ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਹੁੰਦੇ ਹੋਏ ਉਨ੍ਹਾਂ ਲੋਕਾਂ ਦੀ ਹੀ ਆਵਾਜ਼ ਚੁੱਕੀ ਹੈ, ਲੋਕਾਂ ਦੇ ਕੰਮ ਕੀਤੇ ਨੇ ਅਤੇ ਲੋਕਾਂ ਦੇ ਕੀਤੇ ਗਏ ਕੰਮਾਂ ਦੇ ਅਧਾਰ 'ਤੇ ਹੀ ਉਹ ਵੋਟਾਂ ਮੰਗ ਰਹੇ ਨੇ।