ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਕੰਢੇ ਉੱਤੇ ਪਹੁੰਚਦੀ ਨਜ਼ਰ ਆ ਰਹੀ ਹੈ। ਆਏ ਦਿਨ ਹੀ ਗੋਲੀਆਂ ਚੱਲਣ ਦਾ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਮਾਮਲਾ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਦੇਰ ਰਾਤ ਆਪਣੀ ਪਤਨੀ ਨਾਲ ਬਜ਼ਾਰ ਤੋਂ ਸਮਾਨ ਲੈ ਕੇ ਆ ਰਹੇ ਵਿਅਕਤੀ ਨੂੰ ਕੁਝ ਨੌਜਵਾਨਾਂ ਵੱਲੋਂ ਘੇਰ ਕੇ ਗੋਲੀ ਮਾਰੀ ਗਈ ਅਤੇ ਉਸ ਨੂੰ ਬੁਰੇ ਤਰੀਕੇ ਨਾਲ ਜ਼ਖ਼ਮੀ ਕੀਤਾ ਗਿਆ। ਜਿਸ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
''ਮੈਂ ਮੋਟਰਸਾਈਕਲ ਉੱਤੇ ਆਪਣੀ ਪਤਨੀ ਨਾਲ ਘਰ ਦਾ ਸਮਾਨ ਲੈ ਕੇ ਵਾਪਸ ਆ ਰਿਹਾ ਸੀ। ਮੇਰੇ ਮੁਹੱਲੇ ਦੇ ਮੁੰਡਿਆਂ ਨੇ ਘੇਰ ਕੇ ਲੱਤ 'ਤੇ ਗੋਲੀ ਮਾਰ ਦਿੱਤੀ ਅਤੇ ਸਿਰ ਵਿੱਚ ਵੀ ਸੱਟਾਂ ਮਾਰੀਆਂ। ਪੁਰਾਣੀ ਰੰਜਿਸ਼ ਤਾਂ ਕੋਈ ਨਹੀਂ। ਮੇਰੀ ਕਟਿੰਗ ਦੀ ਦੁਕਾਨ ਹੈ ਅਤੇ ਮੇਰੇ ਦੁਕਾਨ ਉੱਤੇ 10 ਨੌਜਵਾਨ ਕਟਿੰਗ ਕਰਵਾਉਣ ਲਈ ਆਉਂਦੇ ਹਨ। ਜਿਸ ਨੂੰ ਲੈ ਕੇ ਕੁਝ ਨੌਜਵਾਨਾਂ ਵੱਲੋਂ ਮੇਰੇ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਕਹਿਣ ਲੱਗੇ ਕਿ ਉਹ ਨੌਜਵਾਨ ਤੇਰੀ ਦੁਕਾਨ 'ਤੇ ਕਿਉਂ ਆਉਂਦੇ ਹਨ।''- ਸੰਦੀਪ ਕੁਮਾਰ, ਜ਼ਖ਼ਮੀ ਨੌਜਵਾਨ
ਉੱਥੇ ਹੀ ਜਖ਼ਮੀ ਨੌਜਵਾਨ ਦੀ ਪਤਨੀ ਨੇ ਕਿਹਾ ਕਿ ਉਹ ਬਜ਼ਾਰ ਤੋਂ ਸਮਾਨ ਲੈ ਕੇ ਆਪਣੇ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਕੁਝ ਨੌਜਵਾਨਾਂ ਵੱਲੋਂ ਘੇਰ ਕੇ ਉਸ ਦੇ ਪਤੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਲੱਤ ਉੱਤੇ ਗੋਲੀ ਵੀ ਮਾਰੀ। ਇਸ ਦੇ ਨਾਲ ਹੀ ਜ਼ਖ਼ਮੀ ਹੋਏ ਵਿਅਕਤੀ ਦੀ ਪਤਨੀ ਨੇ ਰੋ-ਰੋ ਕੇ ਇਨਸਾਫ ਦੀ ਗੁਹਾਰ ਲਗਾਈ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਖ਼ਮੀ ਨੌਜਵਾਨ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕੇ ਹਮਲਾਵਰ ਨੌਜਵਾਨਾਂ ਨੂੰ ਭਾਲ ਕੇ ਉਨ੍ਹਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਥਾਣਾ ਗੇਟ ਕੀ ਅਧੀਨ ਆਉਂਦੇ ਇਲਾਕੇ ਦੇ ਵਿੱਚ ਸੰਦੀਪ ਸਿੰਘ ਨਾਮ ਦੇ ਨੌਜਵਾਨ ਦੇ ਲੱਤ 'ਤੇ ਗੋਲੀ ਵੱਜੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕਰ ਰਹੀ ਹੈ।