ਬਰਨਾਲਾ : ਬੀਤੇ ਦਿਨੀਂ ਜੇਈ ਐਡਵਾਂਸ ਪ੍ਰੀਖਿਆ ਦਾ ਨਤੀਜਾ ਆਇਆ ਹੈ, ਜਿਸ ਵਿੱਚ ਪੰਜਾਬ ਦੇ ਕਈ ਬੱਚਿਆਂ ਵੱਲੋਂ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ। ਇਸ ਤਰ੍ਹਾਂ ਦੀ ਪ੍ਰੀਖਿਆ ਨੂੰ ਪਾਸ ਕਰਨ ਲਈ ਬੱਚਿਆਂ ਵੱਲੋਂ ਕਈ ਵੱਡੇ-ਵੱਡੇ ਟ੍ਰੇਨਿੰਗ ਸੈਂਟਰਾਂ ਵਿੱਚ ਆਪਣੀ ਤਿਆਰੀ ਕੀਤੀ ਜਾਂਦੀ ਹੈ, ਪਰ ਇਸ ਵਾਰ ਬਹੁ ਗਿਣਤੀ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਬੱਚਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦਾ ਰਹਿਣ ਵਾਲਾ ਹੈ। ਛੋਟੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹਰਚੰਦ ਦਾਸ ਵੱਲੋਂ ਇਹ ਪ੍ਰੀਖਿਆ ਪਾਸ ਕੀਤੀ ਗਈ ਹੈ, ਉਸ ਦਾ ਭਾਰਤ ਭਰ ਵਿੱਚ 9972 ਰੈਂਕ ਰਿਹਾ। ਹਰਚੰਦ ਦਾਸ ਨੇ ਆਪਣੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਕੀਤੀ ਅਤੇ ਇਸ ਪ੍ਰੀਖਿਆ ਦੀ ਤਿਆਰੀ ਵੀ ਪੰਜਾਬ ਸਰਕਾਰ ਵੱਲੋਂ ਆਨਲਾਈਨ ਦਿੱਤੀ ਜਾ ਰਹੀ ਪੜ੍ਹਾਈ ਦੀ ਮਦਦ ਨਾਲ ਹੀ ਕੀਤੀ ਹੈ।
ਮੁੱਖ ਮੰਤਰੀ ਮਾਨ ਨੇ ਕੀਤਾ ਸਨਮਾਨਤ
ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਹਰਚੰਦ ਦਾਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਸੀਐਮ ਭਗਵੰਤ ਮਾਨ ਵੱਲੋਂ ਪੇਪਰ ਪਾਸ ਕੀਤੇ ਵਿਦਿਆਰਥੀਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਪਰਿਵਾਰ ਵਿੱਚ ਇਸ ਪ੍ਰਾਪਤੀ ਤੋਂ ਬਾਅਦ ਖੁਸ਼ੀ ਦਾ ਮਾਹੌਲ ਹੈ। ਬੱਚੇ ਦੇ ਪਿਤਾ ਖੇਤੀ ਕਰਦੇ ਹਨ ਅਤੇ ਮਾਤਾ ਘਰ ਵਿੱਚ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ।


ਪਰਿਵਾਰ ਅਤੇ ਅਧਿਆਪਕਾਂ ਨੇ ਦਿੱਤਾ ਸਾਥ
ਵਿਦਿਆਰਥੀ ਹਰਚੰਦ ਦਾਸ ਨੇ ਕਿਹਾ ਕਿ 'ਮੇਰਾ ਪਰਿਵਾਰ ਨਾਰਮਲ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਅਤੇ ਮੇਰੇ ਪਿਤਾ ਜੀ ਖੇਤੀ ਕਰਦੇ ਹਨ, ਜਿਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਠੀਕ ਠਾਕ ਹੁੰਦਾ ਹੈ। ਸਾਡੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਦਾਦਾ, ਦਾਦੀ, ਮਾਤਾ, ਪਿਤਾ ਅਤੇ ਦੋ ਵੱਡੀਆਂ ਭੈਣਾਂ ਹਨ। ਮੇਰੇ ਮਾਤਾ ਘਰ ਦਾ ਕੰਮ ਕਰਨ ਦੇ ਨਾਲ-ਨਾਲ ਸਿਲਾਈ ਦਾ ਕੰਮ ਵੀ ਕਰਦੇ ਹਨ। ਇਸ ਕਾਮਯਾਬੀ ਲਈ ਮਾਤਾ ਪਿਤਾ ਦਾ ਬਹੁਤ ਸਹਿਯੋਗ ਮਿਲਿਆ ਹੈ ਅਤੇ ਮੇਰੇ ਮਾਮਾ ਜੀ ਦਾ ਮੇਰੀ ਇਸ ਕਾਮਯਾਬੀ ਪਿੱਛੇ ਬਹੁਤ ਯੋਗਦਾਨ ਰਿਹਾ ਹੈ ਕਿਉਂਕਿ ਜਦੋਂ ਮੈਂ ਘਰ ਤੋਂ ਦੂਰ ਪਟਿਆਲਾ ਵਿੱਚ ਪੜ੍ਹਦਾ ਸੀ, ਉਸ ਸਮੇਂ ਮੇਰੇ ਮਾਮਾ ਜੀ ਮੈਨੂੰ ਹਰ ਇੱਕ ਸੁਵਿਧਾ ਪ੍ਰਦਾਨ ਕਰਦੇ ਸਨ ਜਿਸ ਦੀ ਮੈਨੂੰ ਬਹੁਤ ਜ਼ਰੂਰਤ ਹੁੰਦੀ ਸੀ। ਇਸ ਤੋਂ ਇਲਾਵਾ ਅਧਿਆਪਕਾਂ ਨੇ ਬਹੁਤ ਸਾਥ ਦਿੱਤਾ ਹੈ।' ਉਨ੍ਹਾਂ ਆਪਣੇ ਸਾਥੀਆਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦੇ ਹਨ ਤਾਂ ਵੱਧ ਤੋਂ ਵੱਧ ਪੜ੍ਹਾਈ ਕਰਨ ਅਤੇ ਆਪਣਾ ਇੱਕ ਗੋਲ ਬਣਾ ਕੇ ਰੱਖਣ।

ਮਾਪਿਆਂ ਦਾ ਵਧਿਆ ਮਾਣ
ਇਸ ਮੌਕੇ ਚਰਨਜੀਤ ਕੌਰ ਨੇ ਦੱਸਿਆ ਕਿ ਮੇਰੇ ਬੇਟੇ ਵੱਲੋਂ ਜੇਈ ਐਡਵਾਂਸ ਦਾ ਪੇਪਰ ਪਾਸ ਕੀਤਾ ਗਿਆ ਹੈ, ਜਿਸ ਕਰਕੇ ਸਾਰੇ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਮੇਰੇ ਬੇਟੇ ਦੀ ਉਮਰ 17 ਸਾਲ ਦੀ ਹੈ ਅਤੇ ਉਹ ਭਵਿੱਖ ਵਿੱਚ ਇੰਜੀਨੀਅਰ ਬਣਨਾ ਚਾਹੁੰਦਾ ਹੈ। ਸਰਕਾਰੀ ਸਕੂਲ 'ਚ 11ਵੀਂ ਦੀ ਪੜ੍ਹਾਈ ਦੇ ਨਾਲ-ਨਾਲ ਕੋਚਿੰਗ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਸਰਕਾਰ ਵੱਲੋਂ ਅਵੰਤੀ ਐਪ ਰਾਹੀਂ ਪੇਪਰ ਦੀ ਤਿਆਰੀ ਕਰਵਾਈ ਜਾਂਦੀ ਹੈ। ਜਿਸ ਦੇ ਤਹਿਤ ਮੇਰੇ ਬੇਟੇ ਵੱਲੋਂ ਜੇਈ ਦਾ ਪੇਪਰ ਪਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪਤੀ ਖੇਤੀ ਕਰਦੇ ਹਨ ਅਤੇ ਇਸ ਦੇ ਨਾਲ ਉਹ ਸਬਜ਼ੀਆਂ ਬੀਜਣ ਦਾ ਕੰਮ ਵੀ ਕਰਦੇ ਸਨ। ਜਿਸ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਿੰਗੀਆਂ ਕੋਚਿੰਗਾਂ ਪ੍ਰਾਪਤ ਨਹੀਂ ਕਰ ਸਕਦੇ ਪਰ ਪੰਜਾਬ ਸਰਕਾਰ ਵੱਲੋਂ ਅਵੰਤੀ ਐਪ ਰਾਹੀ ਮੇਰੇ ਬੇਟੇ ਨੇ ਪੇਪਰ ਪਾਸ ਕੀਤਾ ਹੈ। ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸੀਐਮ ਦਾ ਇਹ ਫੈਸਲਾ ਬਹੁਤ ਸ਼ਲਾਘਾਯੋਗ ਹੈ ਜਿਸ ਨਾਲ ਬੱਚਿਆਂ ਵਿੱਚ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਸੀਐਮ ਭਗਵੰਤ ਮਾਨ ਨਾਲ ਮਿਲੇ ਤਾਂ ਉਨ੍ਹਾਂ ਨੂੰ ਆਪਣੇ ਬੇਟੇ ਉੱਪਰ ਬਹੁਤ ਮਾਣ ਮਹਿਸੂਸ ਹੋਇਆ।