ਖੰਨਾ (ਲੁਧਿਆਣਾ): ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਗੈਂਗਸਟਰਾਂ ਅਤੇ ਆਪਰਾਧਿਕ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ। ਮਲੇਰਕੋਟਲਾ ਰੋਡ 'ਤੇ 8 ਅਪ੍ਰੈਲ ਦੀ ਰਾਤ ਨੂੰ ਗੋਲੀਬਾਰੀ ਕਰਕੇ ਵਿਵੇਕ ਕਿਰਨਾ ਸਟੋਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਸ ਕਾਰਵਾਈ ਵਿੱਚ 7 ਲੁਟੇਰੇ ਫੜੇ ਗਏ ਹਨ, ਜਿਨ੍ਹਾਂ ਵਿੱਚੋਂ 2 ਲੁਟੇਰਿਆਂ ਦੀਆਂ ਲੱਤਾਂ ਟੁੱਟ ਗਈਆਂ।
2 ਦੀਆਂ ਲੱਤਾਂ ਟੁੱਟੀਆਂ
ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਛਿੰਦਾ, ਦੀਪਕ ਦੀਪੀ ਵਾਸੀ ਦੁੱਗਰੀ (ਲੁਧਿਆਣਾ), ਗੁਰਦੀਪ ਸਿੰਘ ਦੀਪੀ ਵਾਸੀ ਟੰਗਰਾਲਾ (ਫਤਹਿਗੜ੍ਹ ਸਾਹਿਬ), ਅਭਿਮਨਿਊ ਮੰਨੂ ਵਾਸੀ ਬਸੰਤ ਨਗਰ ਖੰਨਾ, ਸਾਹਿਲ ਢੋਲੀ ਵਾਸੀ ਖੰਨਾ, ਨਰਿੰਦਰ ਸਿੰਘ ਨੂਰੀ ਵਾਸੀ ਘੁਟੀਂਡ (ਫਤਹਿਗੜ੍ਹ ਸਾਹਿਬ) ਅਤੇ ਮਨਦੀਪ ਸਿੰਘ ਡਿੱਕੀ ਵਾਸੀ ਗਿੱਲ (ਲੁਧਿਆਣਾ) ਨੂੰ ਗ੍ਰਿਫਤਾਰ ਕਰ ਲਿਆ। ਮੁਕਾਬਲੇ ਤੋਂ ਬਾਅਦ ਨਰਿੰਦਰ ਸਿੰਘ ਨੂਰੀ ਅਤੇ ਮਨਦੀਪ ਸਿੰਘ ਡਿੱਕੀ ਨੂੰ ਫੜਿਆ ਗਿਆ। ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਹਨ। ਦੋਵੇਂ ਸਿਵਲ ਹਸਪਤਾਲ ਖੰਨਾ ਵਿੱਚ ਦਾਖਲ ਹਨ। ਪੁਲਿਸ ਨੇ ਮੁਲਜ਼ਮਾਂ ਤੋਂ 30 ਬੋਰ ਪਿਸਤੌਲ, 32 ਬੋਰ ਪਿਸਤੌਲ, 1 ਦੇਸੀ ਪਿਸਤੌਲ, 9 ਕਾਰਤੂਸ, 5 ਮੈਗਜ਼ੀਨ ਅਤੇ 2 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਬਰਾਮਦ ਕੀਤੇ ਹਨ।
7 ਮੁਲਜ਼ਮ ਕੀਤੇ ਗ੍ਰਿਫ਼ਤਾਰ
ਐੱਸਐੱਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ, 'ਘਟਨਾ ਤੋਂ ਬਾਅਦ ਟੀਮਾਂ ਬਣਾਈਆਂ ਗਈਆਂ ਸਨ। ਟੀਮਾਂ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪਹਿਲੀ ਲੀਡ 13 ਅਪ੍ਰੈਲ ਨੂੰ ਮਿਲੀ ਜਦੋਂ ਵਿਕਰਮਜੀਤ ਸਿੰਘ ਛਿੰਦਾ, ਦੀਪਕ ਦੀਪੀ ਅਤੇ ਗੁਰਦੀਪ ਸਿੰਘ ਦੀਪੀ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਇੱਕ ਪਿਸਤੌਲ ਅਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਮੰਨਿਆ ਕਿ ਇਹ ਅਪਰਾਧ ਨਰਿੰਦਰ ਨੂਰੀ ਅਤੇ ਮਨਦੀਪ ਡਿੱਕੀ ਨਾਲ ਮਿਲ ਕੇ ਕੀਤਾ ਗਿਆ ਸੀ। ਅਭਿਮਨਿਊ ਨੇ ਘਟਨਾ ਦੌਰਾਨ ਉਨ੍ਹਾਂ ਨੂੰ ਪਨਾਹ ਦਿੱਤੀ ਸੀ। ਸਾਹਿਲ ਢੋਲੀ ਨੇ ਮੋਟਰਸਾਈਕਲ ਦਿੱਤਾ ਸੀ। ਫਿਰ 14 ਅਪ੍ਰੈਲ ਨੂੰ ਅਭਿਮਨਿਊ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'
ਐੱਸਐੱਸਪੀ ਨੇ ਕਿਹਾ ਕਿ ਜਦੋਂ ਅਭਿਮਨਿਊ ਨਾਲ ਪੁਲਿਸ ਪਾਰਟੀ ਅਮਲੋਹ ਵੱਲ ਜਾ ਰਹੀ ਸੀ, ਤਾਂ ਅਭਿਮਨਿਊ ਨੇ ਨਰਿੰਦਰ ਨੂਰੀ ਅਤੇ ਮਨਦੀਪ ਡਿੱਕੀ ਵੱਲ ਇਸ਼ਾਰਾ ਕੀਤਾ ਜੋ ਸਲਾਣਾ ਪਿੰਡ ਤੋਂ ਮੋਟਰਸਾਈਕਲ 'ਤੇ ਆ ਰਹੇ ਸਨ ਅਤੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਦੁਕਾਨ ਦੇ ਅੰਦਰ ਗੋਲੀਬਾਰੀ ਕੀਤੀ ਸੀ। ਜਦੋਂ ਸਿਟੀ ਪੁਲਿਸ ਸਟੇਸ਼ਨ 2 ਦੇ ਐਸਐਚਓ ਆਕਾਸ਼ ਦੱਤ ਨੇ ਆਪਣੀ ਗੱਡੀ ਉਨ੍ਹਾਂ ਦੇ ਸਾਹਮਣੇ ਖੜ੍ਹੀ ਕਰਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਪਿਸਤੌਲ ਕੱਢ ਲਈ ਅਤੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ, ਪੁਲਿਸ ਨੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਇਸ ਦੌਰਾਨ, ਭੱਜਣ ਦੀ ਕੋਸ਼ਿਸ਼ ਕਰਦੇ ਹੋਏ, ਨੂਰੀ ਅਤੇ ਡਿੱਕੀ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਫਿਸਲ ਗਿਆ। ਦੋਵੇਂ ਡਿੱਗ ਪਏ ਅਤੇ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ।
ਮੁਲਜ਼ਮਾਂ ਉੱਤੇ ਕਈ ਮਾਮਲੇ ਦਰਜ
ਐੱਸਐੱਸਪੀ ਜੋਤੀ ਯਾਦਵ ਨੇ ਦੱਸਿਆ ਕਿ ਨੂਰੀ ਅਤੇ ਡਿੱਕੀ ਵਿਰੁੱਧ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮਾਂ ਹੇਠ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਗਿਰੋਹ ਨੇ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਵੀ ਵਾਰਦਾਤਾਂ ਕੀਤੀਆਂ ਹਨ। ਖਮਾਣੋਂ ਵਿੱਚ ਇੱਕ ਘਰ 'ਤੇ ਗੋਲੀਬਾਰੀ ਕੀਤੀ। ਮਨਦੀਪ ਸਿੰਘ ਡਿੱਕੀ ਵਿਰੁੱਧ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ 12 ਮਾਮਲੇ ਦਰਜ ਹਨ। ਇਹ ਗੈਂਗਸਟਰ ਬਹੁਤ ਦਹਿਸ਼ਤ ਫੈਲਾ ਰਿਹਾ ਸੀ। ਵਿਕਰਮਜੀਤ ਛਿੰਦਾ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਇਰਾਦਤਨ ਕਤਲ ਦੇ ਤਿੰਨ ਮਾਮਲੇ ਦਰਜ ਹਨ। ਦੀਪਕ ਦੀਪੀ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਘਰ ਵਿੱਚ ਦਾਖਲ ਹੋ ਕੇ ਹਮਲਾ ਕਰਨ ਦੇ ਇਲਜ਼ਾਮ ਹੇਠ ਤਿੰਨ ਮਾਮਲੇ ਦਰਜ ਹਨ। ਗੁਰਦੀਪ ਸਿੰਘ ਦੀਪੀ ਵਿਰੁੱਧ ਕਤਲ ਦੀ ਕੋਸ਼ਿਸ਼, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਗਵਾ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਇਲਜ਼ਾਮ ਹੇਠ ਪੰਜ ਮਾਮਲੇ ਦਰਜ ਹਨ। ਲੁਧਿਆਣਾ ਵਿੱਚ 3 ਅਤੇ ਜ਼ੀਰਕਪੁਰ ਵਿੱਚ 2 ਕੇਸ ਹਨ। ਅਭਿਮਨਿਊ ਵਿਰੁੱਧ ਖੰਨਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਡੇਰਾਬੱਸੀ ਵਿੱਚ ਡਕੈਤੀ ਦਾ ਮਾਮਲਾ ਦਰਜ ਹੈ।