ਪਠਾਨਕੋਟ: ਪੰਜਾਬ ਦੇ ਇਕ ਪਵਿੱਤਰ ਕੋਨੇ ਵਿੱਚ ਸਥਿਤ ਮਾਤਾ ਕਾਲੀ ਦੇ ਮੰਦਿਰ ਦੀ ਮਹਿਮਾ ਸਿਰਫ ਧਾਰਮਿਕ ਪੱਖੋਂ ਹੀ ਨਹੀਂ, ਸੰਗਰਾਮਕ ਇਤਿਹਾਸ ਨਾਲ ਵੀ ਜੁੜੀ ਹੋਈ ਹੈ। ਇਹ ਮੰਦਿਰ ਕਰੀਬ 350 ਸਾਲ ਪੁਰਾਣਾ ਹੈ ਅਤੇ ਇੱਥੇ ਦੂਰੋਂ-ਦੂਰੋਂ ਸੰਗਤ ਆਪਣੀਆਂ ਮੁਰਾਦਾਂ ਪੂਰੀਆਂ ਕਰਨ ਲਈ ਮੱਥਾ ਟੇਕਣ ਆਉਂਦੀ ਹੈ। ਵਿਸ਼ੇਸ਼ ਕਰਕੇ ਨਰਾਤਿਆਂ ਦੇ ਪਵਿੱਤਰ ਦਿਨਾਂ ਵਿੱਚ ਇਥੇ ਸੰਗਤਾਂ ਦਾ ਠਾਠਾਂ ਮਾਰਦਾ ਹੜ੍ਹ ਵੇਖਣ ਨੂੰ ਮਿਲਦਾ ਹੈ।
ਅੰਗਰੇਜ਼ਾਂ ਦਾ ਮੁਕਾਬਲਾ
ਸ਼ਹੀਦ ਰਾਮ ਸਿੰਘ ਪਠਾਨੀਆ ਵੀ ਇਸ ਮੰਦਿਰ 'ਚ ਮਾਤਾ ਦੀ ਪੂਜਾ ਕਰਦੇ ਸਨ। ਸ਼ਹੀਦ ਰਾਮ ਸਿੰਘ ਪਠਾਨੀਆ ਦੇ ਇਤਿਹਾਸ ਦੇ ਬਾਰੇ ਮੰਦਿਰ ਵਿੱਚ ਪੂਰੀ ਜਾਣਕਾਰੀ ਦਿੱਤੀ ਹੋਈ ਹੈ। ਸ਼ਹੀਦ ਰਾਮ ਸਿੰਘ ਪਠਾਨੀਆ ਨੇ ਇੱਕ ਪਾਣੀ ਦੀ ਗੜਵੀ ਨਾਲ ਇਸ ਮੰਦਿਰ ਦੇ ਵਿੱਚ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਸੀ। ਮੰਦਿਰ ਵਿੱਚ ਪੂਜਾ ਕਰਦੇ ਸਮੇਂ ਅੰਗਰੇਜ਼ਾਂ ਨੇ ਸ਼ਹੀਦ ਰਾਮ ਸਿੰਘ ਪਠਾਨੀਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਇਕ ਪਾਣੀ ਦੀ ਗੜਵੀ ਨਾਲ ਕਈ ਅੰਗਰੇਜ਼ ਸਿਪਾਹੀਆਂ ਨੂੰ ਸ਼ਹੀਦ ਰਾਮ ਸਿੰਘ ਪਠਾਨੀਆ ਨੇ ਮੌਤ ਦੇ ਘਾਟ ਉਤਾਰਿਆ ਸੀ।

ਇਸ ਸੰਬੰਧੀ ਜਦੋ ਮੰਦਿਰ ਦੇ ਪੁਜਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੰਦਿਰ ਕਰੀਬ 350 ਸਾਲ ਪੁਰਾਣਾ ਹੈ ਅਤੇ ਸ਼ੁਰੂ ਤੋਂ ਹੀ ਇਸ ਮੰਦਿਰ ਦੀ ਬਹੁਤ ਮਾਨਤਾ ਹੈ। ਸੰਗਤ ਦੂਰੋਂ -ਦੂਰੋਂ ਇਸ ਗੜਵਾਲੀ ਮਾਤਾ ਜੋ ਕਿ ਮਾਂ ਕਾਲੀ ਦਾ ਪ੍ਰਤੀਕ ਹਨ, ਉਨ੍ਹਾਂ ਦੇ ਦਰਸ਼ਨ ਲਈ ਪਹੁੰਚਦੀ ਹੈ ਅਤੇ ਮੂੰਹ ਮੰਗੀਆਂ ਮੁਰਾਦਾ ਪਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜਿਥੇ ਸੰਗਤ ਦਾ ਇਸ ਮੰਦਿਰ ਚ ਅਟੁੱਟ ਵਿਸ਼ਵਾਸ ਹੈ। ਉੱਥੇ ਹੀ ਦੂਜੇ ਪਾਸੇ ਲੋਕਾਂ 'ਚ ਅੰਗਰੇਜ਼ਾਂ ਦੇ ਵਿਰੁੱਧ ਅਲਖ ਜਗਾਉਣ ਵਾਲੇ ਸ਼ਹੀਦ ਰਾਮ ਸਿੰਘ ਪਠਾਨੀਆ ਵੀ ਇਸ ਮੰਦਿਰ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਜਿਥੇ ਆਮ ਦਿਨਾਂ 'ਚ ਲੋਕ ਮੱਥਾ ਟੇਕਣ ਦੇ ਲਈ ਆਉਂਦੇ ਹਨ। ਉਥੇ ਹੀ ਨਰਤਿਆਂ ਵਿੱਚ ਇਸ ਮੰਦਿਰ ਵਿਖੇ ਸੰਗਤ ਭਾਰੀ ਗਿਣਤੀ 'ਚ ਪਹੁੰਚਦੀ ਹੈ ਅਤੇ ਮਾਤਾ ਦੇ ਦਰਬਾਰ 'ਚ ਨਤਮਸਤਕ ਹੋ ਕੇ ਮਾਤਾ ਦਾ ਆਸ਼ੀਰਵਾਦ ਲੈਂਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪਿੰਡ ਦੇ ਹੀ ਰਹਿਣ ਵਾਲੇ ਇੱਕ ਐਡਵੋਕੇਟ ਅਜੇ ਪਠਾਨੀਆ ਨੇ ਸ਼ਹੀਦ ਰਾਮ ਸਿੰਘ ਪਠਾਨੀਆ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਮੰਦਿਰ ਦੇ ਨਾਲ ਜੁੜੀ ਉਨ੍ਹਾਂ ਦੀ ਆਸਥਾ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਹ ਮੰਦਿਰ ਉਸ ਵੇਲੇ ਵੀ ਜ਼ਿਆਦਾ ਇਤਿਹਾਸਿਕ ਹੋ ਜਾਂਦਾ ਹੈ। ਜਦੋਂ ਪਹਾੜੀ 'ਤੇ ਬਣੇ ਇਸ ਮੰਦਰ ਜਿਸ ਦੇ ਵਿੱਚ ਸ਼ਹੀਦ ਰਾਮ ਸਿੰਘ ਪਠਾਨੀਆ, ਮਾਤਾ ਦੀ ਪੂਜਾ ਕਰਨ ਵਾਸਤੇ ਆਉਂਦੇ ਸਨ। ਜਿਨਾਂ ਦਾ ਪੂਰਾ ਇਤਿਹਾਸ ਲਿਖਿਆ ਅਤੇ ਉਨ੍ਹਾਂ ਦੀ ਇੱਕ ਮੂਰਤੀ ਵੀ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤੀ ਹੋਈ ਹੈ। ਅੰਗਰੇਜ਼ਾਂ ਦੇ ਖਿਲਾਫ ਅਵਾਜ ਚੁੱਕਣ ਵਾਲੇ ਸ਼ਹੀਦ ਰਾਮ ਸਿੰਘ ਪਠਾਨੀਆ ਇਸ ਮੰਦਿਰ 'ਚ ਆ ਕੇ ਮਾਤਾ ਕਾਲੀ ਦੀ ਪੂਜਾ ਕਰਦੇ ਸਨ ਅਤੇ ਇਹ ਸ਼ਹੀਦ ਉਹ ਹੈ ਜਿਸ ਨੇ ਬਿਨਾਂ ਕਿਸੇ ਹਥਿਆਰ ਦੇ ਸਿਰਫ ਪਾਣੀ ਪੀਣ ਵਾਲੀ ਗੜਵੀ ਦੇ ਨਾਲ ਅੰਗਰੇਜ਼ਾਂ ਦੇ ਦੰਦ ਖੱਟੇ ਕਰਦੇ ਹੋਏ ਅੰਗਰੇਜ਼ੀ ਫੌਜ ਦੇ ਕਈ ਫੌਜੀ ਮਾਰ ਮੁਕਾਏ ਸਨ ਅਤੇ ਅੱਜ ਵੀ ਇਸ ਸ਼ਹੀਦ ਨੂੰ ਯਾਦ ਕੀਤਾ ਜਾਂਦਾ ਹੈ।
ਪਠਾਨਕੋਟ ਦਾ ਇਤਿਹਾਸਕ ਸਥਾਨ
ਜ਼ਿਲ੍ਹਾ ਪਠਾਨਕੋਟ ਜੋ ਕਿ ਆਪਣੇ ਅੰਦਰ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਨੂੰ ਲੁਕੋਈ ਬੈਠਾ ਹੈ। ਫਿਰ ਚਾਹੇ ਉਹ ਰਾਤੋ-ਰਾਤ ਤਿਆਰ ਹੋਇਆ ਜੰਗਲ ਜਾਂ ਫਿਰ ਗੜਵਾਲੀ ਮਾਤਾ ਦਾ ਮੰਦਿਰ ਜੋ ਕਿ ਆਪਣੇ ਅੰਦਰ 350 ਸਾਲ ਪੁਰਾਣਾ ਇਤਿਹਾਸ ਲੁਕੋਈ ਬੈਠਾ ਹੈ। ਜਿਥੇ ਅੱਜ ਦੂਰ-ਦੁਰਾਡਿਆਂ ਤੋਂ ਸੰਗਤਾਂ ਇਸ ਮੰਦਿਰ ਵਿਖੇ ਨਤਮਸਤਕ ਹੋਣ ਦੇ ਲਈ ਆਉਂਦੀਆਂ ਹਨ। ਸੰਗਤਾਂ ਮੂੰਹ ਮੰਗੀਆਂ ਮੁਰਾਦਾ ਪਾਉਂਦੀਆਂ ਹਨ। ਅੱਜ ਵੀ ਜਦੋਂ ਇਥੇ ਨਰਾਤੇ ਆਉਂਦੇ ਹਨ, ਤਾਂ ਸਥਾਨਕ ਲੋਕਾਂ ਤੋਂ ਲੈ ਕੇ ਵਿਦੇਸ਼ਾਂ ‘ਚ ਵੱਸਦੇ ਭਗਤ ਵੀ ਇਥੇ ਨਤਮਸਤਕ ਹੋਣ ਲਈ ਪਹੁੰਚਦੇ ਹਨ। ਇਸ ਤਰ੍ਹਾਂ, ਇਹ ਮੰਦਿਰ ਨਾ ਸਿਰਫ ਧਾਰਮਿਕ ਇਤਿਹਾਸ ਨਾਲ ਜੁੜਿਆ ਹੈ, ਸਗੋਂ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਵੀ ਜ਼ਿੰਦਾਂ ਰੱਖਦਾ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਹੀਦ ਰਾਮ ਸਿੰਘ ਪਠਾਨੀਆ ਜਦੋਂ ਇਸ ਮੰਦਿਰ ਵਿੱਚ ਪੂਜਾ ਕਰਦੇ ਸਨ ਤਾਂ ਉਹ ਆਪਣੇ ਸਾਰੇ ਹਥਿਆਰ ਮੰਦਿਰ ਦੇ ਬਾਹਰ ਹੀ ਰੱਖ ਦਿੰਦੇ ਸਨ। ਜਿਸ ਦੇ ਚੱਲਦਿਆਂ ਅੰਗਰੇਜ਼ਾਂ ਨੇ ਇਨ੍ਹਾਂ ਨੂੰ ਫੜਨ ਦੇ ਲਈ ਇੱਕ ਚਾਲ ਚੱਲੀ ਅਤੇ ਇਨ੍ਹਾਂ ਨੂੰ ਮੰਦਿਰ ਦੇ ਅੰਦਰ ਹੀ ਫੜਨ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦ ਰਾਮ ਸਿੰਘ ਪਠਾਨੀਆ ਜੋ ਕਿ ਮਾਤਾ ਦੀ ਪੂਜਾ ਕਰ ਰਹੇ ਸਨ। ਉਨ੍ਹਾਂ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਪਾਣੀ ਦੀ ਗੜਵੀ ਦੇ ਨਾਲ ਹੀ ਕਈ ਅੰਗਰੇਜ਼ ਫੌਜੀਆਂ ਨੂੰ ਮਾਰ ਮੁਕਾਇਆ, ਜਿਨਾਂ ਦੇ ਇਤਿਹਾਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਗੜਵਾਲੀ ਮਾਤਾ ਮੰਦਿਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਹੀਦ ਰਾਮ ਸਿੰਘ ਪਠਾਨੀਆ ਦਾ ਗੜ ਵੀ ਹੁੰਦਾ ਸੀ। ਜਿੱਥੇ ਉਸ ਜਮਾਨੇ ਦਾ ਕਿਲਾ ਵੀ ਸੀ, ਜਿਸ ਦੇ ਨਿਸ਼ਾਨ ਤਾਂ ਸਮੇਂ ਦੇ ਨਾਲ ਖਤਮ ਹੋ ਗਏ ਪਰ ਇਸ ਮੰਦਿਰ ਨੂੰ ਕੋਈ ਵੀ ਨੁਕਸਾਨ ਨਾ ਪਹੁੰਚਾ ਸਕਿਆ। ਜਿਸ ਨੂੰ ਗੜਵਾਲੀ ਮਾਤਾ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।