ਸ਼੍ਰੀ ਮੁਕਤਸਰ ਸਾਹਿਬ: ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੰਜ਼ਿਲ ਹਾਸਲ ਕਰ ਸਕਦੇ ਹਾਂ। ਪਰ ਛੋਟੇ ਘਰਾਂ ਜਾਂ ਕਹਿ ਦੇਈਏ ਕਿ ਗਰੀਬਾਂ ਦੀਆਂ ਕਲਾਵਾਂ ਉਨ੍ਹਾਂ ਦੇ ਘਰਾਂ ਜਾਂ ਗਰੀਬੀ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੇ ਹੁਨਰ ਲੋਕਾਂ ਸਾਹਮਣੇ ਆਉਂਦੇ ਹਨ। ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਚੜੇਵਾਨ ਦੀ ਰਹਿਣ ਵਾਲੀ 20 ਸਾਲਾ ਹਸਨਦੀਪ ਕੌਰ 6 ਭਾਸ਼ਾਵਾਂ ਵਿੱਚ ਗੀਤ ਗਾਉਂਦੀ ਹੈ।
ਅਰੈਬੀਕ ਭਾਸ਼ਾ ਵਿੱਚ ਗੀਤ ਤਿਆਰ ਕੀਤਾ
ਹਸਨਦੀਪ ਕੌਰ ਨੇ ਈਟੀਵੀ ਭਾਰਤ ਦੀ ਟੀਮ ਨੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 6 ਭਾਸ਼ਾਵਾਂ ਜਿਵੇਂ ਅਰੈਬੀਕ, ਇਟਾਲੀਅਨ, ਹਿੰਦੀ, ਪੰਜਾਬੀ, ਇੰਗਲਿਸ਼ ਅਤੇ ਸਪੈਨਿਸ਼ ਦੇ ਵਿੱਚ ਗੀਤ ਗਾ ਲੈਂਦੀ ਹੈ। ਪਹਿਲਾਂ ਉਹ 5 ਭਾਸ਼ਾਵਾਂ ਵਿੱਚ ਹੀ ਗਾਉਂਦੀ ਸੀ ਅਤੇ ਹੁਣ ਇੱਕ ਹੋਰ ਨਵੀਂ ਭਾਸ਼ਾ ਵਿੱਚ ਉਸ ਨੇ ਗਾਉਣਾ ਸਿੱਖਿਆ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਇੱਕ ਅਰੈਬੀਕ ਭਾਸ਼ਾ ਵਿੱਚ ਗੀਤ ਤਿਆਰ ਕੀਤਾ ਹੈ। ਬਚਪਨ ਵਿੱਚ ਪਹਿਲਾਂ ਉਹ ਸੁਰਿੰਦਰਪਾਲ ਦੇ ਪੰਜਾਬੀ ਗਾਣੇ ਬਹੁਤ ਸੁਣਦੀ ਹੁੰਦੀ ਸੀ। ਇੱਕ ਛੋਟੇ ਫੋਨ ਉੱਤੇ ਗਾਣੇ ਸੁਣ-ਸੁਣ ਕੇ ਫਿਰ ਉਹ ਬਾਅਦ ਵਿੱਚ ਉਸੇ ਤਰ੍ਹਾਂ ਗਾਉਣ ਦੀ ਕੋਸ਼ਿਸ ਕਰਦੀ ਰਹਿੰਦੀ ਸੀ। ਹੋਲੀ-ਹੋਲੀ ਵੱਡੇ ਹੁੰਦਿਆਂ ਉਸ ਨੇ ਸੋਚਿਆ ਕਿ ਉਹ ਕਿਸੇ ਹੋਰ ਭਾਸ਼ਾ ਵਿੱਚ ਗਾਣਾ ਗਾ ਕੇ ਦੇਖੇ। ਇੱਕ ਵਾਰ ਉਸ ਨੇ ਕੋਰੀਅਨ ਲੜਕੀ ਨੂੰ ਗੀਤ ਗਾਉਂਦੇ ਹੋਏ ਸੁਣਿਆ ਤਾਂ ਫਿਰ ਉਸ ਨੇ ਵੀ ਸੋਚਿਆ ਕਿ ਜੇਕਰ ਇਹ ਗਾ ਸਕਦੀ ਹੈ ਤਾਂ ਫਿਰ ਮੈਂ ਕਿਉਂ ਨੀ ਗਾ ਸਕਦੀ।

''ਮੈਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਮੈਂ ਯੂਟੀਊਬ ਤੋਂ ਦੇਖ ਕੇ ਵਿਦੇਸ਼ੀ ਭਾਸ਼ਾ ਵਿੱਚ ਗਾਉਣਾਂ ਸਿੱਖੀਆ, ਮੈਨੂੰ ਮੇਰੇ ਘਰਦਿਆਂ ਅਤੇ ਮੇਰੇ ਭਰਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਕਿਉਂਕਿ ਮੇਰਾ ਭਰਾ ਮੈਨੂੰ ਹਮੇਸ਼ਾ ਹੀ ਜਦੋਂ ਨਵਾਂ ਕੋਈ ਗਾਣਾ ਆਉਂਦਾ ਤਾ ਮੈਨੂੰ ਕਹਿੰਦਾ ਕਿ ਤੂੰ ਇਸ ਤਰ੍ਹਾਂ ਗਾਕੇ ਦਿਖਾ ਫਿਰ ਮੈਂ ਉਸੇ ਤਰ੍ਹਾਂ ਉਸ ਨੂੰ ਗਾਕੇ ਦਿਖਾਉਂਦੀ, ਮੈਨੂੰ ਪੰਜਾਬ ਦੀ ਸੁਰਿੰਦਰਪਾਲ ਕੌਰ ਗਾਇਕਾ ਬਹੁਤ ਪਸੰਦ ਹੈ ਅਤੇ ਮੈਂ ਉਨ੍ਹਾਂ ਦੀ ਬਹੁਤ ਵੱਡੀ ਮੁਰੀਦ ਹਾਂ।'' -ਹਸਨਦੀਪ ਕੌਰ
ਗਾਣਾ ਗਾਉਣ ਲਈ ਸਮਾਂ
ਹਸਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਗਾਣਾ ਗਾਉਣ ਜਾਂ ਸਿੱਖਣ ਦਾ ਕੋਈ ਵੀ ਟਾਈਮ ਨਹੀਂ ਹੈ। ਜਦੋਂ ਉਹ ਕੋਈ ਗਾਣਾ ਸੁਣਦੀ ਹੈ ਤਾਂ ਜੇਕਰ ਉਸਨੂੰ ਪਸੰਦ ਆ ਜਾਂਦਾ ਹੈ ਤਾਂ ਉਹ ਵਾਰ ਵਾਰ ਗਾਉਂਦੀ ਹੈ। ਜਦੋਂ ਉਹ ਕੋਈ ਘਰ ਦਾ ਕੰਮ ਕਰ ਰਹੀ ਹੁੰਦੀ ਹੈ ਤਾਂ ਨਾਲ ਨਾਲ ਉਹ ਗਾਣੇ ਵੀ ਗਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਹੀ ਉਸ ਦੀ ਗਾਉਣ ਦੀ ਪ੍ਰੈਕਟਿਸ ਹੁੰਦੀ ਰਹਿੰਦੀ ਹੈ। ਉਹ ਭਾਂਡੇ ਸਾਫ ਕਰਦਿਆਂ, ਰੋਟੀ ਬਣਾਉਂਦਿਆਂ ਅਤੇ ਝਾੜੂ ਲਾਉਂਦਿਆਂ ਫੋਨ ਉੱਤੇ ਗੀਤ ਲਾਕੇ ਰੱਖ ਲੈਂਦੀ ਹੈ ਅਤੇ ਨਾਲ-ਨਾਲ ਗੀਤ ਗਾਉਂਦੀ ਰਹਿੰਦੀ ਹੈ। ਫਿਰ ਉਸ ਤੋਂ ਬਾਅਦ ਉਹ ਗਾਣੇ ਦੀ ਸਤਰਾਂ ਚੈੱਕ ਕਰਦੀ ਹੈ।

ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਦਾ ਸੁਪਨਾ
ਹਸਨਦੀਪ ਕੌਰ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਸਟੇਜ 'ਤੇ ਗਾਉਣ ਲੱਗੀ ਤਾਂ ਉਸ ਨੂੰ ਬਹੁਤ ਹੀ ਘਬਰਾਹਟ ਮਹਿਸੂਸ ਹੋਈ। ਉਸ ਸਮੇਂ ਉਹ ਗਾਣਾ ਵੀ ਠੀਕ ਤਰ੍ਹਾਂ ਨਹੀਂ ਗਾ ਸਕੀ ਸੀ ਪਰ ਫਿਰ ਵੀ ਉਸ ਨੂੰ ਲੋਕਾਂ ਨੇ ਹੌਸਲਾ ਦਿੱਤਾ ਅਤੇ ਫਿਰ ਬਾਅਦ ਵਿੱਚ ਉਸ ਦੇ ਗਾਉਣ ਅੰਦਰ ਹੋਰ ਵੀ ਸੁਧਾਰ ਆ ਗਿਆ। ਇਸ ਦੇ ਨਾਲ ਹੀ ਹਸਨਦੀਪ ਕੌਰ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਪੰਜਾਬ ਅਤੇ ਮਾਪਿਆਂ ਦਾ ਨਾਮ ਗਾਇਕੀ ਦੇ ਖੇਤਰ ਵਿੱਚ ਰੌਸ਼ਨ ਕਰੇ। ਨਾਲ ਹੀ ਉਸ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਮਾਪਿਆਂ ਦੇ ਕਹਿਣ 'ਤੇ ਹੀ ਚੱਲਣਾ ਚਾਹੀਦਾ ਅਤੇ ਮਾਪਿਆਂ ਨੂੰ ਵੀ ਬੱਚਿਆਂ ਦੀ ਸੁਣਨੀ ਚਾਹੀਦੀ ਹੈ। ਮੁੰਡਿਆਂ ਨਾਲੋਂ ਕੁੜੀਆਂ ਕਿਤੇ ਵੀ ਕਿਸੇ ਵੀ ਕਿੱਤੇ ਵਿੱਚ ਘੱਟ ਨਹੀਂ ਹਨ।