ਬਰਨਾਲਾ: ਬਰਨਾਲਾ ਝੁੱਗੀ ਝੋਪੜੀ ਵਾਲਿਆਂ ਦਾ 10 ਸਾਲਾ ਬੱਚਾ ਦੀਪ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਬੱਚੇ ਦੀ ਗੁੰਮਸ਼ੁਦਗੀ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਪਤਾ ਬੱਚੇ ਦੀ ਭਾਲ ਨੂੰ ਲੈ ਕੇ ਪੀੜਤ ਮਾਂ ਨੇ ਬਰਨਾਲਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬੱਚੇ ਦੀ ਭਾਲ ਕੀਤੀ ਜਾਵੇ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਬੱਸ ਸਟੈਂਡ ਤੋਂ ਸ਼ੱਕੀ ਹਾਲਾਤਾਂ ਵਿੱਚ ਗਾਇਬ ਹੋਇਆ ਹੈ।
ਦੱਸਣਯੋਗ ਹੈ ਕਿ ਪਿਛਲੇ ਦੋ ਦਿਨ ਤੋਂ ਬੱਚਾ ਮੁੱਲਾਂਪੁਰ ਤੋਂ ਆਪਣੀ ਮਾਸੀ ਕੋਲ ਬਰਨਾਲਾ ਦੇ 22 ਏਕੜ ਇਲਾਕੇ ਵਿੱਚ ਆਇਆ ਸੀ ਪਰ ਅਚਾਨਕ ਹੀ ਬਾਹਰ ਖੇਡਣ ਗਿਆ ਬੱਚਾ ਵਾਪਸ ਨਹੀਂ ਆਇਆ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਮਿਲ ਕੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਹੁਣ ਇਸ ਮਾਮਲੇ 'ਚ ਜਾਂਚ ਕਰ ਰਹੀ ਹੈ। ਲਾਪਤਾ 10 ਸਾਲਾ ਬੱਚੇ ਦੀਪ ਦੀ ਮਾਤਾ ਅਨੀਤਾ ਨੇ ਰੋ ਰੋ ਕੇ ਦੱਸਿਆ ਕਿ 'ਕਿਸੇ ਉੱਤੇ ਅਗਵਾਹ ਕਰਨ ਦਾ ਸ਼ੱਕ ਨਹੀਂ ਹੈ ਪਰ ਪੁਲਿਸ ਉਸ ਦੀ ਭਾਲ ਕਰੇ, ਬੱਚਾ ਭੁੱਖਾ ਪਿਆਸਾ ਗਿਆ ਸੀ। ਕਿਹੜੇ ਹਲਾਤਾਂ 'ਚ ਹੈ ਉਸ ਦੀ ਫਿਕਰ ਹੋ ਰਹੀ ਹੈ।'
ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਸਿਟੀ-1 ਦੇ ਜਾਂਚ ਅਧਿਕਾਰੀ ਏ.ਐਸ.ਆਈ ਪ੍ਰਦੀਪ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ "ਇੱਕ ਲਾਪਤਾ ਬੱਚੇ ਦੀ ਦਰਖਾਸਤ ਮਿਲੀ ਸੀ ਜਿਸ ਬਾਰੇ ਡੂੰਘਾਈ ਨਾਲ ਜਾਂਚ ਕਰਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਪਤੀ-ਪਤਨੀ ਦਾ ਆਪਸੀ ਘਰੇਲੂ ਝਗੜਾ ਵੀ ਚੱਲ ਰਿਹਾ ਹੈ। ਜੋ ਮੁੱਲਾਪੁਰ ਤੋਂ 15 ਦਿਨ ਪਹਿਲਾਂ ਹੀ ਬਰਨਾਲਾ ਪਹੁੰਚੇ ਸਨ, ਜਿਸ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।' ਪਰਿਵਾਰ ਨੇ ਕਿਹਾ ਹੈ ਕਿ ਉਹ ਆਪਣੇ ਪੱਧਰ 'ਤੇ ਵੀ ਉਸ ਦੀ ਭਾਲ ਕਰ ਚੁੱਕੇ ਹਨ ਪਰ ਬੱਚਾ ਨਹੀਂ ਮਿਲਿਆ।'
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਬਰਨਾਲਾ ਪੁਲਿਸ ਨੇ ਦੋ ਸਾਲਾ ਅਗਵਾਹ ਹੋਏ ਬੱਚੇ ਨੂੰ ਬਰਾਮਦ ਕਰਾ ਕੇ ਝੁੱਗੀ ਝੋਪੜੀ ਵਾਲੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆ ਸੀ। ਬਰਨਾਲੇ ਅੰਦਰ ਛੋਟੇ ਬੱਚਿਆਂ ਦੇ ਸ਼ੱਕੀ ਹਾਲਾਤਾਂ ਵਿੱਚੋਂ ਲਾਪਤਾ ਹੋਣ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਜਿਸ ਨੂੰ ਬਰਨਾਲਾ ਪੁਲਿਸ ਨੇ ਬੜੀ ਮੁਸਤੈਦੀ ਨਾਲ ਸੁਲਝਾਉਣ 'ਚ ਲੱਗੀ ਹੈ।