ਚੰਡੀਗੜ੍ਹ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ IPL (Indian Premier League) ਕ੍ਰਿਕਟ ਪ੍ਰੇਮੀਆਂ ਲਈ ਕਾਫੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜੇਕਰ ਟੇਬਲ ਪੁਆਇੰਟ ਉਤੇ ਨਜ਼ਰ ਮਾਰੀਏ ਤਾਂ ਪਹਿਲੇ ਸਥਾਨ ਉਤੇ ਸ਼ੁਭਮਨ ਗਿੱਲ ਦੀ ਟੀਮ ਗੁਜਰਾਤ ਹੈ, ਦੂਜੇ ਸਥਾਨ ਉਤੇ ਦਿੱਲੀ ਅਤੇ ਤੀਜੇ-ਚੌਥੇ ਸਥਾਨ ਉਤੇ ਕ੍ਰਮਵਾਰ ਆਰਸੀਬੀ ਅਤੇ ਪੰਜਾਬ ਕਿੰਗਜ਼ ਹਨ।
ਇਸ ਵਾਰ ਇੱਕ ਟੀਮ ਜੋ ਸਭ ਦਾ ਧਿਆਨ ਖਿੱਚ ਰਹੀ ਹੈ, ਉਹ ਹੈ ਪੰਜਾਬ ਕਿੰਗਜ਼। ਪੰਜਾਬ ਕਿੰਗਜ਼ ਨੇ 4 ਮੈਚਾਂ ਵਿੱਚੋਂ 3 ਮੈਚ ਜਿੱਤ ਕੇ ਪੰਜਾਬ ਕਿੰਗਜ਼ ਦੇ ਫੈਨਜ਼ ਨੂੰ ਖੁਸ਼ ਹੋਣ ਦਾ ਅਵਸਰ ਦਿੱਤਾ ਹੈ। ਪੰਜਾਬ ਕਿੰਗਜ਼ ਇੱਕ ਅਜਿਹੀ ਟੀਮ ਹੈ, ਜਿਸ ਨੇ ਹਾਲੇ ਤੱਕ ਇੱਕ ਵਾਰ ਵੀ ਆਈਪੀਐੱਲ ਦੀ ਟਰਾਫੀ ਨਹੀਂ ਜਿੱਤੀ ਹੈ।
ਹੁਣ ਹਾਲ ਹੀ ਵਿੱਚ 'ਦਿ ਬਾਉਂਡਰੀ ਬੁਆਏਜ਼' ਚੈਨਲ ਦੇ ਪੋਡਕਾਸਟਰ ਇੰਦਰ ਅਤੇ ਦਿਲਰੂਪ ਨੇ ਪੰਜਾਬ ਕਿੰਗਜ਼ ਦੀ ਟੀਮ ਬਾਰੇ ਸ਼ਾਨਦਾਰ ਗੱਲਾਂ ਕੀਤੀਆਂ। ਗੱਲਬਾਤ ਦੌਰਾਨ ਦਿਲਰੂਪ ਨੇ ਇੱਕ ਅਜਿਹੀ ਗੱਲ ਕੀਤੀ, ਜਿਸ ਨੇ ਸਭ ਦਾ ਧਿਆਨ ਖਿੱਚਿਆ।
ਦਰਅਸਲ, ਦਿਲਰੂਪ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਇਸ ਵਾਰ ਪੰਜਾਬ ਕਿੰਗਜ਼ ਆਈਪੀਐੱਲ ਜਿੱਤਦੀ ਹੈ ਤਾਂ ਉਹ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਲਈ ਕਾਫੀ ਖਾਸ ਚੀਜ਼ਾਂ ਕਰਨਗੇ, ਇਸ ਤੋਂ ਇਲਾਵਾ ਉਹਨਾਂ ਨੇ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ 'ਸਰਪੰਚ' ਨਾਂਅ ਨਾਲ ਸੰਬੋਧਿਤ ਕੀਤਾ।
ਗੱਲਬਾਤ ਦੌਰਾਨ ਉਹਨਾਂ ਨੇ ਕਿਹਾ, 'ਜੇਕਰ ਸ਼੍ਰੇਅਸ ਅਈਅਰ ਨੇ ਪੰਜਾਬ ਨੂੰ ਆਈਪੀਐੱਲ ਜਿਤਾ ਦਿੱਤਾ ਤਾਂ ਸਾਰੀ ਜ਼ਿੰਦਗੀ ਲਈ ਉਹ ਸਾਡਾ ਸਰਪੰਚ ਹੋ ਜਾਵੇਗਾ, ਮੋਹਾਲੀ ਵਿੱਚ ਅਈਅਰ ਨਾਂਅ ਦੀ ਕਲੌਨੀ ਕੱਟ ਕੇ ਦੇਵਾਂਗੇ, ਸ਼੍ਰੇਅਸ ਅਈਅਰ ਨਾਂਅ ਦੀਆਂ ਸੜਕਾਂ ਬਣਾ ਦੇਵਾਂਗੇ, 100 ਕਿੱਲੇ ਰੋਡ ਉਤੇ ਉਹਨੂੰ ਜ਼ਮੀਨ ਦੇ ਦੇਵਾਂਗੇ, 10 ਕਿੱਲੇ ਵਿੱਚ ਕੋਠੀ ਪਾ ਕੇ ਦੇਵਾਂਗੇ, ਹੋਰ ਤਾਂ ਹੋਰ ਕੈਨੇਡਾ ਦੀ ਕੁੜੀ ਦਾ ਰਿਸ਼ਤਾ ਵੀ ਕਰਵਾ ਕੇ ਦੇਵਾਂਗੇ।' ਇਸ ਤੋਂ ਬਾਅਦ ਉਹਨਾਂ ਨੇ ਹੱਸਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਜਿਤਾ ਕੇ ਤਾਂ ਦੇਖੇ। ਇਸ ਤੋਂ ਇਲਾਵਾ ਉਹਨਾਂ ਨੇ ਉਮੀਦ ਲਾਉਂਦੇ ਹੋਏ ਕਿਹਾ ਕਿ ਇਸ ਵਾਰ ਪੱਕਾ ਪੰਜਾਬ ਹੀ ਜਿੱਤੇਗਾ।
ਪੰਜਾਬ ਕਿੰਗਜ਼ ਦੁਆਰਾ ਹੁਣ ਤੱਕ ਖੇਡੇ ਗਏ ਮੈਚਾਂ ਬਾਰੇ
IPL 2025 ਪੂਰੇ ਜੋਸ਼ਾਂ 'ਤੇ ਹੈ, ਪੰਜਾਬ ਨੇ ਹੁਣ ਤੱਕ 4 ਮੈਚ ਖੇਡੇ ਹਨ, ਜਿਸ ਵਿੱਚ ਉਹਨਾਂ ਨੇ 3 ਮੈਚ ਜਿੱਤੇ ਹੋਏ ਹਨ। 25 ਮਾਰਚ ਨੂੰ ਪੰਜਾਬ ਨੇ ਗੁਜਰਾਤ ਨਾਲ ਮੈਚ ਖੇਡਿਆ, ਜਿਸ ਵਿੱਚ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 243 ਦਾ ਸ਼ਾਨਦਾਰ ਸਕੋਰ ਬਣਿਆ, ਜਿਸ ਵਿੱਚ ਗੁਜਰਾਤ ਸਿਰਫ਼ 232 ਹੀ ਬਣਾ ਸਕੀ। ਇਸ ਤੋਂ ਬਾਅਦ ਪੰਜਾਬ ਨੇ ਲਖਨਊ ਨੂੰ 8 ਵਿਕਟਾਂ ਨਾਲ ਹਰਾਇਆ। ਹਾਲਾਂਕਿ ਬਾਅਦ ਵਿੱਚ ਪੰਜਾਬ ਦਾ ਸਾਹਮਣਾ ਰਾਜਸਥਾਨ ਨਾਲ ਹੋਇਆ, ਜਿੱਥੇ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵਾਪਸੀ ਕਰਦੇ ਹੋਏ ਟੀਮ ਨੇ ਚੇੱਨਈ ਸੁਪਰ ਕਿੰਗਜ਼ ਨੂੰ ਹਰਾ ਦਿੱਤਾ। ਹੁਣ ਪੰਜਾਬ ਕਿੰਗਜ਼ ਦਾ ਅਗਲਾ ਮੁਕਾਬਲਾ ਹੈਦਰਾਬਾਦ ਨਾਲ ਹੋਵੇਗਾ।
ਇਹ ਵੀ ਪੜ੍ਹੋ: