ਮਾਨਸਾ: ਪਿੰਡ ਮਾਖਾ ਦੇ ਲੇਖਕ ਮਨਜਿੰਦਰ ਮਾਖਾ ਨੇ ਆਪਣੇ ਦੋਸਤ ਮਰਹੂਮ ਸਿੱਧੂ ਮੂਸੇਵਾਲਾ ਦੇ ਜੀਵਨ ਉੱਤੇ ਕਿਤਾਬ ਲਿਖੀ ਹੈ। ਕਿਤਾਬ ਦਾ ਨਾਮ 'The Real Reason Why Legend Died' ਹੈ। ਇਸ ਕਿਤਾਬ ਕਰਕੇ ਮਨਜਿੰਦਰ ਸਿੰਘ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ (ਮਨਜਿੰਦਰ ਮਾਖਾ) ਖਿਲਾਫ ਦਸੰਬਰ, 2024 ਵਿੱਚ ਮਾਮਲਾ ਦਰਜ ਕਰਵਾ ਦਿੱਤਾ ਅਤੇ ਇਲਜ਼ਾਮ ਲਾਇਆ ਕਿ ਇਹ ਕਿਤਾਬ ‘ਬੇਬੁਨਿਆਦ ਬਦਨਾਮੀ ਦੇ ਦੋਸ਼ਾਂ’ ’ਤੇ ਅਧਾਰਿਤ ਹੈ। ਇਸ ਨੂੰ ਲੈ ਕੇ ਪੁਲਿਸ ਮਾਖਾ ਦੇ ਘਰ ਲਗਾਤਾਰ ਛਾਪੇਮਾਰੀ ਕਰ ਰਹੀ ਸੀ। ਆਖਿਰਕਾਰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਖਾ ਨੂੰ ਜ਼ਮਾਨਤ ਮਿਲ ਗਈ ਹੈ।

ਜ਼ਮਾਨਤ ਮਿਲਦਿਆਂ ਹੀ ਬਲਕੌਰ ਸਿੰਘ ਵਿਰੁੱਧ ਪਾਈ ਪੋਸਟ
ਜ਼ਮਾਨਤ ਮਿਲਦਿਆਂ ਹੀ ਮਨਜਿੰਦਰ ਮਾਖਾ ਨੇ ਫੇਸਬੁੱਕ ਆਈਡੀ ਉੱਤੇ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ, 'ਸ਼ੁਕਰ ਹੈ ਇਸ ਮੁਲਕ ਵਿੱਚ ਹਾਲੇ ਅਦਾਲਤਾਂ ਬਚੀਆਂ ਹਨ, ਨਹੀਂ ਤਾਂ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਬੰਦੇ ਦਾ ਕਤਲ ਈ ਨਾ ਕਰਵਾ ਦੇਣ।'
ਸ਼ੁਕਰ ਹੈ ਇਸ ਮੁਲਕ ਵਿੱਚ ਹਾਲੇ ਅਦਾਲਤਾਂ ਬਚੀਆਂ ਹਨ, ਨਹੀਂ ਤਾਂ ਬਲਕੌਰ ਸਿੰਘ ਵਰਗੇ ਹੰਕਾਰੀ ਬੰਦੇ ਕਿਤਾਬ ਲਿਖਣ ਕਰਕੇ ਮੇਰੇ ਵਰਗੇ ਬੰਦੇ ਦਾ ਕਤਲ ਈ ਨਾ ਕਰਵਾ ਦੇਣ। ਕਿਤਾਬ The Real Reason Why Legend Died ਲਿਖਣ ਕਰਕੇ ਮੈਂ ਪਿਛਲੇ ਕਈ ਦਿਨਾਂ ਤੋਂ ਘਰੋਂ ਬਾਹਰ ਸੀ ਅਤੇ ਪੁਲਿਸ ਮੇਰੇ ਘਰ ਗੇੜੇ ਮਾਰ ਰਹੀ ਸੀ। ਹੁਣ ਮਾਣਯੋਗ ਹਾਈਕੋਰਟ ਨੇ ਮੇਰੇ ਉੱਪਰ ਕੇਸ ਕਰਨ ਵਾਲਿਆਂ ਨੂੰ ਲਾਹਨਤਾਂ ਪਾਈਆਂ ਨੇ ਕਿਉਂਕਿ ਇਹ ਕੇਸ ਜਿਸ ਤਰ੍ਹਾਂ ਧੱਕੇ ਅਤੇ ਪੈਸੇ ਦੇ ਜ਼ੋਰ ਉੱਤੇ ਬਣਾਇਆ ਗਿਆ ਸੀ। ਇਸ ਦੇ ਕੋਈ ਸਿਰ ਪੈਰ ਨਹੀਂ ਸਨ। ਬਾਕੀ ਗੱਲਾਂ ਮੀਡੀਆ ਦੇ ਸਾਹਮਣੇ ਆ ਕੇ ਕਰਾਂਗੇ ਕਿਉਂਕਿ ਮੇਰਾ ਦਿਲ ਭਰਿਆ ਹੋਇਆ ਹੈ ਜਿਸ ਤਰ੍ਹਾਂ ਮੈਨੂੰ ਤੰਗ ਕੀਤਾ ਗਿਆ।
ਮਨਜਿੰਦਰ ਮਾਖਾ, ਲੇਖਕ
ਕਿਤਾਬ ਦੀ ਫੋਟੋ ਵੀ ਕੀਤੀ ਸੀ ਸਾਂਝੀ, ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਰਵਾਈ ਸ਼ਿਕਾਇਤ ਦਰਜ
ਕਿਤਾਬ ਲਿਖਣ ਤੋਂ ਬਾਅਦ ਮਨਜਿੰਦਰ ਮਾਖਾ ਨੇ ਫੇਸਬੁੱਕ ਉੱਤੇ ਉਸ ਦੀ ਫੋਟੋ ਵੀ ਸ਼ੇਅਰ ਕੀਤੀ ਸੀ ਹਾਲਾਂਕਿ ਮਨਜਿੰਦਰ ਮਾਖਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹੁਣ ਪੋਸਟ ਨੂੰ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਮਾਖਾ ਸਿੱਧੂ ਮੂਸੇ ਵਾਲੇ ਦਾ ਨਜ਼ਦੀਕੀ ਦੋਸਤ ਸੀ, ਜਿਨ੍ਹਾਂ ਵੱਲੋਂ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਉੱਤੇ ਕਿਤਾਬ ਲਿਖੀ ਗਈ ਅਤੇ ਇਸ ਕਿਤਾਬ ਵਿੱਚ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸ ਕਿਤਾਬ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕੇਂਦਰ ਦੇ ਵੱਡੇ ਲੀਡਰਾਂ ਦੇ ਨਾਲ ਸਬੰਧਾਂ ਤੋਂ ਇਲਾਵਾ ਲਾਰੈਂਸ ਬਿਸ਼ਨੋਈ ਅਤੇ ਹੋਰ ਗੈਂਗਸਟਰ ਗਰੁੱਪਾਂ ਦਾ ਵੀ ਜ਼ਿਕਰ ਕੀਤਾ ਗਿਆ ਸੀ।
ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਕਿਤਾਬ ਉੱਤੇ ਇਤਰਾਜ ਜਤਾਉਂਦੇ ਹੋਏ ਮਾਨਸਾ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮਨਜਿੰਦਰ ਮਾਖਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮਾਨਸਾ ਸਦਰ ਪੁਲਿਸ ਵੱਲੋਂ ਮਨਜਿੰਦਰ ਮਾਖਾ ਦੇ ਖਿਲਾਫ ਸਿੱਧੂ ਮੂਸੇ ਵਾਲਾ ਦੇ ਪਿਤਾ ਦੇ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਸੀ।