ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਦਿੱਗਜ ਐਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਬਹੁ-ਪੱਖੀ ਕਲਾਕਾਰ ਅਲੀ ਖਾਨ, ਜਿੰਨ੍ਹਾਂ ਨੂੰ ਜਾਣੇ-ਪਛਾਣੇ ਨਿਰਦੇਸ਼ਕ ਦੇਵੀ ਸ਼ਰਮਾ ਵੱਲੋਂ ਅਪਣੀ ਨਵੀਂ ਫਿਲਮ 'patience' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਆਫ-ਬੀਟ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
ਹਰ ਇੰਟਰਟੇਨਮੈਂਟ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਲੇਖਣ ਖੁਸ਼ਬੂ ਸ਼ਰਮਾ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਦੇਵੀ ਸ਼ਰਮਾ ਸੰਭਾਲ ਰਹੇ ਹਨ, ਜੋ ਅੱਜਕੱਲ੍ਹ ਅਪਣੀ ਨਿਰਮਾਣ ਅਧੀਨ ਪੰਜਾਬੀ ਫਿਲਮ 'ਕਾਲ ਕੋਠੜੀ' ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ।

ਮਾਲਵਾ ਖੇਤਰ ਅਧੀਨ ਆਉਂਦੇ ਮਲਵਈ ਜਿਲ੍ਹੇ ਬਠਿੰਡਾ ਪੁੱਜੇ ਅਦਾਕਾਰ ਅਲੀ ਖਾਨ ਅਪਣੀ ਇਸ ਪੰਜਾਬ ਫੇਰੀ ਅਤੇ ਇਸ ਫਿਲਮ ਦਾ ਹਿੱਸਾ ਬਣਨ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਉਹ ਪਹਿਲੀ ਵਾਰ ਅਪਣੀ ਕਿਸੇ ਫਿਲਮ ਲਈ ਉੱਤਰੀ ਭਾਰਤ ਦੇ ਇਸ ਅਹਿਮ ਖਿੱਤੇ ਵਿੱਚ ਪੁੱਜੇ ਹਨ, ਜਿੱਥੇ ਆ ਕੇ ਉਹ ਕਾਫ਼ੀ ਖੁਸ਼ੀ ਮਹਿਸੂਸ ਕਰ ਰਹੇ ਹਨ।
ਇਸੇ ਸੰਬੰਧੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਇੱਥੋਂ ਦੇ ਲੋਕ ਬੇਹੱਦ ਮਿਲਣਸਾਰ ਹਨ, ਉੱਥੇ ਸ਼ੂਟਿੰਗ ਦਾ ਮਾਹੌਲ ਵੀ ਬਹੁਤ ਹੀ ਖੁਸ਼ਗਵਾਰ ਹੈ, ਜਿਸ ਦੇ ਹਰ ਪਲ ਨੂੰ ਉਹ ਖੂਬ ਇੰਨਜੁਆਏ ਕਰ ਰਹੇ ਹਨ।
ਓਧਰ ਉਕਤ ਫਿਲਮ ਸੰਬੰਧੀ ਮਿਲੀ ਹੋਰ ਜਾਣਕਾਰੀ ਅਨੁਸਾਰ ਅਰਥ-ਭਰਪੂਰ ਫਿਲਮਾਂ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਦੇਵੀ ਸ਼ਰਮਾ ਵੱਲੋਂ ਅਪਣੀ ਇਹ ਨਵੀਂ ਫਿਲਮ ਵੀ ਅਲਹਦਾ ਕਹਾਣੀ-ਸਾਰ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ, ਜਿਸ ਦਾ ਖਾਸ ਆਕਰਸ਼ਣ ਹੋਣਗੇ ਅਦਾਕਾਰ ਅਲੀ ਖਾਨ, ਜੋ ਬਾਲੀਵੁੱਡ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਬਤੌਰ ਐਕਟਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਹਿੰਦੀ ਸਿਨੇਮਾ ਸਟਾਰਜ਼ ਅਮਿਤਾਭ ਬੱਚਨ, ਧਰਮਿੰਦਰ, ਜਤਿੰਦਰ ਤੋਂ ਲੈ ਕੇ ਹਰ ਵੱਡੇ ਅਤੇ ਚਰਚਿਤ ਐਕਟਰ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ ਅਦਾਕਾਰ ਅਲੀ ਖਾਨ, ਜਿੰਨ੍ਹਾਂ ਵੱਲੋਂ ਅਪਣੇ ਹੁਣ ਤੱਕ ਦੇ ਅਦਾਕਾਰੀ ਸਫ਼ਰ ਦੌਰਾਨ ਕੀਤੀਆਂ ਗਈਆਂ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ 'ਖੁਦਾ ਗਵਾਹ', 'ਅਗਨੀਕਾਲ', 'ਵਿਸ਼ਵਆਤਮਾ', 'ਜੁਆਰੀ' ਅਤੇ 'ਸਰਫਰੋਸ਼' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਬੇਸ਼ੁਮਾਰ ਭੋਜਪੁਰੀ ਫਿਲਮਾਂ ਤੋਂ ਟੈਲੀਵਿਜ਼ਨ ਦੇ ਵੀ ਕਈ ਸੀਰੀਅਲਜ਼ ਵਿੱਚ ਉਨ੍ਹਾਂ ਆਪਣੀ ਬਹੁ ਆਯਾਮੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ, ਜੋ ਚਾਰ ਦਹਾਕਿਆਂ ਦੇ ਲੰਮੇਰੇ ਅਤੇ ਸਫ਼ਲ ਕਰੀਅਰ ਦੇ ਬਾਅਦ ਅੱਜਕੱਲ੍ਹ ਵੀ ਸਿਨੇਮਾ ਗਲਿਆਰਿਆਂ ਵਿੱਚ ਖਾਸੇ ਸਰਗਰਮ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: