ਮੋਗਾ: ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਫਿਲਮਾਂ ਰਾਹੀਂ ਖੂਬ ਚਮਕਾਇਆ ਜਾ ਰਿਹਾ ਹੈ। ਇੰਨੀ ਦਿਨੀਂ ਹੈਪੀ ਰਾਏ ਦੇ ਨਿਰਦੇਸ਼ਨ ਹੇਠ ਬਣੀ ਪੰਜਾਬੀ ਫਿਲਮ ‘ਡਾਕੂਆਂ ਦਾ ਮੁੰਡਾ 3’ ਚਰਚਾ ਵਿੱਚ ਹੈ। ਇਸ ਤੋਂ ਪਹਿਲਾਂ ‘ਡਾਕੂਆਂ ਦਾ ਮੁੰਡਾ’ ਦਾ ਪਹਿਲਾਂ ਅਤੇ ਦੂਜਾ ਭਾਗ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਹਾਲ ਹੀ ਵਿੱਚ ਫਿਲਮ ਦੀ ਸਟਾਰ ਕਾਸਟ, ਜਿਸ ਵਿੱਚ ਮੁੱਖ ਭੂਮਿਕਾ ਦੇਵ ਖਰੌੜ ਅਤੇ ਦੱਖਣੀ ਫਿਲਮਾਂ ਦੇ ਮਸ਼ਹੂਰ ਐਕਟਰ ਕਬੀਰ ਦੁਹਾਨ ਨਿਭਾ ਰਹੇ ਹਨ, ਮੋਗਾ ਵਿਖੇ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਪਹੁੰਚੇ। ਇੱਥੇ ਦੋਹਾਂ ਨੇ ਮੀਡੀਆ ਨਾਲ ਖ਼ਾਸ ਗੱਲਬਾਤ ਕੀਤੀ।
ਇਸ ਮੌਕੇ ਉਤੇ ਦੇਵ ਖਰੌੜ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਉੱਤਰਾਖੰਡ ਸਰਕਾਰ ਵਾਂਗ ਪੰਜਾਬੀ ਫਿਲਮਾਂ ’ਤੇ ਸਬਸਿਡੀ ਦੇਵੇ ਤਾਂ ਜੋ ਇੰਡਸਟਰੀ ਵਿੱਚ ਰੋਜ਼ਗਾਰ ਦੇ ਮੌਕੇ ਵਧਣ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮਾਂ ਦੁਆਰਾ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ‘ਡਾਕੂਆਂ ਦਾ ਮੁੰਡਾ 3’ ਇੱਕ ਐਸੀ ਫਿਲਮ ਹੈ, ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਵੇਗੀ। ਫਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਵੀ ਵਿਸ਼ੇਸ਼ ਥਾਂ ਦਿੱਤੀ ਗਈ ਹੈ, ਤਾਂ ਜੋ ਉਨ੍ਹਾਂ ਦੀ ਯਾਦਗਾਰੀ ਨੂੰ ਸਦੀਆਂ ਤੱਕ ਜ਼ਿੰਦਾ ਰੱਖਿਆ ਜਾ ਸਕੇ।
ਨਸ਼ਿਆਂ ਦੇ ਮੁੱਦੇ ’ਤੇ ਦੇਵ ਖਰੌੜ ਦਾ ਵੱਡਾ ਬਿਆਨ
ਨਸ਼ਿਆਂ ਦੇ ਮੁੱਦੇ ਉਤੇ ਬੋਲਦੇ ਹੋਏ ਅਦਾਕਾਰ ਦੇਵ ਖਰੌੜ ਨੇ ਕਿਹਾ, "ਸਿਸਟਮ ਚਾਹਵੇ ਤਾਂ ਇਹ ਬੁਰਾਈ ਖਤਮ ਹੋ ਸਕਦੀ ਹੈ। ਅੱਜ ਸਭ ਤੋਂ ਵੱਡਾ ਕੋੜ ਨੌਜਵਾਨੀ ਨੂੰ ਨਸ਼ਿਆਂ ਦੀ ਲਤ ਹੈ। ਜੇ ਸਿਸਟਮ ਚਾਹਵੇ ਤਾਂ ਇਹ ਸਮੱਸਿਆ ਖਤਮ ਹੋ ਸਕਦੀ ਹੈ। ਜਿਵੇਂ ਹਾਲ ਹੀ ਵਿੱਚ ਇੱਕ ਥਾਰ ਵਾਲੀ ਬੀਬੀ ਚਿੱਟੇ ਸਮੇਤ ਫੜੀ ਗਈ ਸੀ। ਜੇ ਜਿਨ੍ਹਾਂ ਕੋਲ ਅਸੀਂ ਸ਼ਿਕਾਇਤ ਲੈ ਕੇ ਜਾਂਦੇ ਹਾਂ, ਉਹੀ ਲੋਕ ਇਸ ਵਪਾਰ ’ਚ ਸ਼ਾਮਲ ਹੋਣ ਤਾਂ ਇਹ ਬੁਰਾਈ ਕਿਵੇਂ ਖਤਮ ਹੋਵੇਗੀ?”
ਦੇਵ ਖਰੌੜ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਨਵੀਂ ਫਿਲਮ ਵਿੱਚ ਵੀ ਉਨ੍ਹਾਂ ਦਾ ਗਾਣਾ ਸ਼ਾਮਲ ਕੀਤਾ ਗਿਆ ਹੈ। ਅਸੀਂ ‘ਡਾਕੂਆਂ ਦਾ ਮੁੰਡਾ 1’ ਵਿੱਚ ਵੀ ਸਿੱਧੂ ਭਰਾ ਦਾ ਗਾਣਾ ਵਰਤਿਆ ਸੀ, ਜਿਸ ਨੇ ਫਿਲਮ ਦੀ ਸਫਲਤਾ ਵਿੱਚ ਵੱਡਾ ਯੋਗਦਾਨ ਪਾਇਆ।
ਹਥਿਆਰਾਂ ਦੇ ਪ੍ਰਚਾਰ ’ਤੇ ਉਨ੍ਹਾਂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ, "ਸਾਡੀ ਫਿਲਮਾਂ ਵਿੱਚ ਐਕਸ਼ਨ ਲੋਕ ਪਸੰਦ ਕਰਦੇ ਹਨ। ਗਾਂਧੀ ਵਿੱਚ ਵੀ ਐਕਸ਼ਨ ਸੀ, ਇਸ ਵਿੱਚ ਵੀ ਹੈ, ਪਰ ਇਹ ਐਕਸ਼ਨ ਹਮੇਸ਼ਾ ਹੱਕਾਂ ਲਈ ਲੜਦਾ ਦਿਖਾਇਆ ਜਾਂਦਾ ਹੈ। ਹਰ ਕਿਸਮ ਦੇ ਦਰਸ਼ਕ ਹੁੰਦੇ ਹਨ, ਕੁਝ ਕਾਮੇਡੀ ਪਸੰਦ ਕਰਦੇ ਹਨ, ਕੁਝ ਰੁਮਾਂਸ। ਮੈਨੂੰ ਐਕਸ਼ਨ ਵਿੱਚ ਪਿਆਰ ਮਿਲਿਆ ਹੈ, ਇਸ ਲਈ ਮੈਂ ਇਸਨੂੰ ਚੰਗੇ ਢੰਗ ਨਾਲ ਪੇਸ਼ ਕਰਦਾ ਹਾਂ।" ਉਲੇਖਯੋਗ ਹੈ ਕਿ ਇਹ ਫਿਲਮ ਅੱਜ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ।
ਇਹ ਵੀ ਪੜ੍ਹੋ: