ਚੰਡੀਗੜ੍ਹ: ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ 23 ਮਾਰਚ ਨੂੰ ਅਮਿੱਟ ਛਾਪ ਛੱਡ ਸੰਪੰਨ ਹੋਇਆ, ਜਿਸ ਦੌਰਾਨ ਹਿੰਦੀ ਅਤੇ ਪੰਜਾਬੀ ਤੋਂ ਇਲਾਵਾ ਦੁਨੀਆਂ ਭਰ ਦੇ ਸਿਨੇਮਾ ਨਾਲ ਜੁੜੀਆਂ ਸਿਨੇਮਾ ਸ਼ਖਸੀਅਤਾਂ ਵੱਲੋਂ ਬਹੁ-ਭਾਸ਼ਾਈ ਅਦਾਨ ਪ੍ਰਦਾਨ ਨੂੰ ਅੰਜ਼ਾਮ ਦਿੰਦਿਆਂ ਸਿਨੇਮਾ ਦੇ ਵੱਖ-ਵੱਖ ਰੰਗਾਂ, ਓਟੀਟੀ ਸਟ੍ਰੀਮਿੰਗ ਅਤੇ ਸਿਨੇਮਾ ਉਦਯੋਗਿਕ ਨਵੀਨਤਾਵਾਂ ਦੇ ਭਵਿੱਖ ਦੀ ਪੜਚੋਲ ਬੇਹੱਦ ਖੁੰਭ ਕੇ ਕੀਤੀ ਗਈ।
ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਲੈ ਕੇ ਕੀ ਬੋਲੀ ਨੀਨਾ ਲਾਥ
'ਦਾ ਹਯਾਤ ਸੈਟਰਿਕ ਬਾਲਰੂਮ' ਅਤੇ 'ਸਿਨੇਪੋਲਿਸ਼' ਵਿਖੇ ਆਯੋਜਿਤ ਕੀਤੇ ਗਏ ਉਕਤ ਚਾਰ ਰੋਜ਼ਾਂ ਵੱਖ-ਵੱਖ ਪੜਾਵਾਂ ਦੀ ਰਹਿਨੁਮਾਈ ਅਤੇ ਅਗਵਾਈ CIFF ਸੰਸਥਾਪਕ ਅਤੇ ਸੀਈਓ ਨੀਨਾ ਲਾਥ ਵੱਲੋਂ ਕੀਤੀ ਗਈ, ਜਿੰਨ੍ਹਾਂ ਅਨੁਸਾਰ ਸਿਨੇਵੇਸ਼ਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ (CIFF) ਸਿਨੇਮਾ ਚਾਹੇ ਉਹ ਕਿਸੇ ਵੀ ਭਾਸ਼ਾ ਸੰਬੰਧਤ ਹੋਵੇ ਨੂੰ ਹੋਰ ਵਿਆਪਕ ਰੂਪ ਦੇਣ ਲਈ ਯਤਨਸ਼ੀਲ ਹੈ, ਜਿਸ ਨਾਲ ਸਿਨੇਮਾ ਦੀ ਰਚਨਾਤਮਕਤਾ ਵਿੱਚ ਤਾਂ ਵਾਧਾ ਹੋਵੇਗਾ ਹੀ, ਨਾਲ ਹੀ ਇਸ ਨਾਲ ਜੁੜੇ ਨਿਰਮਾਤਾਵਾਂ, ਨਿਰਦੇਸ਼ਕਾਂ, ਐਕਟਰਜ਼, ਤਕਨੀਸ਼ਨਾਂ ਨੂੰ ਵੀ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਨ ਵਿੱਚ ਮਦਦ ਮਿਲੇਗੀ।
20 ਤੋਂ 23 ਮਾਰਚ ਤੱਕ ਸ਼ਾਨਦਾਰ ਰੂਪ ਵਿੱਚ ਆਯੋਜਿਤ ਕੀਤੀ ਉਕਤ ਸਮਾਰੋਹ ਲੜੀ ਦੌਰਾਨ ਪੰਜਾਬੀ ਸਿਨੇਮਾ ਅਤੇ ਸੰਗੀਤ ਦੀ ਨੁਮਾਇੰਦਗੀ ਸਟਾਰ ਗਾਇਕ ਅਤੇ ਅਦਾਕਾਰ ਐਮੀ ਵਿਰਕ, ਪ੍ਰਸਿੱਧ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਅਤੇ ਲੋਕ ਗਾਇਕ ਜਸਬੀਰ ਜੱਸੀ ਨੇ ਕੀਤੀ, ਜਿੰਨ੍ਹਾਂ ਵੱਲੋਂ ਪਾਲੀਵੁੱਡ ਨਾਲ ਜੁੜੇ ਅਪਣੇ ਸਫ਼ਰ ਅਤੇ ਤਜ਼ਰਬਿਆਂ ਦਾ ਅਦਾਨ ਪ੍ਰਦਾਨ ਵੀ ਇਕੱਤਰ ਹੋਏ ਸਿਨੇਮਾ ਪ੍ਰੇਮੀਆਂ ਦੇ ਸਨਮੁੱਖ ਕੀਤਾ ਗਿਆ।
ਇਹ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਿਲ
ਉਨ੍ਹਾਂ ਸਿਤਾਰਿਆਂ ਤੋਂ ਇਲਾਵਾ ਇਸ ਇੰਟਰਨੈਸ਼ਨਲ ਫਿਲਮ ਫ਼ੈਸਟੀਵਲ ਦੇ ਵੱਖ-ਵੱਖ ਪੜਾਵਾਂ ਦਾ ਹਿੱਸਾ ਬਣਨ ਵਾਲੀਆਂ ਸਿਨੇਮਾ ਸ਼ਖਸੀਅਤਾਂ ਵਿੱਚ ਬੋਮਨ ਇਰਾਨੀ, ਤਿਗਮਾਂਸ਼ੁ ਧੂਲੀਆ, ਸੁਧੀਰ ਮਿਸ਼ਰਾ, ਪ੍ਰਤੀਕ ਗਾਂਧੀ, ਅਸ਼ਵਨੀ ਚੌਧਰੀ, ਮਨਹਰ ਕੁਮਾਰ, ਰਾਹੁਲ ਭੱਟ, ਜ਼ਾਹਨ ਕਪੂਰ, ਸਰਗੁਣ ਮਹਿਤਾ, ਨਵਾਜ਼ੁਦੀਨ ਸਿੱਦੀਕੀ, ਵੀਰ ਪਹਾੜੀਆ, ਰਣਦੀਪ ਹੁੱਡਾ, ਨੰਦਿਤਾ ਦਾਸ, ਰਸਿਕਾ ਦੁੱਗਲ, ਸ਼ਵੇਤਾ ਤ੍ਰਿਪਾਠੀ, ਸ਼੍ਰੀਆ ਪਿਲਗਾਂਵਕਰ ਅਤੇ ਸ਼ਸ਼ਾਂਕ ਅਰੋੜਾ, ਹੰਸਲ ਮਹਿਤਾ (ਫਿਲਮ ਨਿਰਮਾਤਾ-ਨਿਰਦੇਸ਼ਕ), ਸਮੀਰ ਨਾਇਰ (ਮੈਨੇਜਿੰਗ ਡਾਇਰੈਕਟਰ, ਐਪਲੌਜ਼ ਐਂਟਰਟੇਨਮੈਂਟ), ਵਿਕਰਮਾਦਿੱਤਿਆ ਮੋਟਵਾਨੇ (ਨਿਰਦੇਸ਼ਕ, ਲੇਖਕ, ਨਿਰਮਾਤਾ), ਅਭਿਸ਼ੇਕ ਚੌਬੇ (ਨਿਰਦੇਸ਼ਕ ਅਤੇ ਸਕ੍ਰੀਨਰਾਈਟਰ), ਹਨੀ ਤ੍ਰੇਹਨ (ਨਿਰਦੇਸ਼ਕ), ਖੁਸ਼ਵੰਤ ਸਿੰਘ (ਲੇਖਕ ਅਤੇ ਵਕੀਲ), ਸਮੀਰ ਮੋਦੀ (ਪ੍ਰਬੰਧ ਨਿਰਦੇਸ਼ਕ, ਪਾਕੇਟ ਫਿਲਮਜ਼), ਬਲਵੰਤ ਸਿੰਘ (ਸੰਸਥਾਪਕ, ਜ਼ੀਨੀਵਰਸ ਮੋਸ਼ਨ ਪਿਕਚਰਜ਼ ਪ੍ਰਾਈਵੇਟ ਲਿਮਟਿਡ), ਚਿਰਾਗ ਬਜਾਜ (ਨਿਰਮਾਤਾ), ਨਰੇਨ ਚੰਦਾਵਰਕਰ, ਸਿਦ ਮੀਰ, ਨਿਤਿਨ ਬੈਦ, ਸਮੀਰ ਨਾਇਰ (ਐਮਡੀ, ਐਪਲਾਜ਼ ਐਂਟਰਟੇਨਮੈਂਟ), ਸਿਮਰਜੀਤ ਸਿੰਘ, ਮੁਨੀਸ਼ ਸਾਹਨੀ, ਮਲਕੀਤ ਰੌਣੀ, ਕਿਲੀਅਨ ਕੇਰਵਿਨ ਆਦਿ ਸ਼ੁਮਾਰ ਰਹੇ।
ਵਿਸ਼ਵ-ਭਰ ਦੇ ਸਿਨੇਮਾ ਅਤੇ ਮੰਨੋਰੰਜਨ ਉਦਯੋਗ ਨਾਲ ਜੁੜੇ 1000 ਤੋਂ ਵੱਧ ਡੈਲੀਗੇਟਾਂ ਦੀ ਉਪ-ਸਥਿਤੀ ਨਾਲ ਅੋਤਪੋਤ ਰਹੇ ਉਕਤ ਫ਼ੈਸਟੀਵਲ ਦੌਰਾਨ ਬਹੁ-ਭਾਸ਼ਾਈ ਸਿਨੇਮਾ ਨਾਲ ਜੁੜੀਆਂ ਫਿਲਮਾਂ ਦੀ ਸਕ੍ਰੀਨਿੰਗ ਵੀ ਕੀਤੀ ਗਈ, ਜਿਸ ਦੌਰਾਨ ਪ੍ਰਦਸ਼ਿਤ ਹੋਣ ਵਾਲੀਆਂ ਫਿਲਮਾਂ ਵਿੱਚ 'ਲਿਟਲ ਥੋਮਸ', 'ਕੁਇਨ ਆਫ ਮਾਈ ਡ੍ਰੀਮ', 'ਘਮਾਸਾਨ', 'ਬਸ ਨੰ: 7', 'ਲਿਟਲ ਜਾਫਨਾ', 'ਸੂਰਜ ਕਾ ਸਾਤਵਾ ਘੋੜਾ', 'ਘਿਚ ਪਿਚ', 'ਸੈਕੰਢ ਚਾਂਸ' ਆਦਿ ਸ਼ਾਮਿਲ ਰਹੀਆਂ।
ਸਿਨੇਵੇਸ਼ਚਰ ਪ੍ਰਬੰਧਨ ਅਨੁਸਾਰ ਸਿਨੇਮਾ ਅਤੇ ਇਸ ਨਾਲ ਜੁੜ ਰਹੇ ਉਭਰਦੇ ਅਤੇ ਨਵ ਕਲਾਕਾਰਾਂ ਲਈ ਇੱਕ ਹੋਰ ਨਵੀਂ ਆਸ ਦੀ ਕਿਰਨ ਬਣ ਸਾਹਮਣੇ ਆਏ ਉਕਤ ਫੈਸਟੀਵਲ ਦੇ ਇਸ ਦੂਸਰੇ ਸੰਸਕਰਣ ਦੌਰਾਨ ਸਿਨੇਮਾ ਪੱਖਾਂ ਉਪਰ ਡੂੰਘਾਈ ਨਾਲ ਖੋਜ ਅਤੇ ਵਿਚਾਰ-ਚਰਚਾ ਆਉਣ ਵਾਲੇ ਸਮੇਂ ਵਿੱਚ ਹਰ ਸਿਨੇਮਾ ਦੀ ਸਿਰਜਨਾਤਮਤਾ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਇਹ ਵੀ ਪੜ੍ਹੋ:
- Cinevesture International Film Festival 2025: 'ਪਾਨ ਸਿੰਘ ਤੋਮਰ' ਫੇਮ ਇਸ ਬਾਲੀਵੁੱਡ ਨਿਰਦੇਸ਼ਨ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ
- Cinevesture International Film Festival: ਬਾਲੀਵੁੱਡ ਅਦਾਕਾਰ ਮਨਹਰ ਕੁਮਾਰ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ, ਸੁਣੋ ਜ਼ਰਾ
- ਅਦਾਕਾਰ ਅੰਬਰਦੀਪ ਦੇ 18 ਸਾਲਾਂ ਪੁੱਤਰ ਨੂੰ ਅਵਾ-ਤਵਾ ਬੋਲੇ ਲੋਕ, ਹੁਣ ਸਟਾਰ ਨੇ ਦਿੱਤਾ ਮੂੰਹ ਤੋੜ ਜਵਾਬ, ਬੋਲੇ-ਕੀ ਗਲਤ ਕਰਤਾ ਉਸਨੇ...