ਚੰਡੀਗੜ੍ਹ: ਸਾਲ 2023 ਵਿੱਚ ਸਾਹਮਣੇ ਆਈ ਪੰਜਾਬੀ ਵੈੱਬ ਸੀਰੀਜ਼ 'ਡ੍ਰੀਮਲੈਂਡ' ਦੇ ਦੂਸਰੇ ਸੀਜ਼ਨ ਦਾ ਅੱਜ ਅਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬੀ ਸਿਨੇਮਾ ਅਤੇ ਓਟੀਟੀ ਪਲੇਟਫ਼ਾਰਮ ਨਾਲ ਜੁੜੇ ਕਈ ਨਾਮਵਰ ਚਿਹਰੇ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
'ਬ੍ਰਾਊਨ ਸਟਰਿੰਗ ਰਿਕਾਰਡਸ' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਵੈੱਬ ਸੀਰੀਜ਼ ਸੀਜ਼ਨ 2 ਦਾ ਨਿਰਮਾਣ ਅਰਸ਼ ਸੰਧੂ, ਲੇਖਣ ਰਾਜ ਸਿੰਘ ਝਿੰਜਰ ਅਤੇ ਗੁਰਦੀਪ ਮਨਾਲਿਆ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਡਿੰਪਲ ਭੁੱਲਰ ਸੰਭਾਲ ਰਹੇ ਹਨ, ਜੋ ਪਾਲੀਵੁੱਡ ਅਤੇ ਓਟੀਟੀ ਫਿਲਮ ਉਦਯੋਗ ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ।
ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੀ ਉਕਤ ਵੈੱਬ ਸੀਰੀਜ਼ ਦੀ ਕਹਾਣੀ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਮੱਧ ਵਰਗੀ ਪਰਿਵਾਰ ਦੇ ਮੁੰਡੇ ਧਰਮਿੰਦਰ ਦੁਆਲੇ ਬੁਣੀ ਗਈ ਹੈ, ਜੋ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਕੁਝ ਕਰ ਗੁਜ਼ਰਣ ਦੇ ਜਜ਼ਬਾਤਾਂ ਨੂੰ ਤਾਬੀਰ ਦੇਣ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਦਾਖਲਾ ਲੈ ਲੈਂਦਾ ਹੈ, ਪਰ ਪਿਆਰ, ਦੋਸਤਾਂ ਲਈ ਮਰ ਮਿਟਣ ਦੇ ਲਏ ਫੈਸਲੇ ਉਸਨੂੰ ਇੱਕ ਵੱਖਰੀ ਹੀ ਅਤੇ ਅਜਿਹੀ ਦਿਸ਼ਾ ਵਿੱਚ ਲੈ ਜਾਂਦੇ ਹਨ, ਜਿੱਥੋਂ ਵਾਪਸ ਪਰਤਣਾ ਸੰਭਵ ਨਹੀਂ ਹੁੰਦਾ।
ਰਿਲੀਜ਼ ਉਪਰੰਤ ਬੇਹੱਦ ਸਰਾਹੀ ਗਈ ਉਕਤ ਵੈੱਬ ਸੀਰੀਜ਼ ਦੇ ਪਹਿਲੇ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜੋ 2.3 ਮਿਲੀਅਨ ਵਿਊਵਰਸ਼ਿਪ ਦਾ ਅੰਕੜਾ ਪਾਰ ਕਰਨ ਵਿੱਚ ਸਫ਼ਲ ਰਹੀ, ਜਿਸ ਵਿਚਲੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਾਜ ਸਿੰਘ ਝਿੰਜਰ, ਗੁਰਦੀਪ ਮਨਾਲਿਆ, ਸੰਨੀ ਕਾਹਲੋਂ, ਰਵਨੀਤ ਕੌਰ, ਜਤਿੰਦਰ ਜਤਿਨ ਸ਼ਰਮਾ, ਨਵਦੀਪ ਰਪੋਰੀ, ਦੀਪ ਮਨਦੀਪ, ਸਤਵੰਤ ਕੌਰ, ਅਮਨ ਕੌਰ, ਗਗ ਬਰਾੜ, ਡੀ ਰਾਜ, ਰਾਜ ਜੋਸ਼ੀ, ਸੰਤੋਸ਼ ਗਿੱਲ, ਅਰਸ਼ ਮਾਂਗਟ, ਪ੍ਰਵੀਨ ਵਾਲੀਆ ਆਦਿ ਸ਼ੁਮਾਰ ਰਹੇ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਪੰਜਾਬੀ ਵੈੱਬ ਸੀਰੀਜ਼ ਵਿੱਚ ਬਹੁ-ਪੱਖੀ ਅਦਾਕਾਰ ਕਵੀ ਸਿੰਘ ਵੀ ਮਹੱਤਵਪੂਰਨ ਭੂਮਿਕਾ ਨਿਭਾਉਣ ਜਾ ਰਹੇ ਹਨ, ਜੋ ਅੱਜਕੱਲ੍ਹ ਪੰਜਾਬੀ ਸਿਨੇਮਾ ਅਤੇ ਓਟੀਟੀ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।
ਇਹ ਵੀ ਪੜ੍ਹੋ:
- ਕਿਸਾਨਾਂ ਦੇ ਹੱਕ ਵਿੱਚ ਉੱਤਰਿਆ ਇਹ ਪੰਜਾਬੀ ਗਾਇਕ, ਬੋਲਿਆ-ਸਾਡੇ ਤੰਬੂਆਂ ਦੇ ਉੱਤੇ ਬੁਲਡੋਜ਼ਰ ਚਲਾਤੇ...
- Cinevesture International Film Festival: ਬਾਲੀਵੁੱਡ ਅਦਾਕਾਰ ਮਨਹਰ ਕੁਮਾਰ ਨਾਲ ਈਟੀਵੀ ਭਾਰਤ ਦੀ ਵਿਸ਼ੇਸ਼ ਗੱਲਬਾਤ, ਸੁਣੋ ਜ਼ਰਾ
- 10 ਮਿੰਟਾਂ ਤੱਕ ਜਲਿਆਂਵਾਲਾ ਬਾਗ 'ਚ ਹੁੰਦੀ ਰਹੀ ਭਿਆਨਕ ਗੋਲੀਬਾਰੀ, ਜਖ਼ਮੀ ਲੋਕਾਂ ਨੂੰ ਖਾ ਗਈਆਂ ਗਿਰਝਾਂ, ਰੌਂਗਟੇ ਖੜ੍ਹੇ ਕਰ ਦੇਵੇਗਾ ਫਿਲਮ 'ਕੇਸਰੀ 2' ਦਾ ਟੀਜ਼ਰ