ਜਲੰਧਰ: ਬੀਤੇ ਦਿਨੀਂ ਪੰਜਾਬੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਭੋਗ ਦੀ ਰਸਮ ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਅੱਜ ਪੰਜਾਬੀ ਗਾਇਕ ਹੰਸਰਾਜ ਹੰਸ ਦੀ ਪਤਨੀ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਉਨ੍ਹਾਂ ਦੇ ਪੁੱਤਰ ਯੁਵਰਾਜ ਹੰਸ ਅਤੇ ਨਵਰਾਜ ਹੰਸ ਵੀ ਮੌਜੂਦ ਸੀ। ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਮਸ਼ਹੂਰ ਹਸਤੀਆਂ ਅਤੇ ਨੇਤਾ ਸ਼ਾਮਲ ਹੋਏ। ਇਸ ਤਹਿਤ ਸੁਰੱਖਿਆ ਵੀ ਸਖ਼ਤ ਸੀ ਅਤੇ ਪੂਰੇ ਇਲਾਕੇ ਨੂੰ ਬੈਰੀਕੇਡ ਲਗਾਏ ਗਏ ਸੀ।
ਗਾਇਕ ਹੰਸਰਾਜ ਹੰਸ ਦੀ ਪਤਨੀ ਦੇ ਭੋਗ 'ਤੇ ਪਹੁੰਚੇ ਮੁੱਖ ਮੰਤਰੀ
ਅੱਜ ਜਲੰਧਰ ਦੇ ਮਾਡਲ ਟਾਊਨ ਇਲਾਕੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੰਸਰਾਜ ਹੰਸ ਦੀ ਪਤਨੀ ਦਾ ਭੋਗ ਰੱਖਿਆ ਗਿਆ ਸੀ। ਭੋਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਅਤੇ ਪਰਿਵਾਰ ਨਾਲ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ। ਭਗਵੰਤ ਮਾਨ ਤੋਂ ਇਲਾਵਾ, ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਵੀ ਹੰਸਰਾਜ ਹੰਸ ਦੀ ਪਤਨੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ।
ਹੰਸਰਾਜ ਹੰਸ ਦੀ ਪਤਨੀ ਦੇ ਭੋਗ 'ਤੇ ਪਹੁੰਚੀ ਸਤਿੰਦਰ ਸੱਤੀ
ਹੰਸਰਾਜ ਹੰਸ ਦੀ ਪਤਨੀ ਦੇ ਭੋਗ 'ਤੇ ਮੁੱਖ ਮੰਤਰੀ ਮਾਨ ਤੋਂ ਇਲਾਵਾ ਅਦਾਕਾਰਾ ਸਤਿੰਦਰ ਸੱਤੀ ਵੀ ਪਹੁੰਚੀ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਿਸੇ ਦਾ ਵੀ ਚਲੇ ਜਾਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਪੂਰਾ ਪਰਿਵਾਰ ਸੰਭਾਲ ਕੇ ਰੱਖਿਆ ਸੀ। ਇਸਦੇ ਨਾਲ ਹੀ, ਉਨ੍ਹਾਂ ਨੇ ਹੰਸਰਾਜ ਹੰਸ ਦੇ ਬੱਚਿਆ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਬਹੁਤ ਸੰਸਕਾਰੀ ਹਨ।
ਕੌਣ ਸੀ ਹੰਸਰਾਜ ਹੰਸ ਦੀ ਪਤਨੀ?
ਦੱਸ ਦੇਈਏ ਕਿ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੇ ਰਿਸ਼ਤੇਦਾਰ ਸੀ। ਦਲੇਰ ਮਹਿੰਦੀ ਦੀ ਬੇਟੀ ਅਜੀਤ ਕੌਰ ਦਾ ਵਿਆਹ ਰੇਸ਼ਮ ਕੌਰ ਦੇ ਬੇਟੇ ਨਵਰਾਜ ਹੰਸ ਨਾਲ ਹੋਇਆ ਹੈ। ਰੇਸ਼ਮ ਕੌਰ ਦੇ ਦੇਹਾਂਤ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਹੰਸਰਾਜ ਹੰਸ ਦੀ ਪਤਨੀ ਦਾ ਕਿਵੇਂ ਹੋਇਆ ਦੇਹਾਂਤ?
ਮਿਲੀ ਜਾਣਕਾਰੀ ਅਨੁਸਾਰ, ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਲੰਬੇ ਸਮੇਂ ਤੋਂ ਦਿਲ ਨਾਲ ਜੁੜੀ ਬਿਮਾਰੀ ਤੋਂ ਪੀੜਤ ਸੀ। ਕੁਝ ਸਮੇਂ ਤੋਂ ਉਹ ਜਲੰਧਰ ਦੇ ਹਸਪਤਾਲ ਵਿੱਚ ਭਰਤੀ ਸੀ। ਦੱਸ ਦੇਈਏ ਕਿ ਇਸ ਬਿਮਾਰੀ ਦੇ ਚਲਦਿਆਂ ਉਨ੍ਹਾਂ ਦੇ ਸਟੰਟ ਵੀ ਪਾਇਆ ਗਿਆ ਸੀ ਪਰ ਫਿਰ ਵੀ ਉਨ੍ਹਾਂ ਦੀ ਸਿਹਤ ਵਿੱਚ ਜ਼ਿਆਦਾ ਸੁਧਾਰ ਨਹੀਂ ਹੋਇਆ। ਇਸਦੇ ਚਲਦਿਆਂ 62 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਇਹ ਵੀ ਪੜ੍ਹੋ:-