ਚੰਡੀਗੜ੍ਹ: ਭਾਵੇਂ ਕਿ ਅੱਜ ਬਾਲੀਵੁੱਡ ਫਿਲਮਾਂ ਵਿੱਚ ਪੰਜਾਬੀ ਗਾਇਕਾਂ ਦੇ ਗੀਤ ਹੋਣੇ ਆਮ ਗੱਲ ਹੋ ਗਈ ਹੈ, ਪਰ ਗਾਇਕ ਅੰਮ੍ਰਿਤ ਮਾਨ ਦਾ ਸੰਨੀ ਦਿਓਲ ਦੀ ਫਿਲਮ 'ਜਾਟ' ਲਈ ਗਾਇਆ ਥੀਮ ਗਾਣਾ ਕਾਫੀ ਸੁਰਖ਼ੀਆਂ ਬਟੋਰ ਰਿਹਾ ਹੈ। ਜੀ ਹਾਂ...ਬਠਿੰਡਾ ਦੇ ਸ਼ਹਿਰ ਗੋਨਿਆਨੇ ਮੰਡੀ ਦੇ ਰਹਿਣ ਵਾਲੇ ਇਸ ਗੱਭਰੂ ਦਾ ਗੀਤ ਇਸ ਸਮੇਂ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ। 8 ਅਪ੍ਰੈਲ ਨੂੰ ਰਿਲੀਜ਼ ਹੋਏ ਗੀਤ ਨੂੰ ਹੁਣ ਤੱਕ 8.3 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਸੰਨੀ ਦਿਓਲ ਦੀ ਫਿਲਮ 'ਜਾਟ' ਬਾਰੇ
'ਮਾਈਥਰੀ ਮੂਵੀ ਮੇਕਰਸ' ਅਤੇ 'ਪੀਪਲ ਮੀਡੀਆ ਫੈਕਟਰੀ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ ਪੈਕੇਡ ਫਿਲਮ 'ਚ ਸੰਨੀ ਦਿਓਲ ਲੀਡ ਭੂਮਿਕਾ ਵਿੱਚ ਨਜ਼ਰ ਆਏ ਹਨ, ਉਹਨਾਂ ਤੋਂ ਇਲਾਵਾ ਰਣਦੀਪ ਹੁੱਡਾ, ਵਿਨੀਤ ਕੁਮਾਰ ਸਿੰਘ, ਸਯਾਮੀ ਖੇਰ ਅਤੇ ਰੇਜੀਨਾ ਦੁਆਰਾ ਵੀ ਮਹੱਤਵਪੂਰਨ ਰੋਲਜ ਅਦਾ ਕੀਤੇ ਗਏ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਗਈ ਉਕਤ ਮਲਟੀ-ਸਟਾਰਰ ਫਿਲਮ ਦਾ ਸੰਗੀਤ ਥਮਨ ਐਸ ਦੁਆਰਾ ਤਿਆਰ ਕੀਤਾ ਗਿਆ ਹੈ, ਜਦੋਂ ਕਿ ਸਿਨੇਮਾਟੋਗ੍ਰਾਫੀ ਪੱਖ ਰਿਸ਼ੀ ਪੰਜਾਬੀ, ਸੰਪਾਦਨ ਨਵੀਨ ਨੂਲੀ ਅਤੇ ਪ੍ਰੋਡੋਕਸ਼ਨ ਡਿਜ਼ਾਈਨ ਅਵਿਨਾਸ਼ ਕੋਲਾ ਦੁਆਰਾ ਸੰਭਾਲੇ ਗਏ ਹਨ।
ਬਾਲੀਵੁੱਡ ਦੇ ਨਾਲ-ਨਾਲ ਪਾਲੀਵੁੱਡ ਵਿੱਚ ਵੀ ਚਰਚਾ ਦਾ ਕੇਂਦਰ ਬਿੰਦੂ ਬਣੀ 'ਜਾਟ' ਫਿਲਮ ਵਿੱਚ ਅੰਮ੍ਰਿਤ ਮਾਨ ਦੁਆਰਾ ਗਾਏ ਟਾਈਟਲ ਟ੍ਰੈਕ 'ਜਾਟ' ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬੇਹੱਦ ਉੱਚ ਪੱਧਰੀ ਸੰਗੀਤਕ ਪੈਮਾਨਿਆਂ ਅਧੀਨ ਵਜ਼ੂਦ 'ਚ ਲਿਆਂਦਾ ਗਿਆ ਹੈ, ਜਿਸ ਵਿੱਚ ਪੰਜਾਬੀਆਂ ਦੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਕਈ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲੇ ਹਨ।
ਕੌਣ ਹੈ ਬਠਿੰਡੇ ਦਾ ਰਹਿਣ ਵਾਲਾ ਅੰਮ੍ਰਿਤ ਮਾਨ
ਇਸ ਦੌਰਾਨ ਜੇਕਰ ਗਾਇਕ ਅੰਮ੍ਰਿਤ ਮਾਨ ਬਾਰੇ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਲ੍ਹੇ ਬਠਿੰਡੇ ਦਾ ਰਹਿਣ ਵਾਲਾ ਇਹ ਨੌਜਵਾਨ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਅੱਜ ਪੂਰੀ ਦੁਨੀਆਂ ਵਿੱਚ ਆਪਣਾ ਨਾਂਅ ਚਮਕਾ ਰਿਹਾ ਹੈ। ਅੰਮ੍ਰਿਤ ਮਾਨ ਨੇ ਆਪਣੇ ਮਨੋਰੰਜਨ ਜਗਤ ਵਿੱਚ ਐਂਟਰੀ ਬਤੌਰ ਗੀਤਕਾਰ ਵਜੋਂ ਲਈ ਸੀ, ਗਾਇਕ ਦਾ ਪਹਿਲਾਂ ਗੀਤ 'ਜੱਟ ਫਾਇਰ ਕਰਦਾ' ਸੀ, ਜਿਸ ਨੂੰ ਗਲੋਬਲ ਸਟਾਰ ਦਿਲਜੀਤ ਦੁਸਾਂਝ ਨੇ ਗਾਇਆ ਸੀ, ਜੋ ਕਾਫੀ ਹਿੱਟ ਹੋਇਆ ਸੀ। ਫਿਰ ਗਾਇਕ ਨੇ ਹੋਰ ਵੀ ਕਈ ਗੀਤ ਲਿਖੇ ਅਤੇ ਫਿਰ ਉਹਨਾਂ ਨੇ ਬਤੌਰ ਗਾਇਕ ਵੀ ਆਪਣੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਗਾਇਕ ਹੁਣ ਫਿਲਮਾਂ ਵਿੱਚ ਵੀ ਐਂਟਰੀ ਲੈ ਚੁੱਕੇ ਹਨ, ਪਿਛਲੇ ਸਾਲ ਗਾਇਕ ਦੀ ਨੀਰੂ ਬਾਜਵਾ ਅਤੇ ਜੱਸ ਬਾਜਵਾ ਨਾਲ ਫਿਲਮ 'ਸ਼ੁਕਰਾਨਾ' ਆਈ ਸੀ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਗਿਆ ਸੀ।
ਹਾਲ ਹੀ ਵਿੱਚ ਹਿੰਦੀ ਸਿਨੇਮਾ ਸਟਾਰ ਸੰਜੇ ਦੱਤ ਨਾਲ ਵੀ ਸੰਗੀਤਕ ਅਤੇ ਫੀਚਰਿੰਗ ਕਲੋਬ੍ਰੇਸ਼ਨ ਕਰਨ ਦਾ ਮਾਣ ਹਾਸਿਲ ਕਰ ਚੁੱਕੇ ਹਨ ਹੋਣਹਾਰ ਗਾਇਕ-ਗੀਤਕਾਰ ਅਤੇ ਅਦਾਕਾਰ ਅੰਮ੍ਰਿਤ ਮਾਨ, ਜੋ ਬਤੌਰ ਪਲੇਅ ਬੈਕ ਗਾਇਕ ਅਪਣੀ ਉਕਤ ਪਹਿਲੀ ਹਿੰਦੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: