ਚੰਡੀਗੜ੍ਹ: ਗਾਇਕੀ ਦੇ ਨਾਲ-ਨਾਲ ਬਤੌਰ ਅਦਾਕਾਰਾ ਅਤੇ ਬਹੁ-ਕਲਾਵਾਂ ਦਾ ਇਜ਼ਹਾਰ ਵੀ ਕਰਵਾ ਰਹੀ ਹੈ ਪੰਜਾਬੀ ਅਦਾਕਾਰਾ ਸੁਨੰਦਾ ਸ਼ਰਮਾ, ਜੋ ਇਸ ਸਮੇਂ ਉਸ ਨਾਲ ਹੋਈ ਚੋਰੀ ਕਾਰਨ ਕਾਫੀ ਚਰਚਾ ਬਟੋਰ ਰਹੀ ਹੈ। ਜੀ ਹਾਂ...ਦਰਅਸਲ, ਅਦਾਕਾਰਾ ਸੁਨੰਦਾ ਸ਼ਰਮਾ ਦੀਆਂ ਲੰਡਨ ਵਿੱਚ ਖੜ੍ਹੀ ਗੱਡੀ ਵਿੱਚ ਪਈਆਂ ਕੁੱਝ ਚੀਜ਼ਾਂ ਚੋਰੀ ਹੋ ਗਈਆਂ ਹਨ, ਜਿਸ ਸੰਬੰਧੀ ਅਦਾਕਾਰਾ ਨੇ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ।
ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ, 'ਵੇ ਮੈਂ ਜਿਹੜੇ ਪਾਸੇ ਦੇਖਾਂ, ਮੈਨੂੰ ਚੋਰ ਦਿੱਸਦੇ, ਯੂਕੇ ਵਾਲਿਓ ਇਹ ਕੋਈ ਗੱਲ ਤਾਂ ਨਹੀਂ ਨਾ, ਸਾਰੀ ਰਾਤ ਨੀਂਦ ਨਹੀਂ ਆਈ ਬਾਦਸ਼ਾਓ, ਕਿਹੜੇ LV ਅਤੇ ਕਿਹੜੇ ਪਰਾਂਡਾ, ਉਹ ਗਿਆ ਉਹ ਗਿਆ ਉਹ ਗਿਆ, ਪਰ ਕੋਈ ਨਾ, ਕੁੱਝ ਬਹੁਤ ਬੁਰਾ ਹੋਣ ਤੋਂ ਬਚ ਗਏ ਹੋਵਾਂਗੇ ਸ਼ਾਇਦ।'
ਵੀਡੀਓ ਸਾਂਝੀ ਕਰਦੇ ਹੋਏ ਅਦਾਕਾਰਾ-ਗਾਇਕਾ ਨੇ ਲਿਖਿਆ, 'ਮੈਂ ਇੱਥੇ ਲੰਡਨ ਵਿੱਚ ਹਾਂ, ਇਹ ਕਾਰ ਦੀ ਸਥਿਤੀ ਹੈ, ਸ਼ੀਸ਼ੇ ਸਭ ਤੋੜ ਗਏ ਨੇ, ਮੇਰੇ ਮਹਿੰਗੇ ਅਤੇ ਮਿਹਨਤ ਨਾਲ ਕਮਾਏ ਹੋਏ LV ਦੇ 2 ਬੈਗ ( ਅਟੈਚੀ ਅਤੇ ਹੈਂਡ ਬੈਗ) ਲੈ ਗਏ।' ਇਸ ਤੋਂ ਬਾਅਦ ਅਦਾਕਾਰਾ ਦੁੱਖ ਵਿੱਚ ਕਹਿੰਦੀ ਹੈ ਕਿ ਮਰਜਾਣੇ!...ਦੇਖੋ ਕੀ ਹਾਲਤ ਕਰ ਗਏ ਨੇ, ਮੇਰੇ ਪਸੰਦ ਦੇ ਬੈਗ ਸੀ ਦੋਵੇਂ, ਫੁੱਟੇ ਮੂੰਹ ਇਹਨਾਂ ਮਰ ਜਾਣਿਆ ਦੇ।'
ਹੁਣ ਪ੍ਰਸ਼ੰਸਕ ਵੀ ਅਦਾਕਾਰਾ ਦੀ ਵੀਡੀਓ ਉਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਕਿਹਾ, 'ਮੈਨੂੰ ਬਹੁਤ ਪਸੰਦ ਹੈ ਕਿ ਤੁਸੀਂ ਅੰਦਰਲੇ ਦਰਦ ਦੇ ਬਾਵਜੂਦ ਆਪਣੇ ਚਿਹਰੇ 'ਤੇ ਮੁਸਕਰਾਹਟ ਕਿਵੇਂ ਬਣਾਈ ਰੱਖਣ ਵਿੱਚ ਕਾਮਯਾਬ ਰਹੇ ਹੋ।' ਇੱਕ ਹੋਰ ਨੇ ਲਿਖਿਆ, 'ਬਾਦਸ਼ਾਓ ਤੁਹਾਡੀ ਮਿਹਨਤ ਹੈ, ਹੱਕ ਦੀ ਕਮਾਈ ਰੱਬ ਕਿਤੇ ਨੀ ਜਾਣ ਦਿੰਦਾ ਚੋਰਾਂ ਨੂੰ ਰੱਬ ਹੀ ਦੇਖੂ।'
ਉਲੇਖਯੋਗ ਹੈ ਕਿ ਸਾਲ 2018 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੱਜਣ ਸਿੰਘ ਰੰਗਰੂਟ' ਨਾਲ ਸ਼ਾਨਦਾਰ ਸਿਲਵਰ ਸਕ੍ਰੀਨ ਉਤੇ ਡੈਬਿਊ ਕਰਨ ਵਾਲੀ ਇਸ ਉਮਦਾ ਅਦਾਕਾਰਾ ਦੀ ਇਸ ਫਿਲਮ ਵਿੱਚ ਦਿਲਜੀਤ ਦੁਸਾਂਝ ਦੇ ਨਾਲ ਨਿਭਾਈ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ, ਜਿਸ ਉਪਰੰਤ ਸਿਨੇਮਾ ਦੀ ਦੁਨੀਆਂ ਵਿੱਚ ਆਕਰਸ਼ਣ ਦਾ ਕੇਂਦਰ ਬਣੀ ਇਹ ਲਾਜਵਾਬ ਅਦਾਕਾਰਾ ਬਾਲੀਵੁੱਡ ਦੇ ਕਈ ਨਾਮੀ ਸਟਾਰਜ਼ ਨੂੰ ਅਪਣੇ ਕਈ ਵੱਡੇ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਬਣਾਉਣ ਦਾ ਸਿਹਰਾ ਵੀ ਹਾਸਿਲ ਕਰ ਚੁੱਕੀ ਹੈ, ਜਿੰਨ੍ਹਾਂ ਵਿੱਚ ਨਵਾਜੂਦੀਨ ਸਿੱਦੀਕੀ ਅਤੇ ਸੋਨੂੰ ਸੂਦ ਜਿਹੇ ਚਰਚਿਤ ਚਿਹਰੇ ਵੀ ਸ਼ੁਮਾਰ ਰਹੇ ਹਨ।
ਪੀਟੀਸੀ ਪੰਜਾਬੀ ਚੈਨਲ ਦੇ ਮੋਟੀਵੇਸ਼ਨਲ ਸ਼ੋਅ 'ਹੁਨਰ ਪੰਜਾਬ ਦਾ' ਨੂੰ ਪ੍ਰਭਾਵਪੂਰਨ ਰੂਪ 'ਚ ਹੋਸਟ ਕਰ ਚੁੱਕੀ ਇਹ ਬਹੁ-ਪੱਖੀ ਅਦਾਕਾਰਾ 'ਬਿੱਗ ਬੌਸ 17' ਅਤੇ 'ਦਿਲ ਦੀਆਂ ਗੱਲਾਂ' ਦੇ ਇੱਕ ਐਪੀਸੋਡ ਵਿੱਚ ਵੀ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ। ਪਿਛਲੀ ਵਾਰ ਅਦਾਕਾਰਾ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਵਿੱਚ ਨਜ਼ਰ ਆਈ ਸੀ।
ਇਹ ਵੀ ਪੜ੍ਹੋ: