ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰਾ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੀ ਹੈ ਹੁਸ਼ਿਆਰਪੁਰ ਦੀ ਉਪਾਸਨਾ ਸਿੰਘ, ਜਿੰਨ੍ਹਾਂ ਨੂੰ ਅੱਜ ਸ਼ੁਰੂ ਹੋਈ ਹਿੰਦੀ ਫਿਲਮ 'ਚਿੱਲ ਮਾਰ ਨਾ ਬਰੋ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਮੰਨੋਰੰਜਕ ਫਿਲਮ ਵਿੱਚ ਲੀਡਿੰਗ ਕਿਰਦਾਰ ਅਦਾ ਕਰਦੀ ਨਜ਼ਰੀ ਪਵੇਗੀ।
'ਅਮੇਲੈਂਸ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਤੇਜਸ ਦਤਾਨੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਅਤੇ ਆਫ ਬੀਟ ਹਿੰਦੀ ਫਿਲਮਾਂ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਜੁੜੇ ਰਹੇ ਹਨ।
ਹਾਲ ਹੀ ਸਮੇਂ ਵਿੱਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਰਹੀ ਅਦਾਕਾਰਾ ਉਪਾਸਨਾ ਸਿੰਘ ਅਨੁਸਾਰ ਉਨ੍ਹਾਂ ਦੀ ਉਕਤ ਹਿੰਦੀ ਫਿਲਮ ਹਲਕੀ ਫੁਲਕੀ ਅਤੇ ਮਿਆਰੀ ਕਾਮੇਡੀ ਉਪਰ ਆਧਾਰਿਤ ਹੈ, ਜਿਸ ਵਿੱਚ ਉਨ੍ਹਾਂ ਨੂੰ ਕਾਫ਼ੀ ਅਲਹਦਾ ਅਤੇ ਚੈਲੇਜਿੰਗ ਰੋਲ ਅਦਾ ਕਰਨ ਦਾ ਅਫਸਰ ਮਿਲਿਆ ਹੈ, ਜਿਸ ਵਿੱਚ ਪੰਜਾਬੀਅਤ ਰੰਗਾਂ ਵਿੱਚ ਰੰਗੇ ਕਈ ਸ਼ੇਡਜ਼ ਵੀ ਸ਼ਾਮਿਲ ਕੀਤੇ ਜਾ ਰਹੇ ਹਨ।
ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਲਗਭਗ ਚਾਰ ਦਹਾਕਿਆਂ ਦਾ ਸ਼ਾਨਦਾਰ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਉਪਾਸਨਾ ਸਿੰਘ ਦੀ ਉਕਤ ਮੰਨੋਰੰਜਕ ਮਸਾਲਾ ਫਿਲਮ ਵਿੱਚ ਮਸ਼ਹੂਰ ਅਦਾਕਾਰਾ ਬ੍ਰਿਜੇਂਦਰ ਕਾਲਾ ਅਤੇ ਪਾਲੀਵੁੱਡ ਅਦਾਕਾਰਾ ਯਾਮਿਨੀ ਮਲਹੋਤਰਾ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਜਾ ਰਹੇ ਹਨ।
'ਜੱਟ ਐਂਡ ਜੂਲੀਅਟ' ਅਤੇ 'ਕੈਰੀ ਆਨ ਜੱਟਾ' ਫਿਲਮ ਸੀਰੀਜ਼ ਸਮੇਤ ਕਈ ਹੋਰ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਉਪਾਸਨਾ ਸਿੰਘ ਨਿਰਮਾਤਾਰੀ ਦੇ ਤੌਰ ਉਤੇ ਵੀ ਨਵੇਂ ਅਯਾਮ ਸਿਰਜਣ ਲਈ ਅੱਜਕੱਲ੍ਹ ਲਗਾਤਾਰ ਯਤਨਸ਼ੀਲ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਅਤੇ ਦੇਵ ਖਰੋੜ ਸਟਾਰਰ 'ਬਾਈ ਜੀ ਕੁੱਟਣਗੇ' ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।
ਆਗਾਮੀ ਫਿਲਮਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਗਿੱਪੀ ਗਰੇਵਾਲ ਨਿਰਮਿਤ ਬਹੁ-ਚਰਚਿਤ ਪੰਜਾਬੀ ਫਿਲਮ 'ਕੈਰੀ ਆਨ ਜੱਟੀਏ' ਵੀ ਸ਼ੁਮਾਰ ਹੈ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੇ ਪਸੰਦੀਦਾ ਨਿਰਦੇਸ਼ਕ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: