ਹੈਦਰਾਬਾਦ: ਭਾਰਤ-ਪਾਕਿਸਤਾਨ ਦੇ ਸੰਵੇਦਨਸ਼ੀਲ ਹਾਲਾਤਾਂ ਦਰਮਿਆਨ, ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਇਸੇ ਦ੍ਰਿਸ਼ਾਂਵਲੀ ਦਰਮਿਆਨ ਦੋਹਾਂ ਪਾਸਿਓ ਵਧੀ ਕੁੜੱਤਣ ਅਤੇ ਅਦਾਕਾਰ ਇਫ਼ਤਿਖਾਰ ਠਾਕੁਰ ਵੱਲੋ ਕੀਤੀ ਗਈ ਗੈਰ ਜਿੰਮੇਵਾਰਾਨਾਂ ਟਿੱਪਣੀ ਨੇ ਚੜਦੇ ਪੰਜਾਬ ਦੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਦੇ ਸਾਹਮਣੇ ਆਉਣ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਹ ਫਿਲਮਾਂ ਦੇਸ਼-ਵਿਦੇਸ਼ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਇਫਤਿਖਾਰ ਠਾਕੁਰ ਨੇ 'ਚੱਲ ਮੇਰਾ ਪੁੱਤ' (2019) ਵਰਗੀਆਂ ਪੰਜਾਬੀ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੇ ਇਹ ਵਿਵਾਦਪੂਰਨ ਟਿੱਪਣੀ ਪਹਿਲਗਾਮ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ 2 ਮਈ ਨੂੰ ਪ੍ਰਸਾਰਿਤ ਇੱਕ ਪਾਕਿਸਤਾਨੀ ਟੀਵੀ ਸ਼ੋਅ ਵਿੱਚ ਕੀਤੀ ਸੀ। ਇਸ ਤੋਂ ਬਾਅਦ ਪੰਜਾਬੀ ਕਾਲਕਾਰਾਂ ਵਲੋਂ ਇਸ ਉੱਤੇ ਇਤਰਾਜ਼ ਜਤਾਇਆ ਗਿਆ ਹੈ।
ਉਪਰੋਕਤ ਬਿਆਨ ਅਧੀਨ ਹੀ ਅਸਮੰਜਸ ਭਰੇ ਹਾਲਾਤਾਂ ਵਿੱਚ ਘਿਰ ਚੁੱਕੀਆਂ ਅਤੇ ਪਾਕਿਸਤਾਨੀ ਕਲਾਕਾਰਾਂ ਦੀ ਮੌਜ਼ੂਦਗੀ ਵਾਲੀਆਂ ਇਹ ਪੰਜਾਬੀ ਫਿਲਮਾਂ ਕਿਹੜੀਆਂ ਹਨ, ਚੈਕ ਕਰੋ ਲਿਸਟ:-
- ਫਿਲਮ 'ਚੱਲ ਮੇਰਾ ਪੁੱਤ 4' ਅਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ 2'
ਰਿਦਮ ਬੁਆਏਜ ਐਟਰਟੇਨਮੈਂਟ ਦਾ ਸ਼ੁਮਾਰ ਅਜਿਹੇ ਪ੍ਰੋਡੋਕਸ਼ਨ ਹਾਊਸ ਵਜੋ ਕੀਤਾ ਜਾਂਦਾ ਹੈ , ਜੋ ਪਾਕਿਸਤਾਨੀ ਕਲਾਕਾਰਾਂ ਨੂੰ ਅਵਸਰ ਦੇਣ ਵਿਚ ਸਭ ਤੋਂ ਮੋਹਰੀ ਰਿਹਾ ਹੈ, ਪਰ ਇਫ਼ਤਿਖਾਰ ਠਾਕੁਰ ਦੀ ਟਿੱਪਣੀ ਨਾਲ ਅਮਰਿੰਦਰ ਗਿੱਲ ਦੇ ਹੀ ਇਸ ਫ਼ਿਲਮ ਨਿਰਮਾਣ ਹਾਊਸ ਦੇ ਖਾਸੇ ਪ੍ਰਭਾਵਿਤ ਹੋਣ ਦੇ ਆਸਾਰ ਪੈਦਾ ਹੋ ਗਏ ਹਨ, ਜਿਸ ਵਿਚ ਦੋ ਬਹੁ ਚਰਚਿਤ ਆਗਾਮੀ ਪੰਜਾਬੀ ਫਿਲਮਾਂ 'ਚੱਲ ਮੇਰਾ ਪੁੱਤ 4' ਅਤੇ 'ਗੋਲਕ ਬੁਗਨੀ ਬੈਂਕ ਤੇ ਬਟੂਆ 2' ਸ਼ਾਮਿਲ ਹਨ , ਜਿਨ੍ਹਾਂ ਵਿਚ ਇਫ਼ਤਿਖਾਰ ਠਾਕੁਰ ਸਣੇ ਅਕਰਮ ਉਦਾਸ ਅਤੇ ਨਾਸਿਰ ਚਿਣਯੋਤੀ ਵੱਲੋ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

ਪਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਜਨਜੋਤ ਸਿੰਘ ਵੱਲੋ ਨਿਰਦੇਸ਼ਿਤ ਕੀਤੀਆਂ, ਉਕਤ ਫਿਲਮਾਂ ਨੂੰ ਬਹੁ-ਕਰੋੜੀ ਬਜਟ ਅਧੀਨ ਬਣਾਇਆ ਗਿਆ ਹੈ, ਇਨ੍ਹਾਂ ਦੀ ਰਿਲੀਜ਼ ਦਾ ਟਲਣਾ ਅਤੇ ਮੁਸੀਬਤ ਵਿੱਚ ਘਿਰਨਾ ਸਬੰਧਤ ਪ੍ਰੋਡੋਕਸ਼ਨ ਹਾਊਸ ਲਈ ਇਕ ਵੱਡਾ ਘਾਟਾ ਸਾਬਿਤ ਹੋ ਸਕਦਾ ਹੈ।

- ਫਿਲਮ 'ਸਰਦਾਰਜੀ 3'
ਵਾਈਟ ਹਿੱਲ ਸਟੂਡਿਓਜ਼ ਵੱਲੋ ਬਣਾਈ ਗਈ ਫਿਲਮ 'ਸਰਦਾਰਜੀ 3' ਆਗਾਮੀ ਬਹੁ-ਚਰਚਿਤ ਫ਼ਿਲਮਾਂ ਵਿੱਚੋ ਇਕ ਵੱਡੇ ਪ੍ਰੋਜੈਕਟ ਵਜੋ ਮੰਨੀ ਜਾ ਰਹੀ ਹੈ , ਜਿਸ ਵਿਚ ਦਲਜੀਤ ਦੋਸਾਂਝ ਦੇ ਅੋਪੋਜਿਟ ਹਾਨੀਆ ਆਮਿਰ ਵੱਲੋ ਲੀਡਿੰਗ ਭੂਮਿਕਾ ਨਿਭਾਈ ਗਈ ਹੈ, ਜਿਸ ਤੋਂ ਇਲਾਵਾ ਇਸ ਬਹੁ ਪ੍ਰਭਾਵੀ ਫ਼ਿਲਮ ਵਿੱਚ ਪਾਕਿਸਤਾਨ ਦੇ ਕਈ ਹੋਰ ਨਾਮਵਰ ਕਲਾਕਾਰਾਂ ਨਾਸਿਰ ਚਿਣਯੋਤੀ, ਸਲੀਮ ਅਲਬੇਲਾ ਨੂੰ ਵੀ ਸ਼ਾਮਿਲ ਕੀਤਾ ਗਿਆ, ਜਿੰਨਾਂ ਸਮੇਤ ਪੂਰੀ ਕਾਸਟ ਅਤੇ ਨਿਰਮਾਣ ਹਾਊਸ ਨੂੰ ਇਫ਼ਤਿਖਾਰ ਠਾਕੁਰ ਦੀ ਉਕਤ ਟਿੱਪਣੀ ਦਾ ਭਾਰੀ ਵਿੱਤੀ ਨੁਕਸਾਨ ਦੇ ਰੂਪ ਵਿਚ ਖਾਮਿਆਜਾ ਭੁਗਤਣਾ ਪੈ ਸਕਦਾ ਹੈ, ਕਿਉਕਿ ਉਪਜੀਆਂ ਸਿਨੇਮਾਂ ਪ੍ਰਸਥਿਤੀਆਂ ਨੇ ਰਿਲੀਜ਼ ਦੇ ਐਨ-ਮੁਹਾਨੇ ਤੇ ਪੁੱਜ ਚੁੱਕੀ ਇਸ ਫ਼ਿਲਮ ਦੇ ਸਾਹਮਣੇ ਆਉਣ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ।

- ਫਿਲਮ 'ਚਾਚਾ ਜਾਨ'
'ਫਤਹਿ ਪ੍ਰੋਡੋਕਸ਼ਨ ਦੇ ਬੈਨਰ ਹੇਠ ਵਜੂਦ ਵਿੱਚ ਲਿਆਂਦੀ ਜਾ ਰਹੀ ਇਸ ਫ਼ਿਲਮ ਦੇ ਵੀ ਉਕਤ ਸੰਦਰਭ ਵਿੱਚ ਹੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ, ਜਿਸ ਵਿਚ ਨਾਸਿਰ ਚਿਣਯੋਤੀ, ਬੱਬਲ ਰਾਏ ਅਤੇ ਪ੍ਰੀਤ ਔੰਜਲਾ ਵੱਲੋ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ । ਬਿੱਗ ਸੈੱਟਅੱਪ ਦੇ ਤਾਣੇ ਬਾਣੇ ਵਿੱਚ ਬੁਣੀ ਗਈ ਇਸ ਫ਼ਿਲਮ ਦਾ ਨਿਰਮਾਣ ਗੁਰਪਾਲ ਹੇਅਰ, ਜਦਕਿ ਨਿਰਦੇਸ਼ਨ ਤਾਜ ਦੁਆਰਾ ਕੀਤਾ ਗਿਆ ਹੈ।

ਕੀ ਹੈ ਵਿਵਾਦਿਤ ਟਿੱਪਣੀ
ਇੱਕ ਨਿੱਜੀ ਨਿਊਜ਼ ਚੈਨਲ ਮੁਤਾਬਕ ਪਹਿਲਗਾਮ ਅੱਤਵਾਦੀ ਹਮਲੇ ਤੋਂ ਕੁਝ ਦਿਨ ਬਾਅਦ, 2 ਮਈ ਨੂੰ ਪਾਕਿਸਤਾਨੀ ਟੀਵੀ ਸ਼ੋਅ 'ਤੇ ਭਾਰਤੀਆਂ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕਰਦੇ ਹੋਏ, ਇਫਤਿਖਾਰ ਠਾਕੁਰ ਨੇ ਕਿਹਾ ਸੀ ਕਿ - "ਮੈਂ ਭਾਰਤ ਨੂੰ ਇੱਕ ਪੈਗਾਮ ਦੇਣਾ ਚਾਹੁੰਦੇ ਹਨ ਕਿ "ਫਿਜ਼ਾਓਂ ਸੇ ਆਓਗੇ ਤੋ ਹਵਾ ਮੇਂ ਉੜਾ ਦੇਏ ਜਾਓਗੇ। ਸਮੰਦਰ ਕੇ ਪਾਣੀਓਂ ਸੇ ਆਓਗੇ ਤੋ ਡੂਬੋ ਦੇਏ ਜਾਓਗੇ। ਜ਼ਮੀਨੀ ਰਸਤਿਆਂ ਸੇ ਆਓਗੇ ਤੋ ਦਫ਼ਨਾ ਦੇਏ ਜਾਓਗੇ। ਭਾਵ- (ਜੇ ਤੁਸੀਂ ਹਵਾਵਾਂ ਵਿੱਚੋਂ ਲੰਘਦੇ ਹੋ, ਤਾਂ ਤੁਸੀਂ ਹਵਾ ਵਿੱਚ ਉੱਡਾ ਦਿੱਤੇ ਜਾਓਗੇ। ਜੇ ਤੁਸੀਂ ਸਮੁੰਦਰ ਦੇ ਪਾਣੀ ਵਿੱਚੋਂ ਲੰਘਦੇ ਹੋ, ਤਾਂ ਤੁਸੀਂ ਉੱਥੇ ਡੁੱਬ ਜਾਓਗੇ। ਜੇ ਤੁਸੀਂ ਜ਼ਮੀਨੀ ਰਸਤਿਆਂ ਵਿੱਚੋਂ ਆਉਂਦੇ ਹੋ, ਤਾਂ ਤੁਹਾਨੂੰ ਦਫ਼ਨਾ ਦਿੱਤਾ ਜਾਏਗਾ।)"
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਯੂਜ਼ਰ ਵਲੋਂ ਸ਼ੇਅਰ ਕੀਤੀ ਗਈ।
ਦੱਜ ਦਈਏ ਕਿ ਇਸ ਤੋਂ ਬਾਅਦ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਦੇਵ ਖਰੋੜ ਵਰਗੇ ਪੰਜਾਬੀ ਕਲਾਕਾਰਾਂ ਵਲੋਂ ਇਫਤਿਖਾਰ ਠਾਕੁਰ ਦੇ ਬਿਆਨਾਂ ਦੀ ਨਿਖੇਧੀ ਕੀਤੀ ਗਈ ਹੈ।