ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਜਹਾਨੋਂ ਤੁਰ ਗਏ ਨੂੰ ਅੱਜ ਲਗਭਗ ਤਿੰਨ ਸਾਲਾਂ ਦਾ ਸਮਾਂ ਬੀਤ ਚੁੱਕਾ ਹੈ, ਪਰ ਉਸ ਦੇ ਗਾਣਿਆ ਦਾ ਅਸਰ ਅੱਜ ਵੀ ਸੰਗੀਤਕ ਫਿਜ਼ਾਵਾਂ 'ਚ ਬਰਕਰਾਰ ਹੈ, ਜਿੰਨ੍ਹਾਂ ਦੇ ਪਹਿਲੋਂ ਰਿਕਾਰਡ ਹੋਏ ਗਾਣਿਆ ਵਿੱਚੋਂ ਹੀ ਇੱਕ ਅਹਿਮ ਗੀਤ ਕੱਲ੍ਹ 11 ਜੂਨ ਯਾਨੀ ਗਾਇਕ ਦੇ ਜਨਮਦਿਨ ਉਤੇ ਰਿਲੀਜ਼ ਹੋਣ ਜਾ ਰਿਹਾ ਹੈ, ਜੋ ਜਿਉਂਦਿਆਂ ਅਤੇ ਮੌਤ ਬਾਅਦ ਉਸ ਦਾ ਵੱਖ-ਵੱਖ ਪੱਖੋਂ ਲਾਹਾ ਲੈਣ ਵਾਲਿਆ ਨੂੰ ਸਮਰਪਿਤ ਹੋਵੇਗਾ।
"ਸਿੱਧੂ ਮੂਸੇ ਵਾਲਾ" ਸੰਗੀਤਕ ਲੇਬਲ ਉਪਰ ਪੇਸ਼ ਕੀਤੇ ਜਾ ਰਹੇ ਇਸ ਪ੍ਰਭਾਵਪੂਰਨ ਗਾਣੇ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਸਿੱਧੂ ਮੂਸੇਵਾਲਾ ਵੱਲੋਂ ਖੁਦ ਹੀ ਅੰਜ਼ਾਮ ਦਿੱਤੀ ਗਈ, ਜੋ ਹਾਲ ਹੀ ਵਿੱਚ ਰਿਲੀਜ਼ ਹੋਏ 'ਲੌਕ' ਦੀ ਸੁਪਰ ਸਫ਼ਲਤਾ ਬਾਅਦ ਇਸ ਵਰ੍ਹੇ ਬੈਕ-ਟੂ-ਬੈਕ ਜਾਰੀ ਹੋਣ ਵਾਲਾ ਦੂਜਾ ਗਾਣਾ ਹੋਵੇਗਾ, ਜਿਸ ਨੂੰ ਵੱਡੇ ਪੱਧਰ ਉੱਪਰ ਸਾਹਮਣੇ ਲਿਆਂਦਾ ਜਾ ਰਿਹਾ ਹੈ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਨੂੰ ਲੈ ਕੇ ਬੇਹੱਦ ਇਮੌਸ਼ਨਲ ਨਜ਼ਰ ਆ ਰਹੇ ਹਨ ਉਸ ਦੇ ਪਿਤਾ ਬਲਕੌਰ ਸਿੰਘ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੇ ਜਿਉਂਦੇ ਕਈ ਲੋਕ ਉਨ੍ਹਾਂ ਦੇ ਬੇਟੇ ਦੀ ਮੌਤ ਦਾ ਵੱਖੋਂ-ਵੱਖ ਢੰਗ ਤਰੀਕਿਆਂ ਦੇ ਰੂਪ ਵਿੱਚ ਲਾਹਾ ਲੈਂਦੇ ਰਹੇ ਹਨ, ਜਿੰਨ੍ਹਾਂ ਦੇ ਇਸ ਲਾਲਚੀਪਣ ਭਰੇ ਰਵੱਈਆ ਦਾ ਸਿਲਸਿਲਾ ਹਾਲੇ ਵੀ ਥਮ ਨਹੀਂ ਰਿਹਾ।
ਉਨ੍ਹਾਂ ਹੋਰ ਵਿਸਥਾਰਕ ਮਨੀ ਵਲਵਲਿਆਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹਨਾਂ ਦੇ ਸਪੁੱਤਰ ਸਿੱਧੂ ਮੂਸੇਵਾਲਾ ਦੇ ਮਰਨ ਬਾਅਦ ਉਸ ਦੇ ਮੌਢੇ ਨੇਮ-ਫੇਮ ਲੈਣ ਵਾਲਿਆਂ ਦੀ ਕਤਾਰ ਲੰਮੀ ਹੁੰਦੀ ਜਾ ਰਹੀ ਹੈ, ਜੋ ਕਦੇ ਉਸ ਦੀ ਕਿਤਾਬ, ਕਦੇ ਫਿਲਮ ਅਤੇ ਕਦੇ ਡਾਕੂਮੈਂਟਰੀ ਅਤੇ ਕੋਈ ਮੇਲਿਆ ਦੇ ਰੂਪ ਵਿੱਚ, ਉਨ੍ਹਾਂ ਦੀ ਨਾ ਸਹਿਮਤੀ ਦੇ ਬਾਵਜੂਦ ਅੰਜ਼ਾਮ ਦੇਣ ਵਿੱਚ ਜੁਟੇ ਹੋਏ ਹਨ, ਜਿੰਨ੍ਹਾਂ ਦੇ ਇਸ ਸਵਾਰਥੀਪਣ ਉਤੇ ਕੇਂਦਰਿਤ ਹੋਵੇਗਾ ਉਸ ਦਾ ਇਹ ਨਵਾਂ ਗਾਣਾ, ਜਿਸ ਵਿੱਚ ਉਨ੍ਹਾਂ ਸਾਰਿਆਂ ਨੂੰ ਜਵਾਬ ਦਿੱਤਾ ਜਾਵੇਗਾ, ਜੋ ਉਸ ਦੇ ਬੇਟੇ ਦੇ ਸਿਵਿਆਂ ਦੀ ਉਸ ਅੱਗ ਉਤੇ ਹਾਲੇ ਵੀ ਰੋਟੀਆਂ ਸੇਕ ਰਹੇ ਹਨ, ਜੋ ਉਨ੍ਹਾਂ ਦੇ ਮਨਾਂ ਅਤੇ ਦਿਲਾਂ ਵਿੱਚ ਹਾਲੇ ਵੀ ਬਲ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮੌਤ ਤੋਂ ਪਹਿਲਾਂ ਵੀ ਅਕਸਰ ਉਨ੍ਹਾਂ ਨਾਲ ਉਕਤ ਸੰਬੰਧੀ ਗਿਲਾ ਅਤੇ ਜ਼ਿਕਰ ਕਰਦਾ ਰਹਿੰਦਾ ਸੀ ਅਤੇ ਇਸੇ ਸੰਬੰਧੀ ਉਸ ਨੇ ਸੰਬੰਧਤ ਲੋਕਾਂ ਨੂੰ ਨਸੀਹਤ ਦੇਣ ਲਈ ਗਾਣਾ ਵੀ ਰਿਕਾਰਡ ਕਰਵਾਇਆ ਸੀ, ਪਰ ਉਨ੍ਹਾਂ ਆਪਣੇ ਬੇਟੇ ਨੂੰ ਸਮਝਾਅ ਕੇ ਇਹ ਗਾਣਾ ਰਿਲੀਜ਼ ਨਾ ਕਰਨ ਲਈ ਮਨਾ ਲਿਆ ਸੀ, ਪਰ ਹੁਣ ਜਦ ਲੋਕ ਉਕਤ ਦਿਸ਼ਾ ਵਿੱਚ ਅਪਣੇ ਰਵੱਈਏ ਨੂੰ ਉਨ੍ਹਾਂ ਦੇ ਵਾਰ-ਵਾਰ ਇਲਤਜਾ ਕਰਨ ਦੇ ਬਾਵਜੂਦ ਬਦਲ ਨਹੀਂ ਰਹੇ ਤਾਂ ਮਜ਼ਬੂਰ ਹੋ ਕੇ ਉਹ ਇਸ ਗਾਣੇ ਨੂੰ ਰਿਲੀਜ਼ ਕਰਨ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਉਕਤ ਗਾਣਾ, ਉਸ ਨਵੇਂ ਈਪੀ ਦਾ ਹਿੱਸਾ ਹੋਵੇਗਾ, ਜਿਸ ਦੇ ਗਾਣਿਆ ਨੂੰ ਅਗਲੇ ਦਿਨਾਂ ਦਰਮਿਆਨ ਪੜਾਅ ਦਰ ਪੜਾਅ ਸਰੋਤਿਆ, ਦਰਸ਼ਕਾਂ ਅਤੇ ਸਿੱਧੂ ਦੇ ਚਾਹੁੰਣ ਵਾਲਿਆ ਦੇ ਸਨਮੁੱਖ ਕੀਤਾ ਜਾਵੇਗਾ।
ਇਹ ਵੀ ਪੜ੍ਹੋ: