ਲੁਧਿਆਣਾ: ਲੁਧਿਆਣਾ ਵਿੱਚ ਅੱਜ ਗਾਇਕ ਹਾਕਮ ਬਖਤੜੀ, ਸੰਗੀਤ ਨਿਰਮਾਤਾ ਇੰਦੀ ਬਿਲਿੰਗ ਅਤੇ ਕੁਝ ਹੋਰ ਕਲਾਕਾਰਾਂ ਅਤੇ ਵਕੀਲਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਪੰਜਾਬੀ ਗਾਇਕ ਹਸਨ ਮਾਣਕ ਨੂੰ ਲੈ ਕੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਸਾਲ 2022 ਦੇ ਵਿੱਚ ਹਸਨ ਮਾਣਕ ਵੱਲੋਂ ਉਹਨਾਂ ਦੀ ਕੰਪਨੀ ਦੇ ਨਾਲ ਕਰਾਰ ਕੀਤਾ ਗਿਆ ਸੀ ਕਿ 2029 ਤੱਕ ਉਹ ਸਾਡੀ ਹੀ ਕੰਪਨੀ ਦੇ ਨਾਲ ਸਾਰੇ ਅਖਾੜੇ ਅਤੇ ਸ਼ੋਅ ਕਰੇਗਾ ਪਰ ਉਸਨੇ ਇਹ ਕਰਾਰ ਤੋੜ ਦਿੱਤਾ, ਜਿਸ ਕਰਕੇ ਅਦਾਲਤ ਦੇ ਵਿੱਚ ਉਹਨਾਂ ਵੱਲੋਂ ਕੇਸ ਕੀਤਾ ਗਿਆ ਹੈ ਅਤੇ ਨਾਲ ਹੀ ਮਾਣਹਾਨੀ ਦਾ ਦਾਅਵਾ ਵੀ ਕੀਤਾ ਗਿਆ ਹੈ, ਜਿਸ ਦੀ ਲਗਾਤਾਰ ਸੁਣਵਾਈਆਂ ਚੱਲ ਰਹੀਆਂ ਹਨ।
ਗਾਇਕ ਹਾਕਮ ਬਖਤੜੀ ਨੇ ਕਿਹਾ ਕਿ ਕੰਪਨੀਆਂ ਦੇ ਨਾਲ ਸਾਡਾ ਸ਼ੁਰੂ ਤੋਂ ਹੀ ਨਾਤਾ ਰਿਹਾ ਹੈ ਪਰ ਪੈਸੇ ਦੀ ਚਕਾਚੌਂਦ ਨੇ ਕੁਝ ਕਲਾਕਾਰਾਂ ਨੂੰ ਇੰਨਾ ਵੱਡਾ ਬਣਾ ਦਿੱਤਾ ਹੈ ਕਿ ਉਹ ਆਪਣਾ ਪਿਛੋਕੜ ਭੁੱਲ ਜਾ ਰਹੇ ਹਨ ਕਿ ਉਹਨਾਂ ਨੇ ਆਪਣਾ ਕੰਮ ਕਿੱਥੋਂ ਸ਼ੁਰੂ ਕੀਤਾ ਸੀ।
ਪ੍ਰੈਸ ਕਾਨਫਰੰਸ 'ਚ ਕੁਲਦੀਪ ਮਾਣਕ ਦੇ ਨਾਲ ਕੰਮ ਕਰ ਚੁੱਕੇ ਇੱਕ ਗਾਇਕ ਨੇ ਵੀ ਕਿਹਾ ਕਿ ਆਪਸੀ ਮਿਲ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਦੀ ਹੋਂਦ ਕਲਾਕਾਰਾਂ ਬਿਨ੍ਹਾਂ ਨਹੀਂ ਹੈ ਅਤੇ ਕਲਾਕਾਰਾਂ ਦੀ ਹੋਂਦ ਵੀ ਕੰਪਨੀਆਂ ਤੋਂ ਬਿਨ੍ਹਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਲਾਂ ਤੋਂ ਗਾਉਂਦੇ ਆ ਰਹੇ ਹਾਂ ਅਤੇ ਦਰਜਨਾਂ ਕੰਪਨੀਆਂ ਨਾਲ ਕੰਮ ਕਰ ਚੁੱਕੇ ਹਾਂ।
ਹਾਲਾਂਕਿ ਇਸ ਸੰਬੰਧੀ ਜਦੋਂ ਸੰਬੰਧਤ ਕੰਪਨੀਆਂ ਅਤੇ ਕਲਾਕਾਰਾਂ ਦੇ ਵਕੀਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ, ਉਹਨਾਂ ਕਿਹਾ ਕਿ ਸਾਡੇ ਕੋਲ ਬਕਾਇਦਾ ਹਸਨ ਮਾਣਕ ਵੱਲੋਂ ਸਾਈਨ ਕੀਤੇ ਹੋਏ ਅਸਟਾਮ ਹਨ, ਜਿੰਨ੍ਹਾਂ ਦੇ ਵਿੱਚ 2029 ਤੱਕ ਦਾ ਉਸਨੇ ਕਰਾਰ ਕੀਤਾ ਹੋਇਆ ਹੈ। ਪਰ ਕਰਾਰ ਹੋਣ ਦੇ ਬਾਵਜੂਦ ਉਹ ਹੋਰਨਾਂ ਕੰਪਨੀਆਂ ਦੇ ਨਾਲ ਸ਼ੋਅ ਕਰ ਰਿਹਾ ਹੈ, ਉਹਨਾਂ ਕਿਹਾ ਕਿ ਜਿਸ ਕਰਕੇ ਕੰਪਨੀਆਂ ਨੂੰ ਵੱਡਾ ਨੁਕਸਾਨ ਹੋਇਆ ਹੈ, ਜਿਸ ਦਾ ਮਾਣਹਾਣੀ ਦਾ ਅਦਾਲਤ ਦੇ ਵਿੱਚ ਦਾਅਵਾ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੀ ਜਿਹੜੀ ਕੰਪਨੀ ਨਾਲ ਉਹ ਹੁਣ ਜੁੜ ਰਿਹਾ ਹੈ ਅਸੀਂ ਉਹਨਾਂ ਕੰਪਨੀਆਂ ਨੂੰ ਵੀ ਇਸ ਕੇਸ ਦੇ ਵਿੱਚ ਨਾਲ ਜੋੜਾਂਗੇ। ਹਾਲਾਂਕਿ ਇਸ ਸੰਬੰਧੀ ਜਦੋਂ ਹਸਨ ਮਾਣਕ ਨਾਲ ਫੋਨ ਉਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਵੀ ਕਰਾਰ ਦਾ ਮਾਮਲਾ ਹੈ, ਉਹ ਕੇਸ ਕੋਰਟ ਦੇ ਵਿੱਚ ਚੱਲ ਰਿਹਾ ਹੈ, ਉਨ੍ਹਾਂ ਕਿਹਾ ਕਿ ਅਦਾਲਤ ਹੀ ਇਸ ਉਤੇ ਸਹੀ ਫੈਸਲਾ ਕਰੇਗੀ ਪਰ ਉਹਨਾਂ ਕਿਹਾ ਕਿ ਉਹਨਾਂ ਉਤੇ ਨਿੱਜੀ ਤੌਰ ਉਤੇ ਇਲਜ਼ਾਮਬਾਜ਼ੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਦੇ ਨਾਲ ਪਰਿਵਾਰਿਕ ਮਸਲਿਆਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਘੜੀਸਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਗਲਤ ਹਨ, ਇਸ ਦੀ ਉਹ ਨਿਖੇਧੀ ਕਰਦੇ ਹਨ, ਇਸ ਦੇ ਨਾਲ ਹੀ ਉਹਨਾਂ ਨੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।
ਇਹ ਵੀ ਪੜ੍ਹੋ: