ਚੰਡੀਗੜ੍ਹ: ਪੰਜਾਬੀ ਸਿਨੇਮਾ ਦਾ ਕਿਸੇ ਸਮੇਂ ਮਹਿਜ ਕਾਮੇਡੀ ਫਿਲਮਾਂ ਤੱਕ ਸੀਮਤ ਰਿਹਾ ਦਾਇਰਾ ਅੱਜਕੱਲ੍ਹ ਵੰਨ-ਸੁਵੰਨੀਆਂ ਫਿਲਮਾਂ ਦੀ ਸਿਰਜਨਾ ਨਾਲ ਕਾਫ਼ੀ ਵਿਸ਼ਾਲਤਾ ਭਰਿਆ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਜਿਸ ਦੇ ਸ਼ਾਨਮੱਤੇ ਹੋ ਰਹੇ ਵਿਹੜੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਇੰਨੀਂ ਦਿਨੀਂ ਲਗਾਤਾਰ ਸਾਹਮਣੇ ਆ ਰਹੀਆਂ ਧਾਰਮਿਕ ਅਤੇ ਪਰਿਵਾਰਿਕ ਫਿਲਮਾਂ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਹੀ ਵੱਧ ਰਹੇ ਆਫ-ਬੀਟ ਫਿਲਮਾਂ ਦੇ ਇਸ ਘੇਰੇ ਵੱਲ ਆਓ ਮਾਰਦੇ ਹਾਂ ਇਕ ਸਰਸਰੀ ਝਾਤ:
ਉੱਚਾ ਦਰ ਬਾਬੇ ਨਾਨਕ ਦਾ: ਹਾਲ ਹੀ ਵਿੱਚ ਸਾਹਮਣੇ ਆਈ 'ਨਾਨਕ ਨਾਮ ਜਹਾਜ਼ ਹੈ' ਤੋਂ ਬਾਅਦ ਇਸ ਵਰ੍ਹੇ ਰਿਲੀਜ਼ ਹੋਈ ਇੱਕ ਹੋਰ ਵੱਡੀ ਅਤੇ ਅਜਿਹੀ ਪਰਿਵਾਰਿਕ-ਧਾਰਮਿਕ ਫਿਲਮ ਹੈ, ਜਿਸ ਨੂੰ ਕਮਰਸ਼ਿਅਲ ਸਿਨੇਮਾ ਦੀ ਸ਼੍ਰੇਣੀ ਤੋਂ ਇਕਦਮ ਲਾਂਭੇ ਹੋ ਕੇ ਸਿਰਜਿਆ ਗਿਆ ਹੈ। 'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਗਈ ਉਕਤ ਅਰਥ-ਭਰਪੂਰ ਅਤੇ ਧਾਰਮਿਕ ਫਿਲਮ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਤਰਨ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈਸ ਆਈ ਸਟੂਡੈਂਟ' ਜਿਹੀਆਂ ਕਈ ਸਫਲ ਅਤੇ ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਹਿੱਸਿਆਂ ਵਿੱਚ ਜਿਆਦਾਤਰ ਫਿਲਮਾਈ ਗਈ ਇਸ ਖੂਬਸੂਰਤ ਫਿਲਮ ਵਿੱਚ ਦੇਵ ਖਰੌੜ, ਮੋਨਿਕਾ ਗਿੱਲ, ਯੋਗਰਾਜ ਸਿੰਘ, ਇਸ਼ਾ ਰਿਖੀ, ਕਿੰਮੀ ਵਰਮਾ, ਕਮਲਜੀਤ ਨੀਰੂ, ਹਰਜ ਨਾਗਰਾ, ਹਰਬੀ ਸੰਘਾ, ਬਲਵਿੰਦਰ ਅਟਵਾਲ, ਨਗਿੰਦਰ ਗੱਖੜ, ਗੁਰਨਾਜਰ ਕੌਰ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਨਿਭਾਏ ਗਏ ਹਨ।
ਆਖ਼ਰੀ ਬਾਬੇ: ਪੰਜਾਬੀ ਸਿਨੇਮਾ ਦੇ ਮਾਣਮੱਤੇ ਹੋ ਰਹੇ ਮੁਹਾਂਦਰੇ ਨੂੰ ਹੀ ਹੀ ਹੋਰ ਪ੍ਰਭਾਵੀ ਨਕਸ਼ ਦੇਣ ਜਾ ਰਹੀ ਹੈ, ਉਕਤ ਲੜੀ ਤਹਿਤ ਹੀ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਆਖ਼ਰੀ ਬਾਬੇ', ਜਿਸ ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਜਾ ਰਿਹਾ ਹੈ।
'ਖੇਲਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਗ੍ਰੈਂਡ ਪਾ ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਧਾਰਮਿਕ ਕਦਰਾਂ-ਕੀਮਤਾਂ ਅਤੇ ਪੁਰਾਤਨ ਵੰਨਗੀਆਂ ਨੂੰ ਕਾਫ਼ੀ ਤਵੱਜੋਂ ਦਿੱਤੀ ਜਾ ਰਹੀ ਹੈ।
ਅਰਦਾਸ ਸਰਬੱਤ ਦੇ ਭਲੇ ਦੀ: ਧਾਰਮਿਕ ਅਤੇ ਪਰਿਵਾਰਿਕ ਫਿਲਮਾਂ ਦੇ ਵੱਧ ਰਹੇ ਸਿਲਸਿਲੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਗਿੱਪੀ ਗਰੇਵਾਲ ਪ੍ਰੋਡੋਕਸ਼ਨ ਵੱਲੋਂ ਬਿੱਗ ਸੈੱਟਅੱਪ ਅਧੀਨ ਨਿਰਮਤ ਕੀਤੀ ਗਈ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਜੋ ਜਲਦੀ ਹੀ ਦੇਸ਼-ਵਿਦੇਸ਼ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਜੀਓ ਸਟੂਡਿਓਜ਼', 'ਹੰਬਲ ਮੋਸ਼ਨ ਪਿਕਚਰਜ਼' ਅਤੇ 'ਪਨੋਰਮਾ ਸਟੂਡਿਓਜ' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਨਿਰਮਲ ਰਿਸ਼ੀ, ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਮਲਕੀਤ ਰੌਣੀ, ਜੱਗੀ ਸਿੰਘ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰਘੂਬੀਰ ਬੋਲੀ, ਰਵਨੀਤ ਸੋਹਲ, ਰਵਿੰਦਰ ਮੰਡ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।
ਬੀਬੀ ਰਜਨੀ: ਸਾਲ 2024 ਦੀ ਇੱਕ ਹੋਰ ਸ਼ਾਨਦਾਰ ਸਿਨੇਮਾ ਸਿਰਜਨਾ ਵਜੋਂ ਸਾਹਮਣੇ ਆਉਣ ਜਾ ਰਹੀ ਹੈ ਧਾਰਮਿਕ ਫਿਲਮ 'ਬੀਬੀ ਰਜਨੀ' ਜਿਸ ਦਾ ਨਿਰਮਾਣ 'ਮੈਡ 4 ਫਿਲਮਜ਼' ਵੱਲੋਂ ਕੀਤਾ ਗਿਆ ਹੈ। ਸਿੱਖ ਇਤਿਹਾਸ ਅਤੇ ਸਿਧਾਂਤਾਂ ਦੁਆਲੇ ਬੁਣੀ ਗਈ ਅਤੇ ਆਸਥਾ ਦਾ ਪ੍ਰਤੀਕ ਮੰਨੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਇਸ ਬਿਹਤਰੀਨ ਫਿਲਮ ਵਿੱਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਭੰਗੂ ਆਦਿ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।