ਰਿਲੀਜ਼ ਹੋਏ ਇਸ ਨਵੇਂ ਗਾਣੇ ਨਾਲ ਮੁੜ ਚਰਚਾ 'ਚ ਜੋਸ਼ ਬਰਾੜ, ਹਰ ਪਾਸਿਓ ਮਿਲ ਰਿਹਾ ਭਰਵਾਂ ਹੁੰਗਾਰਾ
ਹਾਲ ਹੀ ਵਿੱਚ ਗਾਇਕ ਜੋਸ਼ ਬਰਾੜ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

By ETV Bharat Entertainment Team
Published : May 23, 2025 at 1:30 PM IST
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵੱਲ ਵੱਧ ਰਿਹਾ ਹੈ ਨੌਜਵਾਨ ਗਾਇਕ ਜੋਸ਼ ਬਰਾੜ, ਜੋ ਰਿਲੀਜ਼ ਹੋਏ ਅਪਣੇ ਨਵੇਂ ਗਾਣੇ 'ਹਾਰਟ ਐਂਡ ਪੇਨ' ਨੂੰ ਲੈ ਕੇ ਫਿਰ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਹੋਏ ਹਨ, ਜਿੰਨ੍ਹਾਂ ਦੇ ਇਸ ਇੱਕ ਹੋਰ ਖੂਬਸੂਰਤ ਗੀਤ ਨੂੰ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਗੁਲਸ਼ਨ ਕੁਮਾਰ' ਅਤੇ 'ਟੀ-ਸੀਰੀਜ਼' ਵੱਲੋਂ ਪੇਸ਼ ਕੀਤੇ ਗਏ ਅਤੇ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਇਸ ਗਾਣੇ ਦੇ ਪ੍ਰੋਜੈਟਰ ਬੰਟੀ ਬੈਂਸ ਹਨ, ਜੋ ਬਤੌਰ ਗੀਤਕਾਰ ਅਤੇ ਪੇਸ਼ਕਰਤਾ ਬੇਸ਼ੁਮਾਰ ਉਭਰਦੇ ਗਾਇਕਾਂ ਨੂੰ ਸਟਾਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿੰਨ੍ਹਾਂ ਦੁਆਰਾ ਅੱਜਕੱਲ੍ਹ ਜੋਸ਼ ਬਰਾੜ ਦੇ ਕਰੀਅਰ ਨੂੰ ਸੰਵਾਰਨ ਲਈ ਵੀ ਤਰੱਦਦਸ਼ੀਲਤਾ ਨਾਲ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਅਤੇ ਸ਼ਬਦ ਰਚਨਾ ਵੀ ਜੋਸ਼ ਬਰਾੜ ਦੁਆਰਾ ਖੁਦ ਅੰਜ਼ਾਮ ਦਿੱਤੀ ਗਈ ਹੈ। ਬਿਹਤਰੀਨ ਸੰਗੀਤਕ ਸਿਰਜਨਾਤਮਕਤਾ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਅਗਮ ਮਾਨ ਅਤੇ ਅਸੀਮ ਮਾਨ ਦੁਆਰਾ ਕੀਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਅਸਰ ਵਧਾਉਂਦਾ ਜਾ ਰਿਹਾ ਹੈ ਉਕਤ ਇਹ ਗੀਤ, ਜਿਸ ਸੰਬੰਧਤ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਕੁਲਮੀਤ ਭਾਰਗਵ ਤੋਂ ਇਲਾਵਾ ਸਿਨੇਮਾਟੋਗ੍ਰਾਫ਼ਰ ਸ਼ਿੰਦਾ ਸਿੰਘ, ਕੋਰਿਓਗ੍ਰਾਫ਼ਰ ਜੋਹਨ, ਕਲਾ ਨਿਰਦੇਸ਼ਕ ਸੋਨੂੰ ਆਰਟਸ, ਕਾਸਟਿਊਮ ਅਤੇ ਸਟਾਈਲ ਡਿਜ਼ਾਈਨਰ ਕੁਲਵੀਨ ਦਾ ਵੀ ਖਾਸ ਯੋਗਦਾਨ ਰਿਹਾ ਹੈ।
ਸਾਲ 2024 ਵਿੱਚ ਰਿਲੀਜ਼ ਹੋਏ ਅਪਣੇ ਡੈਬਿਊ ਟ੍ਰੈਕ "ਤੇਰੇ ਬਿਨ੍ਹਾਂ ਨਾ ਗੁਜ਼ਰਾ ਏ" ਨਾਲ ਪੰਜਾਬੀ ਸੰਗੀਤ ਜਗਤ ਦਾ ਹਿੱਸਾ ਬਣੇ ਜੋਸ਼ ਬਰਾੜ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਨ ਵਿੱਚ ਸਫ਼ਲ ਰਹੇ ਹਨ, ਜੋ ਅਪਣੇ ਪਿਤਾ ਮਰਹੂਮ ਰਾਜ ਬਰਾੜ ਦੀ ਸੰਗੀਤਕ ਵਿਰਾਸਤ ਨੂੰ ਹੋਰ ਮਾਣਮੱਤੇ ਅਯਾਮ ਦੇਣ ਦਾ ਰਾਹ ਵੀ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ। ਯੂਕੇ ਏਸ਼ੀਅਨ ਮਿਊਜ਼ਿਕ ਚਾਰਟਸ 'ਤੇ ਧੂਮ ਮਚਾਉਣ ਵਾਲੇ ਇਹ ਹੋਣਹਾਰ ਗਾਇਕ ਕੈਨੇਡਾ ਬਿਲਬੋਰਡ ਉਪਰ ਵੀ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੇ ਹਨ।
ਇਹ ਵੀ ਪੜ੍ਹੋ:

