ਚੰਡੀਗੜ੍ਹ: ਸੋਸ਼ਲ ਪਲੇਟਫਾਰਮ ਦੀ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕਾ ਹੈ ਅਦਾਕਾਰ ਜੱਸ ਢਿੱਲੋਂ, ਜੋ ਇੱਕ ਵਾਰ ਫਿਰ ਸਿਲਵਰ ਸਕਰੀਨ ਉਤੇ ਪ੍ਰਭਾਵੀ ਦਸਤਕ ਦੇਣ ਲਈ ਤਿਆਰ ਹੈ, ਜਿਸ ਦੇ ਪਾਲੀਵੁੱਡ ਖਿੱਤੇ ਵਿੱਚ ਜੰਮ ਰਹੇ ਕਦਮਾਂ ਦਾ ਅਹਿਸਾਸ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਤਾਰੋ ਪਾਰ', ਜਿਸ ਨੂੰ ਜਲਦ ਹੀ ਦੇਸ਼-ਵਿਦੇਸ਼ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ।
'ਕੌਰ ਬੁੱਟਰਸ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਅਰਥ-ਭਰਪੂਰ ਫਿਲਮ ਦਾ ਲੇਖਨ ਸੁੱਖੀ ਢਿੱਲੋਂ, ਜਦਕਿ ਨਿਰਦੇਸ਼ਨ ਐਮ ਹੁੰਦਲ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਭਾਵਪੂਰਨ ਫਿਲਮ ਨਾਲ ਪਾਲੀਵੁੱਡ ਵਿੱਚ ਅਪਣੀ ਪ੍ਰਭਾਵੀ ਡਾਇਰੈਕਟੋਰੀਅਲ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਫਾਰਮੂਲਾ ਫਿਲਮਾਂ ਦੀ ਲਕੀਰ ਤੋਂ ਅਲਹਦਾ ਹੱਟ ਕੇ ਬੁਣੀ ਗਈ ਉਕਤ ਫਿਲਮ ਵਿੱਚ ਅਦਾਕਾਰ ਸੋਨਪ੍ਰੀਤ ਜਵੰਦਾ ਅਤੇ ਅਦਾਕਾਰਾ ਹਿਨਾ ਭਾਟੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਿੰਪਲ ਢੀਂਢਸਾ, ਜੀਤੂ ਸਰਾਂ, ਬਲਵਿੰਦਰ ਧਾਲੀਵਾਲ, ਹਰਮੇਸ਼ ਗੁਰੂ, ਕੁਲਬੀਰ ਮੁਸ਼ਕਾਬਾਦ, ਸਹਿਜ ਕੌਰ, ਨਿਸੂ, ਦਿਲਾਵਰ ਸਿੱਧੂ, ਮੀਨੂੰ ਸ਼ਰਮਾ ਵੱਲੋਂ ਵੀ ਮਹੱਤਵਪੂਰਨ ਰੋਲ ਅਦਾ ਕੀਤੇ ਗਏ ਹਨ।
ਪੰਜਾਬੀਅਤ ਦੇ ਵੱਖ-ਵੱਖ ਰੰਗਾਂ ਨੂੰ ਪ੍ਰਤੀਬਿੰਬ ਕਰਦੀ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਣਗੇ ਅਦਾਕਾਰ ਜੱਸ ਢਿੱਲੋਂ, ਜੋ ਇੱਕ ਸਾਲ ਦੇ ਵਕਫ਼ੇ ਬਾਅਦ ਪਾਲੀਵੁੱਡ ਵਿੱਚ ਆਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਆਈ ਫਿਲਮ 'ਰੋਡੇ ਕਾਲਜ' ਵਿੱਚ ਨਿਭਾਈ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਯੂਟਿਊਬ ਦੀ ਪਾਪੂਲਰ ਕਾਮੇਡੀ ਸੀਰੀਜ਼ 'ਮਾਲਦਾਰ ਛੜਾ' ਨਾਲ ਲਾਈਮ ਲਾਈਟ ਵਿੱਚ ਆਏ ਜੱਸ ਢਿੱਲੋਂ ਅੱਜਕੱਲ੍ਹ ਸੋਸ਼ਲ ਪਲੇਟਫ਼ਾਰਮ ਦੇ ਚਰਚਿਤ ਚਿਹਰੇ ਵਜੋਂ ਜਾਣੇ ਜਾਂਦੇ ਹਨ, ਜੋ ਡੀਪੀ ਮਾਸਟਰ ਸਮੇਤ ਕਈ ਸੀਰੀਜ਼ ਵਿੱਚ ਇੰਨੀ ਦਿਨੀਂ ਮਹੱਤਵਪੂਰਨ ਕਿਰਦਾਰ ਪਲੇਅ ਕਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਸਿਨੇਮਾ ਦੇ ਖੇਤਰ ਵਿੱਚ ਧੱਕ ਪੜ੍ਹਾਅ ਦਰ ਪੜਾਅ ਹੋਰ ਅਸਰਦਾਇਕ ਰੰਗ ਅਖ਼ਤਿਆਰ ਕਰਦੀ ਜਾ ਰਹੀ ਹੈ।
ਇਹ ਵੀ ਪੜ੍ਹੋ: